ਮੰਡੀਆਂ 'ਚ ਲੱਗੇ ਫਸਲ ਦੇ ਅੰਬਾਰ, ਬੋਲੀ ਨਾ ਲੱਗਣ ਕਾਰਨ ਕਿਸਾਨ ਪ੍ਰੇਸ਼ਾਨ
Friday, Apr 13, 2018 - 12:27 AM (IST)

ਤਪਾ ਮੰਡੀ, (ਸ਼ਾਮ, ਗਰਗ)— ਬੀਤੇ ਕੁਝ ਦਿਨਾਂ ਤੋਂ ਸੂਬੇ 'ਚ ਪੈ ਰਹੇ ਮੀਂਹ ਨੇ ਜਿਥੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ, ਉਥੇ ਸਬ-ਡਵੀਜ਼ਨ ਦੀਆਂ ਮੰਡੀਆਂ 'ਚ ਕਣਕ ਦੇ ਅੰਬਾਰ ਲੱਗ ਗਏ ਹਨ ਅਤੇ ਜਿਸ ਕਾਰਨ 4-5 ਦਿਨ ਤੋਂ ਕਿਸਾਨ ਫਸਲ ਮੰਡੀ 'ਚ ਲੈ ਕੇ ਬੈਠੇ ਪ੍ਰੇਸ਼ਾਨ ਹੋ ਰਹੇ ਹਨ। ਮੁੱਖ ਯਾਰਡ ਤਪਾ ਦਾ ਦੌਰਾ ਕਰਨ 'ਤੇ ਉਥੇ ਬੈਠੇ ਕਿਸਾਨਾਂ ਕੁਲਦੀਪ ਸਿੰਘ, ਹਰਦਿਆਲ ਸਿੰਘ, ਹਰਪਾਲ ਸਿੰਘ, ਬਲਵੀਰ ਸਿੰਘ, ਹਰਭਜਨ ਸਿੰਘ, ਮਲਕੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 5 ਦਿਨਾਂ ਤੋਂ ਮੰਡੀ 'ਚ ਕਣਕ ਲੈ ਕੇ ਬੈਠੇ ਹਨ, ਜੋ ਕਿ ਬਿਲਕੁਲ ਸੁੱਕੀ ਪਈ ਹੈ ਪਰ ਖਰੀਦ ਏਜੰਸੀਆਂ ਦੇ ਇੰਸਪੈਕਟਰ ਇਹ ਕਹਿ ਕੇ ਫਸਲ ਛੱਡ ਜਾਂਦੇ ਹਨ ਕਿ ਇਸ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੈ। ਜਦੋਂਕਿ ਕਿਸਾਨਾਂ ਅਨੁਸਾਰ ਫਸਲ 'ਚ ਨਮੀ ਦੀ ਮਾਤਰਾ 12 ਫੀਸਦੀ ਹੈ। ਉਨ੍ਹਾਂ ਸਰਕਾਰ ਪ੍ਰਤੀ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਕਿਸਾਨਾਂ ਨੂੰ ਮੌਸਮ ਦੀ ਮਾਰ ਝੱਲਣੀ ਪਈ ਹੈ ਅਤੇ ਉੱਪਰੋਂ ਸਰਕਾਰ ਦੀਆਂ ਨਵੀਆਂ ਹਦਾਇਤਾਂ ਨੇ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕਣਕ ਦੀ ਬੋਲੀ ਜਲਦੀ ਸ਼ੁਰੂ ਨਾ ਹੋਈ ਤਾਂ ਕਿਸਾਨ ਸੜਕਾਂ 'ਤੇ ਆ ਜਾਣਗੇ।
ਮਾਰਕੀਟ ਕਮੇਟੀ ਦੇ ਸਕੱਤਰ ਗੁਰਪ੍ਰੀਤ ਸਿੰਘ ਸਿੱਧੂ ਅਨੁਸਾਰ ਸਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀ-ਕਰਮਚਾਰੀ ਵੱਲੋਂ ਮੰਡੀ 'ਚ ਕਣਕ ਦੀ ਖਰੀਦ ਲਈ ਆਏ ਸਨ ਪਰ ਕਣਕ ਦੀਆਂ ਢੇਰੀਆਂ 'ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਬੋਲੀ ਨਹੀਂ ਲੱਗੀ। ਉਨ੍ਹਾਂ ਦੱਸਿਆ ਕਿ ਸਾਰੇ ਖਰੀਦ ਕੇਂਦਰਾਂ 'ਚ 10 ਹਜ਼ਾਰ ਗੱਟੇ ਦੀ ਆਮਦ ਹੋ ਚੁੱਕੀ ਹੈ ਪਰ ਗੈਰ-ਸਰਕਾਰੀ ਸੂਤਰਾਂ ਅਨੁਸਾਰ ਕਣਕ ਦੀ ਆਮਦ ਕਿਤੇ ਜ਼ਿਆਦਾ ਦਿਖਾਈ ਦੇ ਰਹੀ ਹੈ।