ਗੰਨੇ ਦੀ ਸਬਸਿਡੀ ਤੇ ਮਿੱਲਾਂ ਵੱਲ ਬਕਾਏ ਲਈ ਕਿਸਾਨ ਆਗੂਆਂ ਨੇ ਦਿੱਤਾ ਮੰਗ ਪੱਤਰ
Thursday, Jul 10, 2025 - 03:52 PM (IST)

ਚੰਡੀਗੜ੍ਹ (ਅੰਕੁਰ) : ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਲੀਡਰਸ਼ਿਪ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ 'ਚ ਪੰਜਾਬ ਪ੍ਰਧਾਨ ਅਤੇ ਮੰਤਰੀ ਆਮ ਆਦਮੀ ਪਾਰਟੀ ਅਮਨ ਅਰੋੜਾ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ 2024-25 ਦੇ ਲੰਘੇ ਗੰਨਾ ਸੀਜ਼ਨ ਦੀ ਸਬਸਿਡੀ ਅਜੇ ਤੱਕ ਪੰਜਾਬ ਸਰਕਾਰ ਵਲੋਂ ਜਾਰੀ ਨਹੀਂ ਕੀਤੀ ਗਈ। ਸਾਲ 2024-25 'ਚ ਕਰੀਬ 88.7 ਹਜ਼ਾਰ ਏਕੜ ਰਕਬੇ 'ਚ ਗੰਨੇ ਦੀ ਕਾਸ਼ਤ ਹੋਈ ਸੀ, ਜਿਸ 'ਚੋਂ ਹੋਏ ਉਤਪਾਦਨ 'ਚੋਂ 632.69 ਲੱਖ ਕੁਇੰਟਲ ਗੰਨੇ ਦੀ 15 ਖੰਡ ਮਿੱਲਾਂ ਵੱਲੋਂ ਪਿੜ੍ਹਾਈ ਕੀਤੀ ਗਈ।
ਇਸ 'ਚ 9 ਸਹਿਕਾਰੀ ਅਤੇ 6 ਪ੍ਰਾਈਵੇਟ ਖੰਡ ਮਿੱਲਾਂ ਹਨ। ਸਹਿਕਾਰੀ ਖੰਡ ਮਿੱਲਾਂ ਵੱਲੋਂ 194. 66 ਲੱਖ ਕੁਇੰਟਲ ਅਤੇ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ 438. 02 ਲੱਖ ਕੁਇੰਟਲ ਗੰਨੇ ਦੀ ਪਿੜ੍ਹਾਈ ਕੀਤੀ ਗਈ, ਜਿਸ ਦਾ ਪੂਰਾ ਭੁਗਤਾਨ ਅਜੇ ਤੱਕ ਨਹੀਂ ਹੋਇਆ। ਸਾਲ 2024 -25 ਦਰਮਿਆਨ ਭਾਰਤ ਸਰਕਾਰ ਵੱਲੋਂ ਗੰਨੇ ਦਾ ਰੇਟ 340 ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ, ਜਿਸ 'ਚ ਸੂਬਾ ਸਰਕਾਰ ਵੱਲੋਂ 61 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ ਦੇ ਕੇ ਗੰਨੇ ਦਾ ਸਟੇਟ ਐਗਰੇਡ ਪ੍ਰਾਈਜ਼ 401 ਇਕ ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਸੀ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਸਬਸਿਡੀ ਦੀ ਰਾਸ਼ੀ ਕਿਸਾਨਾਂ ਦੇ ਖ਼ਾਤਿਆਂ ਵਿੱਚ ਪਾਵੇ, ਨਾਲ ਹੀ ਪੰਜਾਬ ਵਿੱਚ ਯੂਰੀਆ ਖ਼ਾਦ ਦੀ ਕਮੀ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਜ਼ੋਰ ਦਿੱਤਾ। ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ, ਇਸ ਦੀ ਘਾਟ ਨੂੰ ਤਰੁੰਤ ਪੂਰਾ ਕੀਤਾ ਜਾਵੇ।