ਪਹਾੜਾਂ ’ਚ ਪਏ ਭਾਰੀ ਮੀਂਹ ਕਾਰਨ ਪੰਜਾਬ ਪੂਰੀ ਤਰ੍ਹਾਂ ਚੌਕਸ, ਡੈਮਾਂ ਤੇ ਦਰਿਆਵਾਂ ਦੇ ਪਾਣੀ ਦੀ ਜਾਣੋ ਕੀ ਹੈ ਸਥਿਤੀ

Sunday, Jul 06, 2025 - 02:48 PM (IST)

ਪਹਾੜਾਂ ’ਚ ਪਏ ਭਾਰੀ ਮੀਂਹ ਕਾਰਨ ਪੰਜਾਬ ਪੂਰੀ ਤਰ੍ਹਾਂ ਚੌਕਸ, ਡੈਮਾਂ ਤੇ ਦਰਿਆਵਾਂ ਦੇ ਪਾਣੀ ਦੀ ਜਾਣੋ ਕੀ ਹੈ ਸਥਿਤੀ

ਗੁਰਦਾਸਪੁਰ (ਹਰਮਨ, ਵਿਨੋਦ)- ਪਿਛਲੇ ਕੁਝ ਦਿਨਾਂ ਦੌਰਾਨ ਪਹਾੜੀ ਇਲਾਕੇ ’ਚ ਪਏ ਭਾਰੀ ਮੀਂਹ ਕਾਰਨ ਪੰਜਾਬ ਦੇ ਵੱਖ-ਵੱਖ ਡੈਮਾਂ ’ਚ ਪਾਣੀ ਦਾ ਪੱਧਰ ਇਕਦਮ ਵਧਣਾ ਸ਼ੁਰੂ ਹੋ ਗਿਆ ਹੈ ਜਿਸ ਦੇ ਕਾਰਨ ਜ਼ਿਲਾ ਗੁਰਦਾਸਪੁਰ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਬਚਾਉਣ ਲਈ ਕਮਰ ਕੱਸ ਲਈ ਗਈ ਸੀ ਜਿਸ ਦੇ ਚਲਦਿਆਂ ਜ਼ਿਲ੍ਹੇ ਅੰਦਰ ਹੜ੍ਹ ਰੋਕੂ ਪ੍ਰਬੰਧ ਕਰਕੇ ਬਕਾਇਦਾ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾ ਚੁੱਕਾ ਹੈ। ਹਾਲ ਦੀ ਘੜੀ ਤਸੱਲੀ ਵਾਲੀ ਗੱਲ ਇਹ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿਚੋਂ ਗੁਜਰਦੇ ਬਿਆਸ ਅਤੇ ਰਾਵੀ ਦਰਿਆ ਸਮੇਤ ਹੋਰ ਛੋਟੇ ਦਰਿਆਵਾਂ ਅਤੇ ਨਾਲਿਆਂ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਬਹੁਤ ਹੇਠਾਂ ਹੈ। ਜਿਸ ਕਾਰਨ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿਚ ਨਾ ਆਉਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ-  ਸਿਹਤ ਮੰਤਰੀ ਨਾਲ ਪਿਤਾ ਨੂੰ ਹਸਪਤਾਲ ਮਿਲਣ ਪਹੁੰਚੀ ਅਦਾਕਾਰਾ ਤਾਨੀਆ, ਹਾਲਤ ਨਾਜ਼ੁਕ

ਕੀ ਹੈ ਰਾਵੀ ਦਰਿਆ ਦੀ ਸਥਿਤੀ

ਗੁਰਦਾਸਪੁਰ ਜ਼ਿਲ੍ਹੇ ਵਿਚੋਂ ਗੁਜਰਦਾ ਪ੍ਰਮੁੱਖ ਰਾਵੀ ਦਰਿਆ ਇਸ ਮੌਕੇ ਖਤਰੇ ਦੇ ਨਿਸ਼ਾਨ ਤੋਂ ਬਹੁਤ ਹੇਠਾਂ ਵਗ ਰਿਹਾ ਹੈ। ਇਸ ਦਰਿਆ ਵਿਚ ਬੜੀ ਮੁਸ਼ਕਿਲ ਨਾਲ 7 ਤੋਂ 8 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਹੈ ਜਦੋਂ ਕਿ ਇਸ ਦੀ ਸਮਰੱਥਾ 2 ਲੱਖ ਕਿਊਸਿਕ ਤੋਂ ਵੀ ਵੱਧ ਪਾਣੀ ਸੰਭਾਲਣ ਦੀ ਹੈ। ਇਸ ਦਰਿਆ ਵਿਚ ਉਝ ਦਰਿਆ ਦਾ ਪਾਣੀ ਵੀ ਮਕੌੜਾ ਪੱਤਣ ਵਿਖੇ ਸ਼ਾਮਿਲ ਹੁੰਦਾ ਹੈ ਜਿਸ ਤੋਂ ਇਲਾਵਾ ਹੋਰ ਕਈ ਛੋਟੇ ਨਾਲੇ ਵੀ ਇਸੇ ਦਰਿਆ ਵਿਚ ਆ ਕੇ ਮਿਲਦੇ ਹਨ। ਇਸ ਦਰਿਆ ਵਿਚ ਰਣਜੀਤ ਸਾਗਰ ਡੈਮ ਵੱਲੋਂ ਛੱਡਿਆ ਪਾਣੀ ਵੀ ਸ਼ਾਮਲ ਹੁੰਦਾ ਹੈ। ਪਰ ਹਾਲ ਦੀ ਘੜੀ ਡੈਮ ਦੀ ਸਥਿਤੀ ਖਤਰੇ ਤੋਂ ਬਾਹਰ ਹੋਣ ਕਾਰਨ ਰਾਵੀ ਦਰਿਆ ਵਿਚ ਹੜ੍ਹ ਦਾ ਕੋਈ ਖਤਰਾ ਨਹੀਂ ਹੈ।

PunjabKesari

ਕੀ ਹੈ ਰਣਜੀਤ ਸਾਗਰ ਡੈਮ ਦੀ ਸਥਿਤੀ

ਜਾਣਕਾਰੀ ਅਨੁਸਾਰ ਰਣਜੀਤ ਸਾਗਰ ਡੈਮ ਵਿਚ ਇਸ ਮੌਕੇ ਖਤਰੇ ਦੀ ਕੋਈ ਸਥਿਤੀ ਨਹੀਂ ਹੈ। ਇਸ ਡੈਮ ਦੀ ਕੁੱਲ ਸਮਰੱਥਾ 527 ਮੀਟਰ ਦੇ ਕਰੀਬ ਹੈ ਜਦੋਂ ਕਿ ਇਸ ਵਿਚ ਇਸ ਮੌਕੇ 496.6 ਮੀਟਰ ਤੱਕ ਹੀ ਪਾਣੀ ਹੈ। ਇਸ ਡੈਮ ਵਿੱਚ ਪਹਾੜਾਂ ਵਿਚੋਂ ਰੋਜ਼ਾਨਾ 2400 ਕਿਊਸਿਕ ਪਾਣੀ ਆ ਰਿਹਾ ਹੈ ਜਦੋਂ ਕਿ ਇਸ ਦਰਿਆ ਵਿੱਚੋਂ ਰੋਜਾਨਾ 6200 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਜੇਕਰ ਮੌਸਮ ਸਾਫ ਰਿਹਾ ਤਾਂ ਆਉਣ ਵਾਲੇ ਕੁਝ ਹੀ ਦਿਨਾਂ ਵਿਚ ਇਸ ਡੈਮ ਵਿਚ ਪਾਣੀ ਦਾ ਪੱਧਰ ਹੋਰ ਹੇਠਾਂ ਆ ਜਾਵੇਗਾ। ਅਧਿਕਾਰੀਆਂ ਅਨੁਸਾਰ ਅਜੇ ਤੱਕ ਇਸ ਡੈਮ ਵਿਚ ਖਤਰੇ ਵਾਲੀ ਕੋਈ ਸਥਿਤੀ ਨਹੀਂ ਹੈ। ਜਿਸ ਕਾਰਨ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਇਹ ਵੀ ਪੜ੍ਹੋਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ

ਬਿਆਸ ਦਰਿਆ ਦੀ ਸਥਿਤੀ

ਗੁਰਦਾਸਪੁਰ ਜ਼ਿਲ੍ਹੇ ਦੇ ਹੁਸ਼ਿਆਰਪੁਰ ਨਾਲ ਲੱਗਦੀ ਸਰਹੱਦ ਦੇ ’ਚੋਂ ਬਿਆਸ ਦਰਿਆ ਵਹਿੰਦਾ ਹੈ। ਇਹ ਦਰਿਆ ਵੀ ਇਕ ਲੱਖ ਕਿਊਸਿਕ ਤੋਂ ਵੱਧ ਪਾਣੀ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਪਰ ਇਸ ਮੌਕੇ ਇਸ ਵਿਚ ਬੜੀ ਮੁਸ਼ਕਲ ਦੇ ਨਾਲ 17 ਹਜ਼ਾਰ ਕਿਊਸਿਕ ਪਾਣੀ ਹੀ ਵਗ ਰਿਹਾ ਹੈ। ਇਸ ਦਰਿਆ ’ਚ ਚੱਕੀ ਦਰਿਆ ਸਮੇਤ ਪੌਂਗ ਡੈਮ ਅਤੇ ਹੋਰ ਕਈ ਨਾਲਿਆਂ ਦਾ ਪਾਣੀ ਸ਼ਾਮਿਲ ਹੁੰਦਾ ਹੈ ਪਰ ਅਜੇ ਤੱਕ ਮੀਂਹ ਕੰਟਰੋਲ ’ਚ ਹੋਣ ਕਾਰਨ ਇਸ ਦਰਿਆ ਵਿਚ ਵੀ ਖਤਰੇ ਵਾਲੀ ਕੋਈ ਗੱਲ ਨਹੀਂ ਹੈ।

ਇੱਥੇ ਦੱਸਣਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਵੱਧ ਮੀਂਹ ਪੈਣ ਕਾਰਨ ਪਿੰਡ ਟਾਂਡਾ ਸਮੇਤ ਕੁਝ ਹੋਰ ਥਾਵਾਂ ਤੋਂ ਬਿਆਸ ਦਰਿਆ ਦੇ ਨਾਲ ਲੱਗਦੀ ਧੁਸੀ ਟੁੱਟਣ ਕਾਰਨ ਪੁਰਾਣਾ ਸ਼ਾਲਾ ਇਲਾਕੇ ਵਿਚ ਕਾਫੀ ਨੁਕਸਾਨ ਹੋਇਆ ਸੀ। ਜਿਸ ਦੇ ਬਾਅਦ ਪ੍ਰਸ਼ਾਸਨ ਵੱਲੋਂ ਧੁੱਸੀ ਨੂੰ ਮਜ਼ਬੂਤ ਕਰ ਦਿੱਤਾ ਗਿਆ ਸੀ ਅਤੇ ਹੁਣ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਇਲਾਕੇ ’ਚ ਕੋਈ ਵੀ ਖਤਰਾ ਨਹੀਂ ਹੈ।

ਇਹ ਵੀ ਪੜ੍ਹੋਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ

ਪੋਂਗ ਡੈਮ ਦੀ ਸਥਿਤੀ

ਗੁਰਦਾਸਪੁਰ ਜ਼ਿਲ੍ਹੇ ’ਚੋਂ ਗੁਜਰਦੇ ਬਿਆਸ ਦਰਿਆ ਵਿਚ ਪੌਂਗ ਡੈਮ ਦਾ ਪਾਣੀ ਵੀ ਸ਼ਾਮਲ ਹੁੰਦਾ ਹੁੰਦਾ ਹੈ। ਪੌਂਗ ਡੈਮ ਵਿਚ 1390 ਫੁੱਟ ਤੱਕ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ ਜਿਸ ਦੇ ਬਾਅਦ ਇਕੱਤਰ ਹੋਏ ਪਾਣੀ ਨੂੰ ਖਤਰੇ ਦੇ ਨਿਸ਼ਾਨ ਤੋਂ ਬਾਹਰ ਮੰਨਿਆ ਜਾਂਦਾ ਹੈ। ਇਸ ਡੈਮ ਵਿਚ ਇਸ ਮੌਕੇ 1321 ਫੁੱਟ ਦੇ ਕਰੀਬ ਪਾਣੀ ਪਹੁੰਚ ਚੁੱਕਾ ਹੈ ਜਦੋਂ ਕਿ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ ਇਹ ਪਾਣੀ ਕਾਫੀ ਹੇਠਾਂ ਹੈ।

ਇਸ ਡੈਮ ਵਿਚ ਰੋਜ਼ਾਨਾ ਹੀ ਪਹਾੜਾਂ ’ਚੋਂ 30000 ਕਿਉਸਿਕ ਦੇ ਕਰੀਬ ਪਾਣੀ ਆ ਰਿਹਾ ਹੈ ਜਦੋਂ ਕਿ ਡੈਮ ਵਿਚੋਂ 10 ਹਜ਼ਾਰ ਕਿਊਸਿਕ ਪਾਣੀ ਰੋਜ਼ਾਨਾ ਛੱਡਿਆ ਜਾ ਰਿਹਾ ਹੈ। ਅਧਿਕਾਰੀਆਂ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਟਾਈਮ ਵਿਚ ਵੀ ਹਾਲ ਦੀ ਘੜੀ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਕਿਉਂਕਿ ਪਹਾੜਾਂ ਵਿਚ ਮੀਂਹ ਰੁਕਿਆ ਹੋਇਆ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਤੇਜ਼ ਮੀਂਹ ਪੈਂਦਾ ਹੈ ਤਾਂ ਇਸ ਡੈਮ ’ਚੋਂ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ਵਧਾ ਦਿੱਤੀ ਜਾਵੇਗੀ। ਇਹ ਪਾਣੀ ਸਿੱਧਾ ਬਿਆਸ ਦਰਿਆ ਵਿਚ ਆਉਂਦਾ ਹੈ ਜਿਸ ਕਾਰਨ ਬਿਆਸ ਦਰਿਆ ਦੀ ਸਮਰੱਥਾ ਦੇ ਮੁਕਾਬਲੇ ਪਾਣੀ ਕਾਫੀ ਘੱਟ ਹੋਣ ਕਾਰਨ ਅਜੇ ਇੱਥੇ ਕੋਈ ਖਤਰਾ ਨਹੀਂ ਹੈ।

ਇਹ ਵੀ ਪੜ੍ਹੋਪੰਜਾਬ ਸਰਕਾਰ ਦਾ ਪੰਜਾਬੀਆਂ ਲਈ ਵੱਡਾ ਤੋਹਫ਼ਾ, ਮੁੜ ਸ਼ੁਰੂ ਕੀਤੀ ਇਹ ਬੱਸ

ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਦਾ?

ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਮਾਂ ਰਹਿੰਦਿਆਂ ਹੀ ਹੜ੍ਹ ਰੋਕੂ ਪ੍ਰਬੰਧ ਕਰ ਲਏ ਗਏ ਹਨ ਅਤੇ ਬਕਾਇਦਾ ਕੰਟਰੋਲ ਰੂਮ ਵੀ ਸਥਾਪਿਤ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਰੀਗੇਸ਼ਨ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਨੂੰ ਪਹਿਲਾਂ ਹੀ ਸੁਚੇਤ ਕੀਤਾ ਗਿਆ ਹੈ ਅਤੇ ਨਾਲ ਹੀ ਧੁੱਸੀ ਬੰਨ ਨੂੰ ਵੀ ਹਰ ਤਰੀਕੇ ਨਾਲ ਮਜ਼ਬੂਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧੁੱਸੀ ਬੰਨ ਦਾ ਨਿਰੰਤਰ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਸਾਰੀਆਂ ਟੀਮਾਂ ਚੌਕਸ ਹਨ। ਉਨ੍ਹਾਂ ਕਿਹਾ ਕਿ ਰੂਟੀਨ ਵਾਂਗ ਦਰਿਆ ਨੇੜਲੇ ਰਹਿੰਦੇ ਲੋਕਾਂ ਨੂੰ ਚੌਕਸ ਜ਼ਰੂਰ ਕੀਤਾ ਗਿਆ ਹੈ ਪਰ ਹਾਲ ਦੀ ਘੜੀ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਮੀਂਹ ਵੱਧ ਵੀ ਪਵੇਗਾ ਤਾਂ ਵੀ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਇਰੀਗੇਸ਼ਨ ਅਤੇ ਡਰੇਨੇਜ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਹਰ ਵੇਲੇ ਚੌਕਸ ਰਹਿਣ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਨ੍ਹਾਂ ਨੇ ਖੁਦ ਵੀ ਵੱਖ-ਵੱਖ ਦਰਿਆਵਾਂ ਤੇ ਜਾ ਕੇ ਬਕਾਇਦਾ ਜਾਇਜ਼ਾ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News