ਪੁਲਸ ਵੱਲੋਂ ਵਕੀਲ ਦੇ ਚੈਂਬਰ ਤੋਂ ਮੁਲਜ਼ਮ ਨੂੰ ਜ਼ਬਰੀ ਚੁੱਕਣ ਕਾਰਨ ਵਕੀਲ ਭਾਈਚਾਰੇ ''ਚ ਰੋਸ
Friday, Jul 11, 2025 - 09:06 PM (IST)

ਗੁਰਦਾਸਪੁਰ (ਹਰਮਨ)- ਅੱਜ ਗੁਰਦਾਸਪੁਰ ਸਥਿਤ ਜ਼ਿਲ੍ਹਾ ਕਚਿਹਰੀ ਕੰਪਲੈਕਸ ਅੰਦਰ ਆਪਣੇ ਵਕੀਲ ਦੇ ਚੈਂਬਰ ਵਿਚ ਆਏ ਇਕ ਵਿਅਕਤੀ ਨੂੰ ਦੀਨਾਨਗਰ ਪੁਲਸ ਵੱਲੋਂ ਜਬਰੀ ਚੁੱਕ ਕੇ ਲਿਜਾਣ ਕਾਰਨ ਸਮੁੱਚਾ ਵਕੀਲ ਭਾਈਚਾਰਾ ਰੋਸ ਵਿਚ ਆ ਗਿਆ ਹੈ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਸਾਰੀ ਘਟਨਾਕ੍ਰਮ ਨੂੰ ਲੈ ਕੇ ਤੁਰੰਤ ਗੁਰਦਾਸਪੁਰ ਦੇ ਜ਼ਿਲ੍ਹਾ ਸੈਸ਼ਨ ਜੱਜ ਨੂੰ ਲਿਖਤੀ ਸ਼ਿਕਾਇਤ 'ਚ ਵਕੀਲ ਦੇ ਚੈਂਬਰ ਵਿਚ ਆਈ। ਇਸ ਪੁਲਸ ਪਾਰਟੀ ਤੇ ਥਾਣਾ ਮੁਖੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸ਼ਿਕਾਇਤ ਵਿਚ ਬਾਰ ਐਸੋਸੀਏਸ਼ਨ ਨੇ ਦੱਸਿਆ ਕਿ ਐਡਵੋਕੇਟ ਦਿਲਬਾਗ ਸਿੰਘ ਸੈਣੀ ਆਪਣੇ ਚੈਂਬਰ ਵਿਚ ਮੌਜੂਦ ਸਨ ਜਿਸ ਦੌਰਾਨ ਸਾਢੇ 3 ਵਜੇ ਦੇ ਕਰੀਬ ਦੀਨਾਨਗਰ ਥਾਣੇ ਦੇ ਮੁਖੀ ਸਿਵਲ ਕੱਪੜਿਆਂ ਵਿਚ 6-7 ਹੋਰ ਪੁਲਸ ਮੁਲਾਜ਼ਮਾਂ ਨਾਲ ਚੈਂਬਰ ਵਿਚ ਆਏ ਜਿਨ੍ਹਾਂ ਨੇ ਆਉਂਦੇ ਹੀ ਉਨ੍ਹਾਂ ਦੇ ਚੈਂਬਰ ਵਿਚ ਮੌਜੂਦ ਉਨ੍ਹਾਂ ਦੇ ਕਲਾਇੰਟ ਪਵਨ ਕੁਮਾਰ ਨੂੰ ਹਿਰਾਸਤ ਵਿਚ ਲੈ ਲਿਆ। ਜਦੋਂ ਐਡਵੋਕੇਟ ਦਿਲਬਾਗ ਸਿੰਘ ਵੱਲੋਂ ਇਸਦਾ ਵਿਰੋਧ ਕੀਤਾ ਗਿਆ ਤਾਂ ਉਕਤ ਐੱਸਐੱਚਓ ਨੇ ਕਿਹਾ ਕਿ ਤੁਸੀਂ ਮੁਲਜ਼ਮਾਂ ਨੂੰ ਪਨਾਹ ਦਿੰਦੇ ਹੋ। ਇਸ ਲਈ ਤੁਹਾਡੇ ’ਤੇ ਵੀ ਐੱਫਆਈਆਰ ਹੋਣੀ ਚਾਹੀਦੀ ਹੈ। ਐਡਵੋਕੇਟ ਦਿਲਬਾਗ ਸਿੰਘ ਨੇ ਕਿਹਾ ਕਿ ਪੁਲਸ ਦੀ ਇਸ ਕਾਰਵਾਈ ਨਾਲ ਉਨ੍ਹਾਂ ਦੇ ਚੈਂਬਰ ਵਿਚ ਕਾਫੀ ਤਨਾਅ ਵਾਲਾ ਮਾਹੌਲ ਬਣ ਗਿਆ ਅਤੇ ਉੱਥੇ ਕਈ ਹੋਰ ਵਕੀਲ ਅਤੇ ਲੋਕ ਵੀ ਇਕੱਤਰ ਹੋ ਗਏ। ਜਿਸ ਦੇ ਬਾਅਦ ਉਨ੍ਹਾਂ ਨੇ ਇਹ ਮਾਮਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਪਾਲ ਸਿੰਘ, ਉਪਪ੍ਰਧਾਨ ਹਰਪਾਲ ਸਿੰਘ ਗਿੱਲ ਅਤੇ ਹੋਰ ਅਹੁੱਦੇਦਾਰਾਂ ਦੇ ਧਿਆਨ ਵਿਚ ਲਿਆਂਦਾ। ਬਾਰ ਐਸੋਸੀਏਸ਼ਨ ਵੱਲੋਂ ਤੁਰੰਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਦਿਲਬਾਗ ਸਿੰਘ ਨੇ ਦੱਸਿਆ ਕਿ ਪਵਨ ਕੁਮਾਰ ਖਿਲਾਫ ਐੱਫਆਈਆਰ ਦਰਜ ਸੀ ਅਤੇ ਉਸਦੀ ਜ਼ਮਾਨਤ ਅਰਜ਼ੀ ਸੈਸ਼ਨ ਜੱਜ ਦੀ ਅਦਾਲਤ ਵਿੱਚ ਲਗਾਈ ਹੋਈ ਹੈ। ਇਸੇ ਕਾਰਨ ਪਵਨ ਕੁਮਾਰ ਅੱਜ ਉਨ੍ਹਾਂ ਦੇ ਚੈਂਬਰ ਵਿਚ ਆਇਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਵਿਅਕਤੀ ਪਵਨ ਕੁਮਾਰ ਸਾਬਕਾ ਫੌਜੀ ਹੈ ਜੋ ਕਾਰਗਿਲ ਦੀ ਲੜਾਈ ਮੌਕੇ ਦੇਸ਼ ਦੀ ਰੱਖਿਆ ਕਰਦਾ ਹੋਇਆ ਅਪਾਹਿਜ ਹੋ ਗਿਆ ਸੀ।
ਪ੍ਰਧਾਨ ਰਾਜਪਾਲ ਸਿੰਘ ਨੇ ਕਿਹਾ ਕਿ ਵਕੀਲਾਂ ਦਾ ਇੱਕ ਪਵਿੱਤਰ ਅਤੇ ਮਾਨ-ਸਨਮਾਨ ਵਾਲਾ ਪੇਸ਼ਾ ਹੈ। ਪਰ ਅੱਜ ਪੁਲਸ ਨੇ ਅਜਿਹਾ ਕਰਕੇ ਵਕੀਲਾਂ ਦੇ ਅਧਿਕਾਰ ਖੇਤਰ ਦਾ ਉਲੰਘਣਾ ਕੀਤੀ ਹੈ। ਇਸ ਲਈ ਬਾਰ ਐਸੋਸੀਏਸ਼ਨ ਨੇ ਸੈਸ਼ਨ ਜੱਜ ਤੋਂ ਮੰਗ ਕੀਤੀ ਕਿ ਉਕਤ ਐੱਸਐੱਚਓ ਅਤੇ ਬਾਕੀ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਦੀਨਾਨਗਰ ਥਾਣੇ ਦੇ ਐੱਸਐੱਚਓ ਅੰਮ੍ਰਿਤਪਾਲ ਸਿੰਘ ਨਾਲ ਪੱਤਰਕਾਰਾਂ ਨੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੋ ਮੁਲਜ਼ਮ ਵਕੀਲ ਦੇ ਚੈਂਬਰ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ ਉਹ ਮੁਲਜ਼ਮ ਪੁਲਿਸ ਨੂੰ ਇਕ ਕੇਸ ਵਿਚ ਲੋੜੀਂਦਾ ਸੀ। ਇਸ ਕਰਕੇ ਪੁਲਸ ਨੇ ਇਹ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਜਿਸ ਵੇਲੇ ਮੁਲਜ਼ਮ ਹਿਰਾਸਤ ਵਿੱਚ ਲਿਆ ਉਸ ਸਮੇਂ ਵਕੀਲ ਚੈਂਬਰ ਵਿੱਚ ਮੌਜੂਦ ਨਹੀਂ ਸੀ। ਉਨ੍ਹਾਂ ਨੇ ਕਿਸੇ ਕਿਸਮ ਦੀ ਦਹਿਸ਼ਤ ਨਹੀਂ ਫੈਲਾਈ ਅਤੇ ਆਪਣੇ ਅਧਿਕਾਰ ਖੇਤਰ ਵਿੱਚ ਰਹਿ ਕੇ ਇਹ ਕਾਰਵਾਈ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e