ਭਿਆਨਕ ਗਰਮੀ ਦਾ ਕਹਿਰ, ਸਵੇਰ 9 ਵਜੇ ਤੋਂ ਹੀ ਕਰਫ਼ਿਊ ਵਰਗੇ ਬਣ ਜਾਂਦੇ ਨੇ ਹਾਲਾਤ

Wednesday, Apr 27, 2022 - 01:55 PM (IST)

ਭਿਆਨਕ ਗਰਮੀ ਦਾ ਕਹਿਰ, ਸਵੇਰ 9 ਵਜੇ ਤੋਂ ਹੀ ਕਰਫ਼ਿਊ ਵਰਗੇ ਬਣ ਜਾਂਦੇ ਨੇ ਹਾਲਾਤ

ਲੁਧਿਆਣਾ (ਖੁਰਾਣਾ) : ਲਗਾਤਾਰ ਪੈਂਦੀ ਭਿਆਨਕ ਗਰਮੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਹਮੇਸ਼ਾ ਗਾਹਕਾਂ ਦੀ ਚਹਿਲ-ਪਹਿਲ ਨਾਲ ਗੁਲਜ਼ਾਰ ਰਹਿਣ ਵਾਲੀ ਬਹਾਦਰ ਕੇ ਰੋਡ ਸਥਿਤ ਹੋਲਸੇਲ ਸਬਜ਼ੀ ਮੰਡੀ ’ਚ ਹੁਣ ਸਵੇਰ 9 ਵਜੇ ਹੀ ਚੁੱਪ ਛਾ ਜਾਂਦੀ ਹੈ ਅਤੇ ਇੱਥੇ ਖ਼ਰੀਦਦਾਰ ਲੱਭਿਆਂ ਵੀ ਨਹੀਂ ਮਿਲਦੇ। ਫਰੂਟ ਮੰਡੀ ਦੇ ਕਾਰੋਬਾਰੀਆਂ ਕੁਸ਼ਲ ਸਿੰਘ, ਸੋਨੂ ਬੱਤਰਾ, ਅਜੇ ਕੁਮਾਰ ਟਿੰਕੂ, ਸੋਨੂ ਸਹਿਗਲ ਨੇ ਦੱਸਿਆ ਕਿ ਆਮ ਤੌਰ ’ਤੇ ਸਬਜ਼ੀ ਮੰਡੀ ਅਤੇ ਫਰੂਟ ਮੰਡੀ ਵਿਚ ਦੁਪਹਿਰ 2 ਵਜੇ ਤੱਕ ਗਾਹਕ ਚੱਲਦਾ ਰਹਿੰਦਾ ਹੈ, ਜਿਸ ਵਿਚ ਸਵੇਰ ਸਮੇਂ ਗਲੀ-ਮੁਹੱਲਿਆਂ ’ਚ ਸਬਜ਼ੀਆਂ ਅਤੇ ਫਲ ਵੇਚਣ ਵਾਲੇ ਸਟ੍ਰੀਟ ਵੈਂਡਰ ਖ਼ਰੀਦਦਾਰੀ ਕਰਨ ਵਿਚ ਮਸਤ ਰਹਿੰਦੇ ਹਨ, ਜਦੋਂ ਕਿ ਇਸ ਤੋਂ ਬਾਅਦ ਢਾਬਾ, ਹੋਟਲਾਂ ’ਚ ਸਬਜ਼ੀਆਂ ਦੀ ਸਪਲਾਈ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਪਰ ਮੌਜੂਦਾ ਸਮੇਂ ਤੋਂ ਆਸਮਾਨ ਤੋਂ ਵਰ੍ਹਦੀ ਅੱਗ ਨੇ ਮੰਨੋ ਜਿਵੇਂ ਸਬਜ਼ੀ ਮੰਡੀ ਦੇ ਕਾਰੋਬਾਰ ਨੂੰ ਗ੍ਰਹਿਣ ਹੀ ਲਗਾ ਦਿੱਤਾ ਹੈ।

ਹਾਲਾਤ ਇਹ ਬਣੇ ਹੋਏ ਹਨ ਕਿ ਸਵੇਰ 9 ਵਜੇ ਤੋਂ ਬਆਦ ਮੰਡੀ ’ਚ ਕਰਫ਼ਿਊ ਵਰਗਾ ਮਾਹੌਲ ਹੁੰਦਾ ਹੈ, ਜਿਸ ਦਾ ਭਾਰੀ ਨੁਕਸਾਨ ਕਾਰੋਬਾਰੀਆਂ ਨੂੰ ਸਹਿਣਾ ਪੈ ਰਿਹਾ ਹੈ ਕਿਉਂਕਿ ਇਸ ਦੌਰਾਨ ਬਚੀਆਂ ਹੋਈਆਂ ਜ਼ਿਆਦਾਤਰ ਸਬਜ਼ੀਆਂ ਅਤੇ ਫਲ ਗਰਮੀ ਕਾਰਨ ਖ਼ਰਾਬ ਹੋ ਜਾਂਦੇ ਹਨ। ਅਜਿਹੇ ’ਚ ਕਾਰੋਬਾਰੀ ਬਚੇ ਹੋਏ ਮਾਲ ਨੂੰ ਔਣੇ-ਪੌਣੇ ਰੇਟਾਂ ’ਚ ਵੇਚਣ ਦਾ ਤਾਕ ’ਚ ਰਹਿੰਦੇ ਹਨ ਜਾਂ ਫਿਰ ਖਰਾਬ ਹੋਣ ਦੀ ਸਥਿਤੀ ’ਚ ਸੁੱਟਣ ਲਈ ਮਜਬੂਰ ਹੋ ਜਾਂਦੇ ਹਨ। ਮੌਜੂਦਾ ਦੌਰ ’ਚ ਸਬਜ਼ੀ ਮੰਡੀ ਦਾ ਕੰਮ ਸਵੇਰੇ ਕਰੀਬ 8.30 ਵਜੇ ਤੱਕ ਹੀ ਰਹਿੰਦਾ ਹੈ। ਜੇਕਰ ਕਾਰੋਬਾਰੀ ਦਾ ਮਾਲ ਵਿਕ ਗਿਆ ਤਾਂ ਠੀਕ ਹੈ ਨਹੀਂ ਤਾਂ ਉਸ ਨੂੰ ਨੁਕਸਾਨ ਹੋਣ ਦੀ ਚਿੰਤਾ ਸਤਾਉਣ ਲੱਗਦੀ ਹੈ।

ਆੜ੍ਹਤੀ ਭਾਈਚਾਰੇ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਉਨ੍ਹਾਂ ਦੀ ਸਥਿਤੀ ਅੱਗੇ ਖੂਹ ਪਿੱਛੇ ਖਾਈ ਵਾਲੀ ਬਣੀ ਹੋਈ ਹੈ ਕਿਉਂਕਿ ਜੇਕਰ ਧੁੱਪ ਤੋਂ ਬਚਣ ਲਈ ਉਹ ਟੈਂਟ ਲਗਾਉਂਦੇ ਹਨ ਤਾਂ ਫਿਰ ਮਾਰਕਿਟ ਕਮੇਟੀ ਜਿਊਣ ਨਹੀਂ ਦਿੰਦੀ, ਜੇਕਰ ਨਹੀਂ ਲਗਾਉਂਦੇ ਤਾਂ ਗਰਮੀ ਦਾ ਕਹਿਰ ਉਨ੍ਹਾਂ ਨੂੰ ਸਾੜਨ ਲਗਦਾ ਹੈ। ਸਰਕਾਰ ਨੂੰ ਲੱਖਾਂ ਰੁਪਏ ਦਾ ਰੈਵੇਨਿਊ ਦੇਣ ਤੋਂ ਬਾਅਦ ਵੀ ਕਾਰੋਬਾਰੀ ਮੰਡੀ ’ਚ ਸੁਰੱਖਿਅਤ ਕਾਰੋਬਾਰ ਨਹੀਂ ਕਰ ਪਾ ਰਹੇ, ਦੂਜੇ ਪਾਸੇ ਮੰਡੀ ਬੋਰਡ ਅਧਿਕਾਰੀ ਜੱਦੀ ਪੁਸ਼ਤੀ ਕਾਰੋਬਾਰੀਆਂ ਨੂੰ ਬੇਰੁਜ਼ਗਾਰੀ ਵੱਲ ਧੱਕਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ।


author

Babita

Content Editor

Related News