Year ender 2023: ਪਰਿਵਾਰ ਨੂੰ ਅਲਵਿਦਾ ਕਹਿ ਗਏ ਪੰਜਾਬੀ ਨੌਜਵਾਨ, ਵਿਦੇਸ਼ ''ਚ ਹਾਰਟ ਅਟੈਕ ਨੇ ਖੋਹੇ ਮਾਵਾਂ ਦੇ ਲਾਲ

Thursday, Dec 28, 2023 - 06:23 PM (IST)

Year ender 2023: ਪਰਿਵਾਰ ਨੂੰ ਅਲਵਿਦਾ ਕਹਿ ਗਏ ਪੰਜਾਬੀ ਨੌਜਵਾਨ, ਵਿਦੇਸ਼ ''ਚ ਹਾਰਟ ਅਟੈਕ ਨੇ ਖੋਹੇ ਮਾਵਾਂ ਦੇ ਲਾਲ

ਜਲੰਧਰ- ਸਾਲ 2023 ਖ਼ਤਮ ਹੋਣ ਦੇ ਕੰਢੇ ’ਤੇ ਹੈ। ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਾਲ 2024 ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਉੱਥੇ ਹੀ ਜਾਂਦਾ-ਜਾਂਦਾ ਸਾਲ 2023 ਕਈ ਕੌੜੀਆਂ ਯਾਦਾਂ ਵੀ ਦੇ ਗਿਆ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪੰਜਾਬ ਦੇ ਨੌਜਵਾਨ ਰੁਜ਼ਗਾਰ ਤੇ ਪੜ੍ਹਾਈ ਦੀ ਭਾਲ 'ਚ ਵਿਦੇਸ਼ਾਂ ਵੱਲ ਰੁਖ ਕਰਦੇ ਨਜ਼ਰ ਆ ਰਹੇ ਹਨ। ਜਿਥੇ ਮਾਪੇ ਆਪਣੇ ਬੱਚਿਆਂ ਦਾ ਸੁਫ਼ਨਾ ਪੂਰਾ ਕਰਨ ਲਈ ਲੱਖਾਂ ਰੁਪਏ ਕਰਜ਼ਾ ਚੁੱਕ ਰਹੇ ਹਨ, ਪਰ ਅਜਿਹੇ 'ਚ ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ ਗਏ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਲਗਾਤਾਰ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। ਸਾਲ 2023 ਦਾ ਮੋਟਾ-ਮੋਟਾ ਅੰਦਾਜ਼ਾ ਲਗਾਈਏ ਤਾਂ ਇਸ ਦਾ ਅੰਕੜਾ ਵਧਦਾ ਨਜ਼ਰ ਆ ਰਿਹਾ ਹੈ।

ਇਨ੍ਹਾਂ ਘਟਨਾਵਾਂ ’ਚ ਜਿੱਥੇ ਪੰਜਾਬੀਆਂ ਦੀਆਂ ਕੀਮਤੀ ਜਾਨਾਂ ਗਈਆਂ, ਉੱਥੇ ਹੀ ਪੰਜਾਬ ’ਚ ਵੱਸਦੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਵੀ ਉਜਾੜ ਕੇ ਰੱਖ ਦਿੱਤੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮਰਨ ਵਾਲੇ ਨੌਜਵਾਨਾਂ ਦੀ ਉਮਰ ਸਿਰਫ਼ 20 ਤੋਂ 28 ਸਾਲ ਦੇ ਵਿਚਕਾਰ ਸੀ ਜੋ ਕਿ ਬੇਹੱਦ ਚਿੰਤਾਜਨਕ ਹੈ। ਅੱਜ ‘ਜਗ ਬਾਣੀ’ ਤੁਹਾਨੂੰ ਸਾਲ 2023 ’ਚ ਕੈਨੇਡਾ 'ਚ ਹਾਟਰ ਅਟੈਕ ਦਾ ਸ਼ਿਕਾਰ ਹੋਏ ਕੁਝ ਨੌਜਵਾਨਾਂ ਬਾਰੇ ਦੱਸਣ ਜਾ ਰਿਹਾ ਹੈ।

ਕੈਨੇਡਾ ਤੋਂ ਪਰਤ ਰਹੇ ਪੁੱਤ ਨੂੰ ਚਾਈਂ-ਚਾਈਂ ਉਡੀਕ ਰਿਹਾ ਸੀ ਪਰਿਵਾਰ, ਉਸੇ ਦਿਨ ਆਏ ਫ਼ੋਨ ਨੇ ਘਰ 'ਚ ਪੁਆਏ ਵੈਣ

ਦਸੰਬਰ ਮਹੀਨੇ ਬੀਤੇ ਕੱਲ੍ਹ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਮਸਰਾਲਾ ਵਿਖੇ ਉਸ ਸਮੇਂ ਮਾਤਮ ਛਾਂ ਗਿਆ, ਜਦ ਪਿੰਡ ਦੇ 24 ਸਾਲਾ ਨੌਜਵਾਨ ਦੀ ਕੈਨੇਡਾ ’ਚ ਦਿਮਾਗ ਦੀ ਨਾੜੀ ਫੱਟਣ ਨਾਲ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਅਮਰਪਾਲ ਸਿੰਘ ਦੇ ਪਿਤਾ ਨਿਸ਼ਾਨ ਸਿੰਘ ਵਾਸੀ ਮਸਰਾਲਾ ਨੇ ਦੱਸਿਆ ਕਿ ਉਸਦਾ ਬੇਟਾ ਅਮਰਪਾਲ ਸਿੰਘ ਕੈਨੇਡਾ ਦੇ ਸ਼ਹਿਰ ਬਰੈਂਪਟਨ ਸਟੱਡੀ ਵੀਜ਼ੇ ’ਤੇ ਸੰਨ 2019 ’ਚ ਗਿਆ ਸੀ ਅਤੇ ਕੁਝ ਮਹੀਨੇ ਪਹਿਲਾ ਸਤੰਬਰ 2023 ’ਚ ਆਪਣੇ ਪਰਿਵਾਰ ਨੂੰ ਮਿਲਣ ਪਿੰਡ ਮਸਰਾਲਾ ਆਇਆ ਸੀ, ਕੁਝ ਸਮਾਂ ਰਹਿਣ ਤੋਂ ਬਾਅਦ ਵਾਪਸ ਕੈਨੇਡਾ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਦੁਬਾਰਾ ਭਾਰਤ ਆਉਣ ਲਈ 26 ਦਸੰਬਰ ਦੀ ਟਿਕਟ ਬੁੱਕ ਕਰਵਾਈ ਪਰ ਬੀਤੇ ਦਿਨ 26 ਦਸੰਬਰ ਨੂੰ ਕਰੀਬ 1 ਵਜੇ ਦੁਪਹਿਰ ਘਰ ’ਚ ਹੀ ਅਚਾਨਕ ਉਸ ਨੂੰ ਦਿਮਾਗ ਦੀ ਨਾੜੀ ਫੱਟ ਗਈ ਤੇ ਉਸ ਦੇ ਕੰਨਾਂ ’ਚ ਖੂਨ ਨਿਕਲਣਾ ਸ਼ੁਰੂ ਹੋ ਗਿਆ। ਉਸ ਦੇ ਦੋਸਤਾ ਨੇ ਤੁਰੰਤ ਉਸ ਨੂੰ ਮੈਡੀਕਲ ਸਹੂਲਤ ਦੇਣ ਲਈ ਐਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾ ਵੱਲੋਂ ਕੀਤੇ ਜਾ ਰਹੇ ਇਲਾਜ ਦੌਰਾਨ ਹੀ ਉਸਦੇ ਬੇਟੇ ਦੀ ਮੌਤ ਹੋ ਗਈ।

PunjabKesari

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪਿਛਲੇ ਸਾਲ ਵਿਆਹ ਕਰਵਾ ਕੇ ਗਏ ਨੌਜਵਾਨ ਦੀ ਹੋਈ ਮੌਤ

ਨਵੰਬਰ ਮਹੀਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਯੁਕਤ ਸਕੱਤਰ ਅਤੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਥਿੱਗਲੀ ਦੇ ਸਰਪੰਚ ਕੁਲਵੰਤ ਰਾਏ ਭੱਲਾ ਦੇ ਨੌਜਵਾਨ ਪੁੱਤਰ ਤੇ ਨੰਬਰਦਾਰ ਲਾਭ ਚੰਦ ਦੇ ਭਤੀਜੇ ਸੁਖਦੇਵ ਸ਼ਰਮਾ ਉਰਫ਼ ਸੁੱਖਾ ਥਿੱਗਲੀ (28 ਸਾਲ) ਕੈਨੇਡਾ ਦੀ ਧਰਤੀ ਉੱਤੇ ਅਚਨਚੇਤ ਮੌਤ ਹੋ ਜਾਣ ਦੀ ਬੇਹੱਦ ਦੁਖਦਾਇਕ ਖ਼ਬਰ ਪ੍ਰਾਪਤ ਹੋਈ ਹੈ, ਜਿਸ ਦਾ ਪਤਾ ਪੀੜਤ ਪਰਿਵਾਰ ਨੂੰ ਕੈਨੇਡਾ ਤੋਂ ਆਈ ਇਕ ਫੋਨ ਕਾਲ ਤੋਂ ਜਿਉਂ ਹੀ ਪਤਾ ਲੱਗਿਆ, ਤਾਂ ਹੱਸਦੇ-ਵੱਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਇਕ ਤਰ੍ਹਾਂ ਨਾਲ ਗ੍ਰਹਿਣ ਲੱਗ ਗਿਆ ਤੇ ਸਭ ਪਾਸੇ ਚੀਕ-ਚਿਹਾੜਾ ਪੈ ਗਿਆ ਤੇ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਪਸਰ ਗਈ।

PunjabKesari

ਪੰਜਾਬ ਪਹੁੰਚਦਿਆਂ ਹੀ ਮਾਪਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਕੈਨੇਡਾ 'ਚ ਨੌਜਵਾਨ ਪੁੱਤ ਨਾਲ ਵਾਪਰ ਗਿਆ ਭਾਣਾ

ਨਵੰਬਰ ਮਹੀਨੇ ਦਿੜ੍ਹਬਾ ਦੇ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ (28) ਕਰੀਬ 5 ਸਾਲ ਪਹਿਲਾਂ ਆਪਣੀ ਪਤਨੀ ਨਾਲ ਕੈਨੇਡਾ ਗਿਆ ਸੀ। ਸੋਮਵਾਰ ਸ਼ਾਮ ਨੂੰ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਦੇ ਮਾਤਾ-ਪਿਤਾ ਕੈਨੇਡਾ ਤੋਂ ਆਪਣੇ ਪੁੱਤਰ ਕੋਲੋਂ ਵਾਪਸ ਪੰਜਾਬ ਆਏ ਸੀ।

PunjabKesari

ਕੈਨੇਡਾ ਤੋਂ ਮੁੜ ਆਈ ਦਿਲ ਝੰਜੋੜਨ ਵਾਲੀ ਖ਼ਬਰ, 20 ਸਾਲਾ ਕੁੜੀ ਨੂੰ ਠੰਡ ਕਾਰਣ ਪਿਆ ਦੌਰਾ, ਹੋਈ ਮੌਤ

ਨਵੰਬਰ ਮਹੀਨੇ ਅਮਰਗੜ੍ਹ ਤੋਂ ਕੈਨੇਡਾ ਪੜ੍ਹਨ ਗਈ 20 ਸਾਲਾ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ । ਲੜਕੀ ਦੇ ਪਿਤਾ ਸਤਬੀਰ ਸਿੰਘ ਸੋਹੀ ਵਾਸੀ ਅਮਰਗੜ੍ਹ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਬੇਟੀ ਪ੍ਰਨੀਤ ਕੌਰ ਅਪ੍ਰੈਲ ਮਹੀਨੇ ਕੈਲਗਿਰੀ ਗਈ ਸੀ। ਉਨ੍ਹਾਂ ਨੂੰ ਧੀ ਦੀ ਸਹੇਲੀ ਦਾ ਫੋਨ ਆਇਆ ਕਿ ਉਸ ਨੂੰ ਠੰਢ ਲੱਗਣ ਉਪਰੰਤ ਦਿਲ ਦਾ ਦੌਰਾ ਪੈ ਗਿਆ ਹੈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। 

PunjabKesari

ਤਿੰਨ ਮਹੀਨੇ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਏ ਨੌਜਵਾਨ ਦੀ ਅਚਾਨਕ ਮੌਤ

ਨਵੰਬਰ ਮਹੀਨੇ 'ਚ ਰਈਆ ਦੇ ਨੌਜਵਾਨ ਦੀ ਕੈਨੇਡਾ 'ਚ ਹਾਰਟ ਅਟੈਕ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ ਮਨਿੰਦਰਪਾਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਫੇਰੂਮਾਨ ਰੋਡ ਰਈਆ ਜੋ ਪੜ੍ਹਾਈ ਦੇ ਵੀਜ਼ੇ ’ਤੇ ਕੈਨੇਡਾ ਗਿਆ ਸੀ ਪਰ ਜ਼ਾਲਮ ਮੌਤ ਨੇ ਉਥੇ ਵੀ ਉਸ ਦਾ ਪਿੱਛਾ ਨਹੀਂ ਛੱਡਿਆ। ਜਿਸ ਦੀ ਦਿਲ ਦਾ ਦੌਰਾ ਪੈਣ ਕਾਰਣ ਅਚਾਨਕ ਮੌਤ ਹੋ ਗਈ।

PunjabKesari

ਕੈਨੇਡਾ ਦੀ ਧਰਤੀ ਨੇ ਨਿਗਲਿਆ ਪੰਜਾਬ ਦਾ ਇਕ ਹੋਰ ਲਾਲ, ਹਾਰਟ ਅਟੈਕ ਨਾਲ ਨੌਜਵਾਨ ਦੀ ਮੌਤ

ਨਵੰਬਰ ਮਹੀਨ 'ਚ  ਤਰਨਤਾਰਨ ਤੋਂ ਘਰ ਦੇ ਹਾਲਾਤ ਨੂੰ ਸੁਧਾਰਨ ਲਈ ਕਰੀਬ ਸੱਤ ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਹਰਭੇਜ ਸਿੰਘ (31) ਪੁੱਤਰ ਜੋਗਿੰਦਰ ਸਿੰਘ  ਦੀ ਹਾਰਟ ਅਟੈਕ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਖ਼ਬਰ ਦੀ ਸੂਚਨਾ ਮਿਲਣ ਤੋਂ ਬਾਅਦ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਉੱਥੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ। ਇਸ ਦੌਰਾਨ ਪਰਿਵਾਰਿਕ ਮੈਂਬਰਾਂ ਵੱਲੋਂ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਸਰਕਾਰ ਪਾਸੋਂ ਮੰਗ ਕੀਤੀ ਜਾ ਰਹੀ ਹੈ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੀਆਂਵਿੰਡ ਤੋਂ ਸੱਤ ਮਹੀਨੇ ਪਹਿਲਾਂ ਹਰਭੇਜ ਸਿੰਘ ਉਮਰ 31 ਸਾਲ (ਅਜੇ ਕੁਆਰਾ) ਪੁੱਤਰ ਜੋਗਿੰਦਰ ਸਿੰਘ ਵਾਸੀ ਮੀਆਂਵਿੰਡ ਕੈਨੇਡਾ ਗਿਆ ਸੀ, ਜਿਥੇ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹਰਭੇਜ ਪਹਿਲਾਂ ਸੱਤ ਸਾਲ ਦੁਬਈ ਵਿਚ ਡਰਾਈਵਰੀ ਕਰਦਾ ਰਿਹਾ ਅਤੇ ਹੁਣ ਸੱਤ ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ।

PunjabKesari
ਨਹੀਂ ਰੁਕ ਰਿਹਾ ਸਿਲਸਿਲਾ, ਕੈਨੇਡਾ 'ਚ ਇਕ ਹੋਰ ਪੰਜਾਬੀ ਨੌਜਵਾਨ ਨੇ ਤੋੜਿਆ ਦਮ

ਅਕਤੂਬਰ ਮਹੀਨੇ 'ਚ ਬਰਨਾਲਾ ਦੇ ਪਿੰਡ ਠੀਕਰੀਵਾਲਾ ਦੇ ਰਹਿਣ ਵਾਲੇ ਸਮਾਜ ਸੇਵੀ ਗੁਰਸ਼ਰਨ ਸਿੰਘ ਟੱਲੇਵਾਲੀਆ ਦੇ ਹੋਣਹਾਰ ਭਤੀਜੇ ਅਮਨਿੰਦਰ ਸਿੰਘ ਰਿੰਕੂ (34) ਦੀ ਕੈਲਗਰੀ ਸ਼ਹਿਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਅਮਨਿੰਦਰ ਸਿੰਘ ਦੇ ਪਿਤਾ ਸਾਬਕਾ ਫ਼ੌਜੀ ਸਤਿੰਦਰ ਸਿੰਘ, ਮਾਮਾ ਗੁਰਸ਼ਰਨ ਸਿੰਘ ਅਤੇ ਮਾਸੀ ਮਹਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2018 'ਚ ਵਿਆਹ ਤੋਂ ਬਾਅਦ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੈਨੇਡਾ ਗਿਆ ਸੀ ਪਰ ਉਸ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮ੍ਰਿਤਕ ਅਮਰਿੰਦਰ ਸਿੰਘ ਆਪਣੇ ਪਿੱਛੇ ਮਾਤਾ-ਪਿਤਾ ਤੇ ਇਕ ਭੈਣ ਅਤੇ ਭਰਾ ਛੱਡ ਗਿਆ ਹੈ।

PunjabKesari

ਲਾਸ਼ ਬਣ ਮੁੜਿਆ ਮਾਪਿਆਂ ਦਾ ਇਕਲੌਤਾ ਪੁੱਤ, 4 ਸਾਲ ਪਹਿਲਾਂ ਹੀ ਗਿਆ ਸੀ ਕੈਨੇਡਾ

ਅਕਤੂਬਰ ਮਹੀਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੰਡਾਲਾ ਦਾ 24 ਸਾਲਾ ਅਰਵਿੰਦਰ ਸਿੰਘ, ਜੋ 4 ਸਾਲ ਪਹਿਲਾਂ ਸੁਨਹਿਰੀ ਭਵਿੱਖ ਲਈ ਕੈਨੇਡਾ ਗਿਆ ਸੀ, ਦੀ ਬੀਤੇ ਸਤੰਬਰ ਮਹੀਨੇ 'ਚ ਕੈਨੇਡਾ ਦੇ ਵਿਨੀਪੈਗ ਸ਼ਹਿਰ 'ਚ ਕਾਰ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ।

PunjabKesari
ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਹੁਸ਼ਿਆਰਪੁਰ ਦੇ ਨੌਜਵਾਨ ਦੀ ਹੋਈ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਅਕਤੂਬਰ ਮਹੀਨੇ 'ਚ ਕੈਨੇਡਾ ਦੇ ਟਰਾਂਟੋ ਸ਼ਹਿਰ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਕਰਨਵੀਰ ਸਿੰਘ ਬਾਜਵਾ ਪੁੱਤਰ ਜਸਵੰਤ ਸਿੰਘ ਬਾਜਵਾ (23) ਵਾਸੀ ਹਲਕਾ ਦਸੂਹਾ, ਪਿੰਡ ਘੋਘਰਾ ਦਾ ਰਹਿਣ ਵਾਲਾ ਸੀ। ਮੌਤ ਦੀ ਖ਼ਬਰ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ। ਮ੍ਰਿਤਕ ਨੌਜਵਾਨ ਦੇ ਚਾਚਾ ਸਤਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਕਰਨਵੀਰ ਸਿੰਘ ਬਾਜਵਾ ਮਾਪਿਆਂ ਦਾ ਇਕੌਲਤਾ ਪੁੱਤ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋਕਿ ਪੜ੍ਹਾਈ ਲਈ ਕੈਨੇਡਾ ਭੇਜਿਆ ਗਿਆ ਸੀ। ਮੇਰੇ ਅਤੇ ਛੋਟੇ ਭਰਾ ਦੇ ਮੁੰਡੇ ਵੀ ਕੈਨੇਡਾ ਵਿੱਚ ਸਨ, ਜਿੱਥੇ ਚਾਰ ਸਾਲਾਂ ਬਾਅਦ ਇਹ ਸਾਰੇ ਭਰਾ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਇਕੱਠੇ ਹੋਏ ਸਨ। ਸਵੇਰੇ ਜਦੋਂ ਕਰਨਵੀਰ ਨੂੰ ਉਠਾਇਆ ਗਿਆ ਤਾਂ ਕਰਨਵੀਰ ਨਹੀਂ ਉੱਠਿਆ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਵੇਰੇ ਪੁੱਤਰਾਂ ਦਾ ਫੋਨ ਆਇਆ ਕਿ ਕਰਨਵੀਰ ਸਿੰਘ ਦੀ ਮੌਤ ਹੋ ਗਈ ਹੈ। 

PunjabKesari
ਮਾਪਿਆਂ ਨੇ ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਮੌਤ ਦੀ ਖ਼ਬਰ ਨੇ ਘਰ ਵਿਛਾਏ ਸੱਥਰ

ਅਕਤੂਬਰ ਮਹੀਨੇ 'ਚ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੰਮਣਕਾ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁਖਚੈਨ ਸਿੰਘ ਉਮਰ 21 ਸਾਲ ਸਪੁੱਤਰ ਰਾਜਪਾਲ ਸਿੰਘ ਵਾਸੀ ਮੰਮਣਕਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ।  ਪਿਛਲੇ 26 ਦਸੰਬਰ 2022 ਨੂੰ ਪਰਿਵਾਰ ਨੇ ਸੁਖਚੈਨ ਸਿੰਘ ਨੂੰ ਬੜੇ ਚਾਵਾਂ ਨਾਲ ਪੜ੍ਹਾਈ ਕਰਨ ਲਈ ਕੈਨੇਡਾ ਭੇਜਿਆ ਸੀ, ਜਿਸ ਨੂੰ ਅਚਾਨਕ ਹਾਰਟ ਅਟੈਕ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿਸ ਦੀ ਇਲਾਜ ਦੌਰਾਨ ਕੈਨੇਡਾ ਦੇ ਸ਼ਹਿਰ ਬਰੈਂਮਟਨ ਵਿਚ ਮੌਤ ਹੋ ਗਈ।

PunjabKesari

ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ 'ਚ ਮੌਤ, ਪਰਿਵਾਰਕ ਮੈਂਬਰਾਂ ਨੂੰ ਮਿਲਣ ਗਿਆ ਸੀ ਵਿਦੇਸ਼

ਸਤੰਬਰ ਮਹੀਨੇ ਇਸ ਤਰ੍ਹਾਂ ਬਲਾਕ ਦਸੂਹਾ ਦੇ ਪਿੰਡ ਘੋਗਰਾ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਕਰਨਵੀਰ ਸਿੰਘ ਪੁੱਤਰ ਸਵ. ਜਸਵੰਤ ਸਿੰਘ, ਜੋ ਕਿ ਕੈਨੇਡਾ ਗਿਆ ਹੋਇਆ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਇਸ ਸਮੇਂ ਟੋਰਾਂਟੋ 'ਚ ਰਹਿੰਦਾ ਅਤੇ ਕੰਮ ਕਰਦਾ ਸੀ। ਉਹ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਗਿਆ ਹੋਇਆ ਸੀ। ਇੱਥੇ ਇਸ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।  

PunjabKesari

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਨੌਜਵਾਨਾਂ ਦੀ ਵਿਦੇਸ਼ਾਂ 'ਚ ਮੌਤ ਹੋ ਚੁੱਕੀ ਹੈ। ਜਿਸ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਕਹਿ ਸਕਦੇ ਹਾਂ ਕਿ ਉੱਥੋਂ ਦਾ ਵਾਤਾਵਰਨ, ਖਾਣਾ-ਪੀਣ ਦਾ ਧਿਆਨ, ਨੀਂਦ ਪੂਰੀ ਨਾ ਹੋਣਾ  ਨੌਜਵਾਨਾਂ ਦੀ ਮੌਤ ਦਾ ਕਾਰਨ ਹਨ, ਜਿਸ ਨਾਲ ਨੌਜਵਾਨ ਪੀੜੀ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੀ ਹੈ।


author

Shivani Bassan

Content Editor

Related News