ਡੇਰੇ ''ਚੋਂ ਗੱਡੀਆਂ ਭਰ-ਭਰ ਨਿਕਲਿਆ ਕੈਸ਼, ਪੁਲਸ ਖਾ ਗਈ ਜਾਂ...
Wednesday, Feb 07, 2018 - 11:11 AM (IST)

ਚੰਡੀਗੜ੍ਹ : ਡੇਰਾ ਸੱਚਾ ਸੌਦਾ ਨਾਲ ਜੁੜੇ ਮਾਮਲੇ 'ਚ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਡੇਰੇ ਦੇ ਆਈ. ਟੀ. ਹੈੱਡ ਵਿਨੀਤ ਕੁਮਾਰ ਨੇ ਐੱਸ. ਆਈ. ਟੀ. ਸਾਹਮਣੇ ਪੁੱਛਗਿੱਛ 'ਚ ਮੰਨਿਆ ਕਿ ਡੇਰੇ 'ਚੋਂ ਗੱਡੀਆਂ ਭਰ ਕੇ ਕੈਸ਼ ਬਾਹਰ ਗਿਆ ਅਤੇ ਉਸ ਨੂੰ ਬਲਰਾਜ ਸਿੰਘ ਨਾਂ ਦਾ ਵਿਅਕਤੀ ਬਾਹਰ ਲੈ ਕੇ ਗਿਆ। ਇਸ ਤੋਂ ਬਾਅਦ ਪੁਲਸ ਨੇ ਬਲਰਾਜ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ। ਇਸ ਤੋਂ ਪਤਾ ਲੱਗਦਾ ਹੈ ਕਿ ਜਾਂਚ ਦਾ ਪੱਧਰ ਕੀ ਰਿਹਾ। ਵਿਨੀਤ ਕੁਮਾਰ ਨੇ ਕਿਹਾ ਕਿ ਡੇਰੇ 'ਚੋਂ ਨਿਕਲਿਆ ਕੈਸ਼ ਪੁਲਸ ਖਾ ਗਈ ਜਾਂ ਫਿਰ ਗਰਾਊਂਡ 'ਚ ਡੰਪ ਕਰ ਦਿੱਤਾ ਗਿਆ, ਇਸ ਦਾ ਕੋਈ ਪਤਾ ਨਹੀਂ ਚੱਲਿਆ। ਫਿਲਹਾਲ ਹਾਈਕੋਰਟ ਨੇ ਐੱਸ. ਆਈ. ਟੀ. ਨੂੰ ਹੁਕਮ ਦਿੱਤਾ ਕਿ ਉਹ ਅਦਾਲਤ ਨੂੰ ਗੁੰਮਰਾਹ ਕਰਨਾ ਬੰਦ ਕਰੇ ਅਤੇ ਆਪਣੀ ਜਾਂਚ ਸੁਚੱਜੇ ਢੰਗ ਨਾਲ ਪੂਰੀ ਕਰੇ। ਅਦਾਲਤ 'ਚ ਜੱਜ ਸੂਰੀਆਕਾਂਤ ਨੇ ਐੱਸ. ਆਈ. ਟੀ. ਦੀ ਜਾਂਚ 'ਤੇ ਅਸੰਤੋਸ਼ ਜ਼ਾਹਰ ਕਰਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਸਨ ਕਿ ਪੁੱਛਗਿੱਛ ਦਾ ਖੁਲਾਸਾ ਜਨਤਕ ਕੀਤਾ ਜਾਵੇ ਪਰ ਜਦੋਂ ਜਾਂਚ 'ਚ ਹੀ ਖਾਮੀਆਂ ਹਨ ਤਾਂ ਉਸ ਨੂੰ ਜਨਤਕ ਕਰਨਾ ਹੀ ਬਿਹਤਰ ਹੋਵੇਗਾ।