ਸਿਹਤ ਵਿਭਾਗ ਪੰਜਾਬ ਨੂੰ ਕਰੇਗਾ 2020 ਤੱਕ ਮਲੇਰੀਆ ਮੁਕਤ

09/23/2017 6:57:54 AM

ਅੰਮ੍ਰਿਤਸਰ, (ਦਲਜੀਤ)- ਸਿਹਤ ਵਿਭਾਗ ਨੇ ਪੰਜਾਬ ਨੂੰ 2020 ਤੱਕ ਮਲੇਰੀਆ ਮੁਕਤ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ। ਵਿਭਾਗ ਨੇ ਇਸ ਸਬੰਧੀ ਅੰਮ੍ਰਿਤਸਰ ਸਮੇਤ ਰਾਜ ਦੇ 9 ਜ਼ਿਲਿਆਂ ਨੂੰ ਚੁਣ ਕੇ 3 ਸ਼੍ਰੇਣੀਆਂ ਵਿਚ ਵੰਡਿਆ ਹੈ। ਵਿਭਾਗ ਦੀਆਂ ਟੀਮਾਂ ਉਕਤ ਜ਼ਿਲਿਆਂ ਵਿਚ ਜਾ ਕੇ ਹੇਠਲੇ ਪੱਧਰ ਤੱਕ ਲੋਕਾਂ ਨਾਲ ਗੱਲਬਾਤ ਕਰ ਕੇ ਮਹੱਤਵਪੂਰਨ ਜਾਣਕਾਰੀ ਇਕੱਠੀ ਕਰਨਗੀਆਂ। ਸਿਹਤ ਵਿਭਾਗ ਦੇ ਉੱਘੇ ਅਧਿਕਾਰੀਆਂ ਦਾ ਇਕ ਵਫਦ ਇਸ ਸਬੰਧੀ ਅੰਮ੍ਰਿਤਸਰ ਪਹੁੰਚਿਆ। ਵਿਭਾਗ ਦੇ ਅਧਿਕਾਰੀ ਉਨ੍ਹਾਂ ਜ਼ਿਲਿਆ ਵਿਚ ਜਾਂਚ ਕਰਨਗੇ ਜਿਥੇ ਮਲੇਰੀਆ ਦੇ ਸਭ ਤੋਂ ਵੱਧ ਕੇਸ ਪਾਏ ਗਏ ਹਨ।
ਜਾਣਕਾਰੀ ਅਨੁਸਾਰ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਵੱਲੋਂ 2030 ਤੱਕ ਭਾਰਤ ਨੂੰ ਮਲੇਰੀਆ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਦੋਂ ਕਿ ਪੰਜਾਬ ਨੂੰ 2020 ਤੱਕ ਇਹ ਟੀਚਾ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਰਾਜਾਂ ਦੇ ਸਿਹਤ ਵਿਭਾਗਾਂ ਨੂੰ ਇਸ ਸਬੰਧੀ ਨਿਰਦੇਸ਼ ਜਾਰੀ ਕਰਦਿਆਂ ਸਾਕਾਰਾਤਮਕ ਢੰਗ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ।
ਡਾ. ਸ਼ਰਮਾ ਨੇ ਸਪੱਸ਼ਟ ਕੀਤਾ ਕਿ ਕੇਂਦਰੀ ਸਿਹਤ ਮੰਤਰਾਲਾ ਨੇ 11 ਫਰਵਰੀ 2016 ਨੂੰ ਦੇਸ਼ 'ਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਖਾਸ ਗੱਲ ਇਹ ਹੈ ਕਿ ਪੰਜਾਬ ਦੇਸ਼ ਦਾ ਇਕਮਾਤਰ ਅਜਿਹਾ ਸੂਬਾ ਹੈ ਜਿਸ ਨੇ 2017 ਵਿਚ ਇਹ ਐਲਾਨ ਕੀਤਾ ਕਿ ਸਾਲ 2020 ਤੱਕ ਮਲੇਰੀਆ ਤੋਂ ਨਿਜਾਤ ਪਾਈ ਜਾਵੇਗੀ।  
ਇਸ ਮੁਹਿੰਮ ਅਨੁਸਾਰ ਸੂਬੇ ਦੇ 9 ਜ਼ਿਲਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ 'ਚ ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਲੁਧਿਆਣਾ, ਬਰਨਾਲਾ, ਸੰਗਰੂਰ, ਮਾਨਸਾ, ਮੁਕਤਸਰ ਤੇ ਮੋਹਾਲੀ ਸ਼ਾਮਿਲ ਹਨ। ਇਨ੍ਹਾਂ ਸਾਰੇ ਜ਼ਿਲਿਆਂ ਨੂੰ 3 ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ। ਮਾਨਸਾ, ਮੁਕਤਸਰ ਅਤੇ ਮੋਹਾਲੀ ਵਿਚ ਮਲੇਰੀਆ ਦੇ ਸਭ ਤੋਂ ਵੱਧ ਕੇਸ ਹਨ, ਇਸ ਲਈ ਇਨ੍ਹਾਂ ਨੂੰ ਹਾਈ ਰਿਸਕ ਐਲਾਨ ਕੀਤਾ ਗਿਆ ਹੈ। ਇਸ ਤਰ੍ਹਾਂ ਸੰਗਰੂਰ, ਲੁਧਿਆਣਾ ਅਤੇ ਬਰਨਾਲਾ ਨੂੰ ਮੀਡੀਅਮ ਕੈਟਾਗਰੀ ਵਿਚ ਰੱਖਿਆ ਗਿਆ ਹੈ, ਜਦੋਂ ਕਿ ਕਪੂਰਥਲਾ, ਜਲੰਧਰ ਅਤੇ ਅੰਮ੍ਰਿਤਸਰ ਲੋਅ ਕੈਟਾਗਰੀ ਵਿਚ ਆਉਣ ਵਾਲੇ ਜ਼ਿਲੇ ਹਨ। ਵਿਭਾਗ ਨੇ ਇਨ੍ਹਾਂ ਜ਼ਿਲਿਆਂ ਦਾ ਵਿਆਪਕ ਸਰਵੇ ਸ਼ੁਰੂ ਕੀਤਾ ਹੈ। ਇਸ ਦੌਰਾਨ ਇਥੇ ਮਲੇਰੀਆ ਪਾਜ਼ੇਟਿਵ ਦੇ 53 ਮਰੀਜ਼ ਰਿਪੋਰਟ ਹੋਏ ਹਨ।
ਜ਼ਿਲਾ ਮਲੇਰੀਆ ਅਧਿਕਾਰੀ ਡਾ. ਮਦਨ ਮੋਹਨ ਨੇ ਕਿਹਾ ਕਿ ਇਨ੍ਹਾਂ ਜ਼ਿਲਿਆਂ ਦੇ ਉਨ੍ਹਾਂ ਖੇਤਰਾਂ ਨੂੰ ਚੁਣਿਆ ਗਿਆ ਹੈ ਜਿਥੇ ਹਰ ਸਾਲ ਮਲੇਰੀਆ ਦੇ ਸਭ ਤੋਂ ਵੱਧ ਮਰੀਜ਼ ਰਿਪੋਰਟ ਹੁੰਦੇ ਹਨ। ਅੰਮ੍ਰਿਤਸਰ ਵਿਚ ਕਾਂਗੜਾ ਕਾਲੋਨੀ ਅਤੇ ਮੁਸਤਫਾਬਾਦ ਹਾਈ ਰਿਸਕ ਏਰੀਏ ਹਨ। ਸਿਹਤ ਵਿਭਾਗ ਨੇ ਆਸ਼ਾ ਵਰਕਰਾਂ ਅਤੇ ਏ. ਐੱਨ. ਐੱਮ. ਨੂੰ ਸਰਵੇ ਦੇ ਕੰਮ ਵਿਚ ਲਾਇਆ ਹੈ। ਇਹ ਵਰਕਰ ਘਰ-ਘਰ ਜਾ ਕੇ ਇਹ ਦੇਖ ਰਹੇ ਹਨ ਕਿ ਸ਼ੱਕੀ ਬੁਖਾਰ ਨਾਲ ਪੀੜਤ ਮਰੀਜ਼ ਤਾਂ ਨਹੀਂ। ਮਰੀਜ਼ ਮਿਲਣ 'ਤੇ ਉਸ ਦੀ ਤੱਤਕਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦਵਾਈ ਦੇ ਕੇ ਮਲੇਰੀਆ ਤੋਂ ਮੁਕਤ ਕੀਤਾ ਜਾ ਰਿਹਾ ਹੈ।
ਡਾ. ਮਦਨ ਨੇ ਕਿਹਾ ਕਿ ਮਾਦਾ ਐਨਾਫਲੀਜ਼ ਮੱਛਰ ਦੀ ਫੈਲਸੀਪ੍ਰੇਮ ਪ੍ਰਜਾਤੀ ਦੇ ਪਲਾਸਮੋਡੀਅਮ ਵਾਇਰਸ ਨਾਲ ਮਲੇਰੀਆ ਫੈਲਦਾ ਹੈ। ਇਸ ਸ਼੍ਰੇਣੀ ਦੇ ਮੱਛਰ ਨੂੰ ਨਸ਼ਟ ਵੀ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਐਂਟੀ-ਲਾਰਵਾ ਟੀਮਾਂ ਮੱਛਰ ਮਾਰ ਦਵਾਈ ਦਾ ਛਿੜਕਾਅ ਕਰ ਰਹੀਆਂ ਹਨ।
ਸਲੱਮ ਖੇਤਰਾਂ 'ਤੇ ਹੈ ਫੋਕਸ : ਡਾ. ਮਦਨ ਮੋਹਨ ਨੇ ਕਿਹਾ ਕਿ ਵਿਭਾਗ ਵੱਲੋਂ ਸਲੱਮ ਖੇਤਰਾਂ 'ਤੇ ਵੱਧ ਫੋਕਸ ਕੀਤਾ ਜਾ ਰਿਹਾ ਹੈ ਤੇ ਮੱਛਰ ਮਾਰ ਦਵਾਈ ਦਾ ਛਿੜਕਾਅ ਕੀਤਾ ਜਾਵੇਗਾ। ਇਸ ਤੋਂ ਬਾਅਦ ਮਲੇਰੀਆ ਤੋਂ ਪ੍ਰਭਾਵਿਤ ਲੋਕਾਂ ਨੂੰ ਤੱਤਕਾਲ ਇਲਾਜ ਦਿੱਤਾ ਜਾਵੇਗਾ। ਮਲੇਰੀਆ 'ਤੇ ਜਿੱਤ ਪਾਉਣ ਵਾਲਾ ਪੰਜਾਬ ਪਹਿਲਾ ਰਾਜ ਹੋ ਸਕਦਾ ਹੈ ਕਿਉਂਕਿ ਪੰਜਾਬ ਵਿਚ 2014 ਦੇ ਸਰਕਾਰੀ ਅੰਕੜਿਆਂ 1036 ਦੀ ਤੁਲਨਾ ਵਿਚ 2015 ਵਿਚ ਸਿਰਫ 586 ਮਾਮਲੇ ਸਾਹਮਣੇ ਆਏ। ਇਹ ਅੰਕੜੇ ਦੇਸ਼ ਦੇ ਹੋਰ ਰਾਜਾਂ ਦੀ ਤੁਲਨਾ ਵਿਚ ਬੇਹੱਦ ਘੱਟ ਹਨ।


Related News