ਗੁਰਦਾਸਪੁਰ-ਮੁਕੇਰੀਆਂ ਮਾਰਗ ਨੂੰ ਚਾਰ ਮਾਰਗੀ ਬਣਾਉਣ ਦਾ ਮਾਮਲਾ ਲਟਕਿਆ, ਰੋਜ਼ਾਨਾ ਹੋ ਰਹੇ ਵੱਡੇ ਹਾਦਸੇ
Saturday, Feb 21, 2026 - 12:17 PM (IST)
ਗੁਰਦਾਸਪੁਰ (ਹਰਮਨ): ਜ਼ਿਲ੍ਹਾ ਗੁਰਦਾਸਪੁਰ ਨੂੰ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਨਾਲ ਜੋੜਨ ਵਾਲੀ ਸਭ ਤੋਂ ਅਹਿਮ ‘ਗੁਰਦਾਸਪੁਰ–ਮੁਕੇਰੀਆਂ’ ਸੜਕ ਨੂੰ ਚਾਰ ਮਾਰਗੀ (ਫੋਰ-ਲੇਨ) ਬਣਾਉਣ ਦਾ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਠੰਡੇ ਬਸਤੇ ’ਚ ਪਿਆ ਹੋਇਆ ਹੈ। ਇਕ ਪਾਸੇ ਜਿੱਥੇ ਸੂਬਾ ਸਰਕਾਰ ਪੰਜਾਬ ’ਚ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਹੀ ਸਰਹੱਦੀ ਖੇਤਰ ਦੀ ਇਸ ਮਹੱਤਵਪੂਰਨ ਸੜਕ ਵੱਲ ਕੀਤੀ ਜਾ ਰਹੀ ਅਣਦੇਖੀ ਲੋਕਾਂ ਦੀਆਂ ਜਾਨਾਂ ’ਤੇ ਭਾਰੀ ਪੈ ਰਹੀ ਹੈ।
ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਵੱਡਾ ਤੋਹਫਾ: ਨਵੀਂ ਸਪੈਸ਼ਲ ਟ੍ਰੇਨ ਦਾ ਐਲਾਨ, ਜਾਣੋ ਕਿਹੜੇ ਸਟੇਸ਼ਨਾਂ ’ਤੇ ਹੋਵੇਗਾ ਠਹਿਰਾਅ
ਗੁਰਦਾਸਪੁਰ ਤੋਂ ਮੁਕੇਰੀਆਂ ਤੱਕ ਦਾ ਕਰੀਬ 25 ਕਿਲੋਮੀਟਰ ਦਾ ਇਹ ਟੁਕੜਾ ਬੇਹੱਦ ਤੰਗ ਹੈ। ਇਸ ਮਾਰਗ ’ਤੇ ਟ੍ਰੈਫਿਕ ਦਾ ਦਬਾਅ ਇੰਨਾ ਜ਼ਿਆਦਾ ਵਧ ਚੁੱਕਾ ਹੈ ਕਿ ਇੱਥੇ ਹਰ ਰੋਜ਼ ਕੋਈ ਨਾ ਕੋਈ ਛੋਟਾ-ਵੱਡਾ ਹਾਦਸਾ ਵਾਪਰਨਾ ਆਮ ਗੱਲ ਹੋ ਗਈ ਹੈ। ਦੋ ਦਿਨ ਪਹਿਲਾਂ ਹੀ ਦੋ ਤੇਜ਼ ਰਫ਼ਤਾਰ ਟਿੱਪਰਾਂ ਵਿਚਕਾਰ ਹੋਈ ਭਿਆਨਕ ਟੱਕਰ ਨੇ ਇੱਕ ਵਾਰ ਫਿਰ ਇਸ ਸੜਕ ਦੀ ਚੌੜਾਈ ਵਧਾਉਣ ਦੀ ਮੰਗ ਨੂੰ ਤੇਜ਼ ਕਰ ਦਿੱਤਾ ਹੈ। ਧੁੰਦ ਦੇ ਦਿਨਾਂ ਵਿੱਚ ਇਹ ਸੜਕ ਕਿਸੇ ‘ਮੌਤ ਦੇ ਜਾਲ’ ਤੋਂ ਘੱਟ ਨਹੀਂ ਹੁੰਦੀ, ਜਿੱਥੇ ਮਾਮੂਲੀ ਲਾਪਰਵਾਹੀ ਵੀ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣਦੀ ਹੈ।
ਇਹ ਵੀ ਪੜ੍ਹੋ- ਪੰਜਾਬ: ਯੂਨੀਵਰਸਿਟੀ ਦੀ ਵਿਦਿਆਰਥਣ ਦੀ ਹੋਸਟਲ 'ਚੋਂ ਮਿਲੀ ਲਾਸ਼, ਹਾਲਤ ਵੇਖ ਉੱਡੇ ਹੋਸ਼
ਇਸ ਮਾਰਗ ਦੀ ਅਹਿਮੀਅਤ ਇਸ ਕਰ ਕੇ ਵੀ ਜ਼ਿਆਦਾ ਹੈ ਕਿਉਂਕਿ ਇੱਥੇ ਮੁਕੇਰੀਆਂ ਅਤੇ ਦਸੂਹਾ ਦੀਆਂ ਦੋ ਵੱਡੀਆਂ ਖੰਡ ਮਿੱਲਾਂ ਸਥਿਤ ਹਨ। ਗੰਨੇ ਦੇ ਸੀਜ਼ਨ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ਇਸੇ ਤੰਗ ਸੜਕ ਰਾਹੀਂ ਗੁਜ਼ਰਦੀਆਂ ਹਨ। ਸੜਕ ਦੀ ਚੌੜਾਈ ਘੱਟ ਹੋਣ ਕਾਰਨ ਜਦੋਂ ਵੱਡੀਆਂ ਗੱਡੀਆਂ ਜਾਂ ਟਰਾਲੀਆਂ ਆਹਮੋ-ਸਾਹਮਣੇ ਆਉਂਦੀਆਂ ਹਨ, ਤਾਂ ਕਈ-ਕਈ ਘੰਟੇ ਜਾਮ ਲੱਗਾ ਰਹਿੰਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖ਼ਸਤਾਹਾਲ ਅਤੇ ਤੰਗ ਸੜਕ ਕਾਰਨ ਉਨ੍ਹਾਂ ਨੂੰ ਮੰਡੀ ਤੱਕ ਪਹੁੰਚਣ ਵਿੱਚ ਭਾਰੀ ਮੁਸ਼ਕਲ ਆਉਂਦੀ ਹੈ।
ਇਹ ਵੀ ਪੜ੍ਹੋ- ਲੱਖਾਂ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਪੰਜਾਬ ਯੂਥ ਕਾਂਗਰਸ ਦਾ ਆਗੂ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਕਰੀਬ ਤਿੰਨ ਸਾਲ ਪਹਿਲਾਂ ਤਤਕਾਲੀ ਡਿਪਟੀ ਕਮਿਸ਼ਨਰ ਵੱਲੋਂ ਇਸ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ ਇਕ ਵਿਸਥਾਰਪੂਰਵਕ ਤਜਵੀਜ਼ ਸਰਕਾਰ ਨੂੰ ਭੇਜੀ ਗਈ ਸੀ। ਇਸ ਪ੍ਰੋਜੈਕਟ ’ਚ ਸੜਕ ਦੀ ਚੌੜਾਈ 10 ਮੀਟਰ ਤੱਕ ਵਧਾਉਣ ਅਤੇ ਜ਼ਮੀਨ ਅਧਿਗ੍ਰਹਿਣ ਕਰਨ ਸਮੇਤ ਕੁੱਲ 295 ਕਰੋੜ ਰੁਪਏ ਦੀ ਲਾਗਤ ਮਿੱਥੀ ਗਈ ਸੀ। ਉਸ ਸਮੇਂ ਇਹ ਉਮੀਦ ਜਤਾਈ ਗਈ ਸੀ ਕਿ ਇਸ ਨਾਲ ਜ਼ਿਲ੍ਹਾ ਗੁਰਦਾਸਪੁਰ ਦੀ ਆਰਥਿਕਤਾ ਅਤੇ ਆਵਾਜਾਈ ਵਿੱਚ ਵੱਡਾ ਸੁਧਾਰ ਹੋਵੇਗਾ, ਪਰ ਅੱਜ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਫ਼ਾਈਲ ’ਤੇ ਕੋਈ ਕਾਰਵਾਈ ਨਹੀਂ ਹੋਈ।
ਇਹ ਸੜਕ ਗੁਰਦਾਸਪੁਰ ਨੂੰ ਸਿੱਧੇ ਤੌਰ ’ਤੇ ਲੁਧਿਆਣਾ, ਚੰਡੀਗੜ੍ਹ ਅਤੇ ਦਿੱਲੀ ਵਰਗੇ ਮਹਾਨਗਰਾਂ ਨਾਲ ਜੋੜਦੀ ਹੈ। ਸਰਹੱਦੀ ਖੇਤਰ ਹੋਣ ਕਾਰਨ ਫ਼ੌਜੀ ਕਾਫ਼ਲਿਆਂ ਦੀ ਆਵਾਜਾਈ ਲਈ ਵੀ ਇਹ ਮਾਰਗ ਰਣਨੀਤਕ ਤੌਰ ’ਤੇ ਬੇਹੱਦ ਅਹਿਮ ਹੈ। ਸਥਾਨਕ ਨਿਵਾਸੀਆਂ ਅਤੇ ਵਪਾਰ ਮੰਡਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਲੰਬਿਤ ਪਏ ਪ੍ਰੋਜੈਕਟ ਨੂੰ ਤੁਰੰਤ ਮਨਜ਼ੂਰੀ ਦੇ ਕੇ ਕੰਮ ਸ਼ੁਰੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰੋਜ਼ਾਨਾ ਦੀਆਂ ਦਿੱਕਤਾਂ ਤੋਂ ਨਿਜਾਤ ਮਿਲ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
