ਲੋਕਾਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ, ਸਿਹਤ ਵਿਭਾਗ ਚੁੱਪ

Thursday, Mar 15, 2018 - 12:07 PM (IST)

ਲੁਧਿਆਣਾ (ਸਹਿਗਲ) : ਸ਼ਹਿਰ 'ਚ ਫੂਡ ਸੈਂਪਲਿੰਗ ਦਾ ਕੰਮ ਠੱਪ ਹੋਣ 'ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣ ਦੀ ਸੰਭਾਵਨਾ ਵੱਧ ਰਹੀ ਹੈ। ਫੂਡ ਸੈਂਪਲਿੰਗ ਦਾ ਕੰਮ ਠੱਪ ਹੋਣ ਨਾਲ ਸਿਵਲ ਸਰਜਨ ਦਫਤਰ ਵੀ ਚੁੱਪ ਧਾਰੀ ਬੈਠਾ ਹੈ। ਵਿਭਾਗ ਦੀ ਇਸ ਚੁੱਪ 'ਤੇ ਕੌਂਸਲ ਆਫ ਆਰ. ਟੀ. ਆਈ. ਐਕਟੀਵਿਸਟ ਨੇ ਮੁੱਖ ਮੰਤਰੀ, ਚੀਫ ਵਿਜੀਲੈਂਸ ਬਿਊਰੋ, ਪਿੰ੍ਰਸੀਪਲ ਸਿਹਤ ਸਕੱਤਰ ਤੇ ਫੂਡ ਸੇਫਟੀ ਕਮਿਸ਼ਨਰ ਨੂੰ ਲਿਖਤ ਸ਼ਿਕਾਇਤ ਭੇਜ ਕੇ ਕਿਹਾ ਹੈ ਕਿ ਸਿਹਤ ਵਿਭਾਗ ਦੀ ਫੂਡ ਸੈਂਪਲਿੰਗ ਟੀਮ ਦੇ ਇਸ ਰਵੱਈਏ ਨਾਲ ਲੋਕਾਂ ਦੀ ਸਿਹਤ ਦਾਅ 'ਤੇ ਲੱਗੀ ਹੋਈ ਹੈ। ਮਿਲਾਵਟਖੋਰਾਂ ਨੂੰ ਰੋਕਣ ਦੇ ਯਤਨ ਨਹੀਂ ਕੀਤੇ ਜਾ ਰਹੇ। ਹੈਲਥ ਬਰਾਂਚ ਦੇ ਅਧਿਕਾਰੀਆਂ ਦੀ ਕਾਰਜਗੁਜ਼ਾਰੀ ਦੇ ਚਰਚੇ ਸਾਰੇ ਸ਼ਹਿਰ 'ਚ ਹਨ। ਕੌਂਸਲ ਦੇ ਪ੍ਰਧਾਨ ਰੋਹਿਤ ਸਭਰਵਾਲ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੀ ਟੀਮ ਆਪਣੇ ਹਿਤਾਂ ਤਹਿਤ ਸੈਂਪਲ ਲੈਣ ਦਾ ਕੰਮ ਕਰ ਰਹੀ ਹੈ। ਸ਼ਹਿਰਾਂ 'ਚ ਹਜ਼ਾਰਾਂ ਖਾਣ-ਪੀਣ ਦੀਆਂ ਦੁਕਾਨਾਂ, ਹੋਟਲ, ਢਾਬਿਆਂ, ਬੇਕਰੀ ਫੂਲ ਜੰਕਸ਼ਨ, ਚੌਪਾਟੀ, ਡੇਅਰੀ ਤੇ ਹੋਰ ਫੂਡ ਬਿਜ਼ਨੈੱਸ ਆਪਰੇਟਰ ਕੰਮ ਕਰ ਰਹੇ ਹਨ। ਇਨ੍ਹਾਂ 'ਚ ਮਿਲਾਵਟੀ ਤੇ ਦੂਸ਼ਿਤ ਵਸਤੂਆਂ ਵੇਚਣ ਵਾਲੇ ਵੀ ਸ਼ਾਮਲ ਹਨ ਪਰ ਆਪਣਾ ਹਿਤ ਮੁੱਖ ਰੱਖਦੇ ਹੋਏ ਜਨਹਿਤ ਨੂੰ ਬਲੀ 'ਤੇ ਚੜ੍ਹਾਇਆ ਜਾ ਰਿਹਾ ਹੈ।
ਸੇਵਾ ਕਰ ਕੇ ਬਦਲ ਜਾਂਦੀ ਹੈ ਸੈਂਪਲ ਦੀ ਪ੍ਰਕਿਰਿਆ 
ਰੋਹਿਤ ਸਭਰਵਾਲ ਨੇ ਆਪਣੀ ਸ਼ਿਕਾਇਤ 'ਚ ਇਹ ਦੋਸ਼ ਲਾਇਆ ਹੈ ਕਿ ਸੇਵਾ ਕਰ ਕੇ ਸੈਂਪਲ ਲੈਣ ਦੀ ਪ੍ਰਕਿਰਿਆ ਬਦਲ ਜਾਂਦੀ ਹੈ। ਖੁੱਲ੍ਹੀਆਂ ਵਸਤੂਆਂ ਦੇ ਸੈਂਪਲ ਲੈਣ ਦੀ ਬਜਾਏ ਬਰਾਂਡਿਡ ਵਸਤੂਆਂ ਦੇ ਸੈਂਪਲ ਲੈ ਕੇ ਖਾਨਾਪੂਰਤੀ ਕੀਤੀ ਜਾਂਦੀ ਹੈ। ਸ਼ਹਿਰ 'ਚ ਕਿਸੇ ਫੂਡ ਬਿਜ਼ਨੈੱਸ ਆਪ੍ਰੇਟਰ ਦੀ ਕਿਚਨ ਦੀ ਜਾਂਚ ਨਹੀਂ ਕੀਤੀ ਜਾਂਦੀ। ਕਰਮਚਾਰੀਆਂ ਨੇ ਸਿਰ 'ਤੇ ਕੈਂਪ ਲਾਈ ਹੈ ਜਾਂ ਨਹੀਂ, ਉਨ੍ਹਾਂ ਨੇ ਨਹੁੰ ਕੱਟੇ ਹਨ ਜਾਂ ਨਹੀਂ, ਉਨ੍ਹਾਂ ਦਾ ਮੈਡੀਕਲ ਹੋਇਆ ਜਾਂ ਨਹੀਂ, ਕੋਈ ਜਾਂਚ ਕਰਨ ਨਹੀਂ ਜਾਂਦਾ। ਜੇਕਰ ਕੋਈ ਫੂਡ ਬਿਜ਼ਨੈੱਸ ਆਪ੍ਰੇਟਰ ਇਨ੍ਹਾਂ ਦੀ ਗੱਲ ਨਹੀਂ ਸਹਿੰਦਾ ਤਾਂ ਉਸਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਜਾਂਦੇ ਹਨ। ਚਰਚਾ ਤਾਂ ਇਹ ਵੀ ਹੈ ਕਿ ਜਾਂਚ ਲਈ ਲੈਬ 'ਚ ਭੇਜੇ ਸੈਂਪਲ ਇਨ੍ਹਾਂ ਨੂੰ ਫੇਲ ਤੇ ਪਾਸ ਕਰਵਾਉਣ ਦੀ ਗਾਰੰਟੀ ਵੀ ਦਿੱਤੀ ਜਾਂਦੀ ਹੈ।
925 ਸੈਂਪਲਾਂ 'ਚੋਂ 677 ਹੋ ਗਏ ਪਾਸ 
ਸਿਹਤ ਵਿਭਾਗ ਨੇ ਆਪਣੀ ਕਾਰਗੁਜ਼ਾਰੀ ਦਾ ਨਮੂਨਾ ਆਪਣੇ ਬੀਤੇ ਸਾਲ ਦੀ ਰਿਪੋਰਟ 'ਚ ਪੇਸ਼ ਕੀਤਾ ਹੈ। ਆਰ. ਟੀ. ਆਈ. ਐਕਟ ਤਹਿਤ ਦਿੱਤੀ ਗਈ ਜਾਣਕਾਰੀ 'ਚ ਖੁਦ ਜ਼ਿਲਾ ਸਿਹਤ ਅਧਿਕਾਰੀ ਨੇ ਮੰਨਿਆ ਕਿ ਬੀਤੇ ਸਾਲ ਲਏ ਗਏ 925 ਸੈਂਪਲਾਂ 'ਚੋਂ 677 ਪਾਸ ਹੋ ਗਏ ਹਨ ਜਦਕਿ 248 ਸੈਂਪਲ ਫੇਲ ਹੋ ਗਏ ਹਨ। ਵਰਨਣਯੋਗ ਹੈ ਕਿ ਸਰਕਾਰ ਵਲੋਂ ਜ਼ਿਲਾ ਲੁਧਿਆਣਾ 'ਚ ਸਾਲ 'ਚ 3 ਹਜ਼ਾਰ ਸੈਂਪਲ ਲੈਣ ਦਾ ਉਦੇਸ਼ ਨਿਰਧਾਰਿਤ ਕੀਤਾ ਹੋਇਆ ਹੈ। ਜਿਸ ਤਹਿਤ ਘੱਟ ਤੋਂ ਘੱਟ 250 ਸੈਂਪਲ ਹਰ ਮਹੀਨੇ ਲੈਣੇ ਜ਼ਰੂਰੀ ਹਨ, ਜਦਕਿ ਇਹ ਟਾਰਗੇਟ ਕਦੇ ਪੂਰਾ ਨਹੀਂ ਕੀਤਾ ਗਿਆ। 
ਟਾਰਗੇਟ ਘੱਟ ਕਰ ਦਿਓ, ਅਫਸਰ ਨਾ ਬਦਲੋ
ਸਿਹਤ ਵਿਭਾਗ 'ਚ ਇਹ ਚਰਚਾ ਵੀ ਆਮ ਹੈ ਕਿ ਸਿਹਤ ਅਧਿਕਾਰੀ ਵਲੋਂ ਮੈਨਪਾਵਰ ਦੀ ਘਾਟ ਦਾ ਰੋਣਾ ਹਰਦਮ ਰੋਇਆ ਜਾਂਦਾ ਹੈ। ਜਦਕਿ ਪਹੁੰਚ ਕਾਰਨ ਨਵੇਂ ਫੂਡ ਸੇਫਟੀ ਅਫਸਰ ਨੂੰ ਇਥੇ ਤਾਇਨਾਤ ਨਹੀਂ ਹੋਣ ਦਿੱਤਾ ਜਾਂਦਾ। ਇਸ ਦੇ ਉਲਟ ਮਾਸਿਕ ਫੂਡ ਸੈਂਪਲਿੰਗ ਦਾ ਉਦੇਸ਼ ਵੀ 250 ਤੋਂ 200 ਕਰਨ ਨੂੰ ਕਹਿ ਦਿੱਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਚੰਡੀਗੜ੍ਹ ਬੈਠੇ ਇਸ ਟੀਮ ਦੇ ਆਕਾ ਨੇ ਇਸਦੀ ਮਨਜ਼ੂਰੀ ਵੀ ਦਿਵਾ ਦਿੱਤੀ ਹੈ। ਮਤਲਬ ਹੁਣ ਉੱਚੀ ਪਹੁੰਚ ਕਾਰਨ ਫੂਡ ਬਰਾਂਚ ਦੀ ਟੀਮ ਦੇ ਨਖਰੇ ਕਾਫੀ ਵਧ ਗਏ ਹਨ। ਆਕਾ ਦੇ ਨਾਂ 'ਤੇ ਲੋਕਾਂ ਦੇ ਹੱਕਾਂ 'ਤੇ ਡਾਕਾ ਜਾਰੀ ਹੈ, ਜਿਸ ਦੀ ਗੰਭੀਰ ਜਾਂਚ ਦੀ ਲੋੜ ਹੈ।


Related News