ਹੌਲਦਾਰ ਨੇ ਔਰਤ ਦੇ ਕੱਪੜੇ ਪਾੜ ਪੁਲਸ ਦੀ ਵਰਦੀ ਨੂੰ ਕੀਤਾ ਤਾਰ-ਤਾਰ

02/26/2018 6:08:22 AM

ਫਿਲੌਰ, (ਭਾਖੜੀ)- ਜਿਸ ਪੰਜਾਬ ਪੁਲਸ ਦੇ ਮੋਢਿਆਂ 'ਤੇ ਔਰਤਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਹੈ, ਉਸੇ ਪੁਲਸ ਦੇ ਹੌਲਦਾਰ ਨੇ ਕਿਸੇ ਗੱਲ ਨੂੰ ਲੈ ਕੇ ਗੁੱਸੇ 'ਚ ਆ ਕੇ ਔਰਤ ਦੇ ਕੱਪੜੇ ਪਾੜ ਕੇ ਪੁਲਸ ਦੀ ਵਰਦੀ ਨੂੰ ਤਾਰ-ਤਾਰ ਕਰ ਦਿੱਤਾ। 
ਨੇੜਲੇ ਪਿੰਡ ਗੰਨਾ ਦੀ ਪੰਚ ਰਤਨੋ ਨੇ ਦੱਸਿਆ ਕਿ ਉਸ ਦੀ ਨੁੰਹ ਗੁਆਂਢ ਦੇ ਮੁਹੱਲੇ 'ਚ ਰਹਿੰਦੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਗਈ। ਜਿਉਂ ਹੀ ਦੁਪਹਿਰ 2 ਵਜੇ ਦੇ ਲਗਭਗ ਵਾਪਸ ਘਰ ਆ ਰਹੀ ਸੀ ਤਾਂ ਰਸਤੇ 'ਚ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲਾ ਹੌਲਦਾਰ ਜੋ ਪੰਜਾਬ ਪੁਲਸ ਲੁਧਿਆਣਾ 'ਚ ਤਾਇਨਾਤ ਹੈ, ਉਸ ਨੂੰ ਮਿਲ ਗਿਆ ਅਤੇ ਕਿਸੇ ਗੱਲ ਨੂੰ ਲੈ ਕੇ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਿਆ, ਜਦ ਉਸ ਨੇ ਇਤਰਾਜ਼ ਜਤਾਇਆ ਤਾਂ ਹੌਲਦਾਰ ਇਸ ਕਦਰ ਗੁੱਸੇ 'ਚ ਆ ਗਿਆ ਕਿ ਉਸ ਦੇ ਸ਼ਰੇਆਮ ਕੱਪੜੇ ਪਾੜ ਦਿੱਤੇ ਅਤੇ ਉਸ ਨੂੰ ਨੰਗਾ ਕਰ ਕੇ ਬੁਰੀ ਤਰ੍ਹਾਂ ਨਾਲ ਕੁੱਟਣ ਲੱਗਾ। ਜਦ ਉਸ ਦੇ ਰਿਸ਼ਤੇਦਾਰਾਂ ਨੇ ਹੌਲਦਾਰ ਨੂੰ ਫੜ ਲਿਆ ਤਾਂ ਉਸ ਨੇ ਖੁਦ ਆਪਣੇ ਕੱਪੜੇ ਉਤਾਰ ਲਏ।   ਪੰਚ ਨੇ ਦੱਸਿਆ ਕਿ ਉਸ ਨੇ ਘਰ ਦੇ ਬਿਸਤਰ 'ਤੇ ਪਈ ਚਾਦਰ ਆਪਣੀ ਨੂੰਹ 'ਤੇ ਲਪੇਟ ਕੇ ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਅਤੇ ਘਟਨਾ ਦੀ ਜਾਣਕਾਰੀ ਪੁਲਸ ਕੰਟਰੋਲ ਰੂਮ ਦੇ ਨਾਲ ਸਥਾਨਕ ਪੁਲਸ ਨੂੰ ਵੀ ਦਿੱਤੀ। ਇਸ ਸਬੰਧ 'ਚ ਜਦ ਹੌਲਦਾਰ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਸ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਉਕਤ ਔਰਤ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੀ ਰਿਸ਼ਤੇਦਾਰ ਔਰਤ 'ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੋਸ਼ ਲਾਉਣ ਵਾਲੀ ਔਰਤ ਪੰਚ ਦੇ ਰਿਸ਼ਤੇਦਾਰ ਲੜਕੇ ਉਨ੍ਹਾਂ ਦੀ ਲੜਕੀ ਦੀ ਜਾਅਲੀ ਫੇਸਬੁਕ ਆਈ-ਡੀ ਬਣਾ ਕੇ ਉਸ 'ਤੇ ਗਲਤ ਟਿੱਪਣੀਆਂ ਕਰਦੇ ਹਨ। ਉਸ ਨੇ ਔਰਤ ਦੇ ਕੱਪੜੇ ਨਹੀਂ ਪਾੜੇ। ਰਹੀ ਗੱਲ ਉਸ ਦੇ ਕੱਪੜੇ ਉਤਾਰਨ ਦੀ ਤਾਂ ਉਹ ਅਕਸਰ ਜਦ ਵੀ ਡਿਊਟੀ ਤੋਂ ਘਰ ਜਾਂਦਾ ਹੈ ਤਾਂ ਕੱਪੜੇ ਉਤਾਰ ਕੇ ਹੀ ਘਰ ਦਾ ਕੰਮ ਅਤੇ ਆਰਾਮ ਕਰਦਾ ਹੈ ਹੋ ਸਕਦਾ ਹੈ ਉਸ ਸਮੇਂ ਕਿਸੇ ਨੇ ਉਨ੍ਹਾਂ ਦੀਆਂ ਫੋਟੋਆਂ ਖਿੱਚ ਲਈਆਂ ਹੋਣ। ਫਿਲਹਾਲ ਅੱਜ ਉਹ ਵੈਸੇ ਵੀ ਉਸ ਵਕਤ ਘਟਨਾ ਦੇ ਸਮੇਂ ਪਿੰਡ 'ਚ ਮੌਜੂਦ  ਨਹੀਂ ਸੀ। ਸਥਾਨਕ ਪੁਲਸ ਨੇ ਔਰਤ ਦੀ ਸ਼ਿਕਾਇਤ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਦੁਪਹਿਰ ਦੇ ਬਾਅਦ ਪੀੜਤ ਔਰਤ ਵੀ ਜ਼ਖ਼ਮੀ ਹਾਲਤ 'ਚ ਸਥਾਨਕ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਹੋ ਗਈ।


Related News