ਗੁਆਂਢੀ ਸੂਬੇ ’ਚ ਰਜਿਸਟ੍ਰੇਸ਼ਨ ਨਾਲ ਹਰਿਆਣਾ ਸਰਕਾਰ ਨੂੰ ਕਰੋੜਾਂ ਦਾ ਚੂਨਾ

Saturday, Jul 06, 2024 - 11:29 PM (IST)

ਗੁਆਂਢੀ ਸੂਬੇ ’ਚ ਰਜਿਸਟ੍ਰੇਸ਼ਨ ਨਾਲ ਹਰਿਆਣਾ ਸਰਕਾਰ ਨੂੰ ਕਰੋੜਾਂ ਦਾ ਚੂਨਾ

ਊਨਾ, (ਸੁਰਿੰਦਰ ਸ਼ਰਮਾ)– ਆਖਿਰ ਵੱਡੇ-ਵੱਡੇ ਰਸੂਖਦਾਰ ਵਸੀਅਤ (ਵਿਲ) ਅਤੇ ਜ਼ਮੀਨ ਦੀ ਪਾਵਰ ਆਫ ਅਟਾਰਨੀ ਲਈ ਹਰਿਆਣਾ ਨੂੰ ਛੱਡ ਕੇ ਹਿਮਾਚਲ ਵੱਲ ਕਿਉਂ ਰੁਖ਼ ਕਰ ਰਹੇ ਹਨ? ਇਹ ਸਵਾਲ ਉਸ ਵੇਲੇ ਉੱਠਣ ਲੱਗਦਾ ਹੈ ਜਦੋਂ ਸੂਬੇ ਦੀਆਂ ਕੁਝ ਚੋਣਵੀਆਂ ਤਹਿਸੀਲਾਂ ਵਿਚ ਹਰਿਆਣਾ ਦੇ ਵੱਡੇ-ਵੱਡੇ ਜ਼ਮੀਨ ਮਾਲਕ ਪਹੁੰਚ ਰਹੇ ਹਨ ਅਤੇ ਸਲਾਟ ਬੁੱਕ ਕਰ ਕੇ ਸੂਬੇ ਦੀਆਂ ਕੁਝ ਤਹਿਸੀਲਾਂ ਵਿਚ ਆਪਣੀ ਵਸੀਅਤ ਨੂੰ ਰਜਿਸਟਰਡ ਕਰਵਾ ਕੇ ਉਸੇ ਵੇਲੇ ਪਾਵਰ ਆਫ ਅਟਾਰਨੀ ਵੀ ਦੇ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਕ ਸੂਬੇ ਦੀਆਂ ਕੁਝ ਚੋਣਵੀਆਂ ਤਹਿਸੀਲਾਂ ਵਿਚ ਹਰਿਆਣਾ ਤੋਂ ਆਉਣ ਵਾਲੇ ਇਨ੍ਹਾਂ ਜ਼ਮੀਨ ਮਾਲਕਾਂ ਦੀ ਭੀੜ ਲੱਗੀ ਹੋਈ ਹੈ ਕਿਉਂਕਿ ਹਰਿਆਣਾ ਦੇ ਮੁਕਾਬਲੇ ਇੱਥੇ ਉਨ੍ਹਾਂ ਨੂੰ ਮਾਮੂਲੀ ਫੀਸ ਅਦਾ ਕਰਨੀ ਪੈਂਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਕਿਰਿਆ ਨਾਲ ਹਰਿਆਣਾ ਸਰਕਾਰ ਨੂੰ ਕਰੋੜਾਂ ਰੁਪਿਆਂ ਦੇ ਮਾਲੀਏ ਦਾ ਚੂਨਾ ਵੀ ਲੱਗ ਰਿਹਾ ਹੈ।

ਹਰਿਆਣਾ ਵਾਸੀਆਂ ਨੂੰ ਦਿੱਤੀ ਜਾ ਰਹੀ ਹੈ ਪਹਿਲ

ਲਗਾਤਾਰ ਹਰਿਆਣਾ ਵਾਸੀ ਸੂਬੇ ਵਿਚ ਪਹੁੰਚ ਕੇ ਇਸ ਲਚਕੀਲੇ ਕਾਨੂੰਨ ਦਾ ਫਾਇਦਾ ਉਠਾ ਰਹੇ ਹਨ ਪਰ ਇਸ ਪ੍ਰਕਿਰਿਆ ’ਤੇ ਹੁਣ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਹਨ ਕਿ ਆਖਰ ਆਪਣੇ ਸੂਬੇ ਨੂੰ ਛੱਡ ਕੇ ਇਹ ਜ਼ਮੀਨ ਮਾਲਕ ਜ਼ਮੀਨ ਦੇ ਸੌਦਿਆਂ ਲਈ ਹਿਮਾਚਲ ਨੂੰ ਕਿਉਂ ਚੁਣ ਰਹੇ ਹਨ। ਬੈਕਡੋਰ ਰਾਹੀਂ ਇਹ ਖੇਡ ਖੇਡੀ ਜਾ ਰਹੀ ਹੈ।

ਕੀ ਹਰਿਆਣਾ ਦਾ ਕਰੋੜਾਂ ਦਾ ਭੂਮੀ ਮਾਲੀਆ ਬਚਾਉਣ ਲਈ ਤਾਂ ਇਹ ਕਵਾਇਦ ਨਹੀਂ ਹੋ ਰਹੀ? ਮੁਸ਼ਕਲ ਉਸ ਵੇਲੇ ਆ ਰਹੀ ਹੈ ਜਦੋਂ ਸਥਾਨਕ ਲੋਕ ਮਾਲੀਏ ਸਬੰਧੀ ਕੰਮਾਂ ਲਈ ਸਲਾਟ ਬੁੱਕ ਕਰਵਾ ਰਹੇ ਹਨ ਤਾਂ ਉਨ੍ਹਾਂ ਨੂੰ ਟਾਈਮ ਨਹੀਂ ਮਿਲ ਰਿਹਾ ਅਤੇ ਇਹ ਸਲਾਟ ਪਹਿਲਾਂ ਹੀ ਹਰਿਆਣਾ ਦੇ ਉਨ੍ਹਾਂ ਜ਼ਮੀਨ ਮਾਲਕਾਂ ਦੇ ਨਾਂ ’ਤੇ ਬੁੱਕ ਹੋ ਰਹੇ ਹਨ, ਜੋ ਵਸੀਅਤ ਤੇ ਪਾਵਰ ਆਫ ਅਟਾਰਨੀ ਲਈ ਇੱਥੇ ਪਹੁੰਚ ਰਹੇ ਹਨ।

ਊਨਾ ਦੇ ਅੰਬ ’ਚ ਜ਼ਿਆਦਾ ਖੇਡੀ ਜਾ ਰਹੀ ਹੈ ਖੇਡ

ਉਂਝ ਤਾਂ ਸੂਬੇ ਦੇ ਸਰਹੱਦੀ ਜ਼ਿਲਿਆਂ ਜੋ ਹਰਿਆਣਾ ਦੇ ਨਾਲ ਲੱਗਦੇ ਹਨ, ਦੀਆਂ ਤਹਿਸੀਲਾਂ ਵਿਚ ਇਹ ਧੰਦਾ ਜ਼ੋਰਾਂ ’ਤੇ ਹੈ ਪਰ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਹਰਿਆਣਾ ਦੇ ਜ਼ਮੀਨ ਮਾਲਕ ਪੰਜਾਬ ਦੀ ਸਰਹੱਦ ਨੂੰ ਲੰਘ ਕੇ ਹਿਮਾਚਲ ਦੇ ਜ਼ਿਲਾ ਊਨਾ ਦੀ ਤਹਿਸੀਲ ਅੰਬ ਵਿਚ ਪਹੁੰਚ ਰਹੇ ਹਨ।

ਹੁਣੇ ਜਿਹੇ ਤਹਿਸੀਲ ਅੰਬ ’ਚ ਹਰਿਆਣਾ ਦੀਆਂ ਹੋ ਰਹੀਆਂ ਵਸੀਅਤਾਂ ਤੇ ਪਾਵਰ ਆਫ ਅਟਾਰਨੀਜ਼ ਦੀ ਰਜਿਸਟ੍ਰੇਸ਼ਨ ਵੱਲ ਧਿਆਨ ਉਸ ਵੇਲੇ ਗਿਆ ਜਦੋਂ ਇੱਥੇ ਹਰਿਆਣਾ ਦੇ ਲੋਕਾਂ ਦੀ ਭੀੜ ਵੇਖੀ ਜਾਣ ਲੱਗੀ। ਇੱਥੇ ਧੜਾਧੜ ਰਜਿਸਟ੍ਰੇਸ਼ਨ ਵਧੀ ਹੈ।

ਆਖਰ ਇਸ ਦੇ ਪਿੱਛੇ ਕਿਹੜੀ ਖੇਡ ਚੱਲ ਰਹੀ ਹੈ? ਇਸ ਦੀ ਜਾਂਚ ਦੀ ਵੀ ਲੋੜ ਹੈ ਕਿ ਕੀ ਇਕ ਯੋਜਨਾਬੱਧ ਢੰਗ ਨਾਲ ਇਹ ਖੇਡ ਚੱਲ ਰਹੀ ਹੈ?

ਵੰਦੇ ਭਾਰਤ ਰਾਹੀਂ ਪਹੁੰਚ ਰਹੇ ਹਨ ਵੱਡੇ-ਵੱਡੇ ਫਾਰਮ ਹਾਊਸਾਂ ਦੇ ਮਾਲਕ

ਅੰਬ ’ਚ ਰੋਜ਼ਾਨਾ ਵੰਦੇ ਭਾਰਤ ਸਮੇਤ ਦੂਜੀਆਂ ਰੇਲ ਗੱਡੀਆਂ ਤੇ ਨਿੱਜੀ ਵਾਹਨਾਂ ਰਾਹੀਂ ਜ਼ਮੀਨ ਮਾਲਕ ਪਹੁੰਚ ਰਹੇ ਹਨ। ਉਹ ਅੰਬ ਤਹਿਸੀਲ ’ਚ ਵਸੀਅਤ ਰਜਿਸਟਰਡ ਕਰਵਾ ਕੇ ਜਿਸ ਵਿਅਕਤੀ ਦੇ ਨਾਂ ’ਤੇ ਵਸੀਅਤ ਰਜਿਸਟਰਡ ਹੋ ਰਹੀ ਹੈ, ਉਸੇ ਦੇ ਨਾਂ ਦੀ ਪਾਵਰ ਆਫ ਅਟਾਰਨੀ ਵੀ ਦੇ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਪੂਰੀ ਖੇਡ ਹਰਿਆਣਾ ’ਚ ਸਥਿਤ ਵੱਡੇ-ਵੱਡੇ ਫਾਰਮ ਹਾਊਸਾਂ ਦੇ ਮਾਲਕਾਨਾ ਹੱਕ ਨੂੰ ਬੈਕਡੋਰ ਰਾਹੀਂ ਟਰਾਂਸਫਰ ਕਰਨ ਦੀ ਖੇਡ ਹੈ। ਇਸ ਤਰੀਕੇ ਨਾਲ ਜ਼ਮੀਨ ਵੀ ਦੂਜੇ ਵਿਅਕਤੀ ਨੂੰ ਟਰਾਂਸਫਰ ਹੋ ਰਹੀ ਹੈ ਅਤੇ ਰੈਵੇਨਿਊ ਵੀ ਹਰਿਆਣਾ ’ਚ ਨਹੀਂ ਦੇਣਾ ਪੈ ਰਿਹਾ। ਹਿਮਾਚਲ ’ਚ ਨਾਮਾਤਰ ਦੀ ਫੀਸ ਦੇ ਕੇ ਵਸੀਅਤ ਤੇ ਪਾਵਰ ਆਫ ਅਟਾਰਨੀ ਰਜਿਸਟਰਡ ਹੋ ਰਹੀ ਹੈ। ਇਸ ਦਾ ਕੋਈ ਚੈਲੇਂਜ ਵੀ ਨਹੀਂ ਹੈ।

ਵਸੀਅਤ ਦੂਜੇ ਅਣਜਾਣ ਲੋਕਾਂ ਦੇ ਨਾਂ ’ਤੇ

ਹੁਣ ਤਕ ਜਿਹੜਾ ਮਾਮਲਾ ਧਿਆਨ ਵਿਚ ਆਇਆ ਹੈ, ਉਸ ਦੇ ਅਨੁਸਾਰ ਇੱਥੇ ਪਹੁੰਚਣ ਵਾਲੇ ਹਰਿਆਣਾ ਦੇ ਲੋਕਾਂ ਵਿਚ ਵੱਡੇ ਰਸੂਖਦਾਰ ਹਨ ਅਤੇ ਅਜਿਹੀਆਂ ਜ਼ਮੀਨਾਂ ਦੀ ਪਾਵਰ ਆਫ ਅਟਾਰਨੀ ਤੇ ਵਸੀਅਤ ਰਜਿਸਟਰਡ ਹੋ ਰਹੀ ਹੈ, ਜਿਸ ਦੀ ਕੀਮਤ ਕਰੋੜਾਂ ’ਚ ਹੈ।

ਜ਼ਿਆਦਾਤਰ ਮਾਮਲੇ ਅਜਿਹੇ ਹਨ ਜਿੱਥੇ ਇਹ ਵਸੀਅਤ ਨਾ ਤਾਂ ਪਰਿਵਾਰ ਵਿਚ ਅਤੇ ਨਾ ਹੀ ਪਰਿਵਾਰਕ ਤੌਰ ’ਤੇ ਤਾਲੁਕ ਰੱਖਣ ਵਾਲੇ ਵਿਅਕਤੀ ਨੂੰ ਦਿੱਤੀ ਜਾ ਰਹੀ ਹੈ, ਸਗੋਂ ਇਹ ਵਸੀਅਤ ਦੂਜੇ ਅਣਜਾਣ ਲੋਕਾਂ ਦੇ ਨਾਂ ’ਤੇ ਹੋ ਰਹੀ ਹੈ। ਪਾਵਰ ਆਫ ਅਟਾਰਨੀ ਵੀ ਉਨ੍ਹਾਂ ਨੂੰ ਹੀ ਦਿੱਤੀ ਜਾ ਰਹੀ ਹੈ।

ਵਾਪਸੀ ’ਚ ਦੇਰੀ ਹੋਣ ’ਤੇ ਲੇਟ ਕਰਵਾ ਦਿੱਤੀ ਵੰਦੇ ਭਾਰਤ

ਹੁਣੇ ਜਿਹੇ ਇੱਥੇ ਇਸ ਤਰ੍ਹਾਂ ਦੀ ਜ਼ਮੀਨ ਦੀ ਰਜਿਸਟ੍ਰੇਸ਼ਨ ਲਈ ਇਕ ਅਜਿਹੇ ਰੁਤਬਾ ਪ੍ਰਾਪਤ ਵਿਅਕਤੀ ਪਹੁੰਚੇ, ਜਿਨ੍ਹਾਂ ਦੀ ਵਾਪਸੀ ਦੀ ਟਿਕਟ ਵੰਦੇ ਭਾਰਤ ਰਾਹੀਂ ਬੁਕ ਸੀ। ਅੰਬ ਤਹਿਸੀਲ ਦੀ ਪ੍ਰਕਿਰਿਆ ਵਿਚ ਜਦੋਂ ਕੁਝ ਦੇਰੀ ਹੋਈ ਅਤੇ ਟਰੇਨ ਨੇ 1 ਵਜੇ ਤੈਅ ਸਮੇਂ ’ਤੇ ਇੱਥੋਂ ਰਵਾਨਾ ਹੋਣਾ ਸੀ ਤਾਂ ਇਸੇ ਦੌਰਾਨ ਉਸ ਰਸੂਖਦਾਰ ਦੇ ਨਾਲ ਆਏ ਵਿਅਕਤੀ ਨੇ ਟਰੇਨ ਦੇ ਸਮੇਂ ਵੱਲ ਧਿਆਨ ਦਿਵਾਇਆ।

ਇਸ ’ਤੇ ਰੁਤਬਾ ਪ੍ਰਾਪਤ ਵਿਅਕਤੀ ਨੇ ਕਿਹਾ ਕਿ ਫਲਾਣੇ ਰੇਲਵੇ ਅਧਿਕਾਰੀ ਨੂੰ ਕਹਿ ਕੇ ਟਰੇਨ ਦਾ ਸਮਾਂ ਅੱਧਾ ਘੰਟਾ ਅੱਗੇ ਕਰਵਾ ਦਿਓ।

ਇਸ ਨਾਲ ਉੱਥੇ ਖੜ੍ਹੇ ਲੋਕ ਵੀ ਹੈਰਾਨ ਰਹਿ ਗਏ। ਅਜਿਹੇ ਮਾਮਲੇ ਲਗਾਤਾਰ ਵਧ ਰਹੇ ਹਨ। ਤਹਿਸੀਲ ਦੇ ਕਈ ਮੁਲਾਜ਼ਮ ਅਤੇ ਉੱਥੇ ਮਾਲੀਏ ਸਬੰਧੀ ਕੰਮ ਕਰਨ ਵਾਲੇ ਲੋਕ ਵੀ ਹਰਿਆਣਾ ’ਚ ਜ਼ਮੀਨ ਮਾਲਕਾਂ ਦੇ ਆਏ ਇਸ ਹੜ੍ਹ ਤੋਂ ਹੈਰਾਨ ਹਨ।

ਕੀ ਕਹਿੰਦੇ ਹਨ ਅਧਿਕਾਰੀ

ਤਹਿਸੀਲਦਾਰ ਅੰਬ ਪ੍ਰੇਮ ਲਾਲ ਧੀਮਾਨ ਨਾਲ ਜਦੋਂ ਇਸ ਵਿਸ਼ੇ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਹਰਿਆਣਾ ਤੋਂ ਵਸੀਅਤ ਤੇ ਪਾਵਰ ਆਫ ਅਟਾਰਨੀ ਲਈ ਲੋਕ ਇੱਥੇ ਆ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਕਿਤੇ ਵੀ ਕੀਤੀ ਜਾ ਸਕਦੀ ਹੈ, ਇਸ ਲਈ ਹਰਿਆਣਾ ਤੋਂ ਇੱਥੇ ਤਹਿਸੀਲ ਵਿਚ ਅਜਿਹੇ ਜ਼ਮੀਨ ਮਾਲਕ ਪਹੁੰਚ ਰਹੇ ਹਨ ਅਤੇ ਵਸੀਅਤ ਤੇ ਪਾਵਰ ਆਫ ਅਟਾਰਨੀ ਕਰਵਾ ਰਹੇ ਹਨ। ਹਾਲਾਂਕਿ ਹੁਣ ਇਸ ਵਿਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ’ਚ ਪਾਵਰ ਆਫ ਅਟਾਰਨੀ ਬੰਦ ਹੈ ਤਾਂ ਹੋ ਸਕਦਾ ਹੈ ਕਿ ਇਸੇ ਕਾਰਨ ਲੋਕ ਇੱਥੇ ਆ ਰਹੇ ਹੋਣ।


author

Rakesh

Content Editor

Related News