ਹਰਪਾਲ ਚੀਮਾ ਨੇ ਸਰਹੱਦੀ ਖੇਤਰ ਦੀਆਂ ਡਿਸਪੈਂਸਰੀਆਂ ਦੀ ਕੀਤੀ ਚੈਕਿੰਗ
Saturday, Oct 13, 2018 - 05:32 PM (IST)

ਭਿੰਡੀ ਸੈਦਾ (ਗੁਰਜੰਟ) : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵਲੋਂ ਅੱਜ ਸਰਹੱਦੀ ਹਲਕਾ ਅਜਨਾਲਾ ਦੀਆਂ ਸਰਕਾਰੀ ਡਿਸਪੈਂਸਰੀਆਂ ਦੀ ਚੈਕਿੰਗ ਕੀਤੀ। ਇਸ ਦੌਰਾਨ 'ਜਗਬਾਣੀ' ਨਾਲ ਗੱਲਬਾਤ ਕਰਦਿਆ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਿਹਤ ਅਤੇ ਸਿੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਸਰਕਾਰੀ ਸਕੂਲਾਂ ਅਤੇ ਸਰਕਾਰੀ ਡਿਸਪੈਂਸਰੀਆਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ।
ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ 'ਚ ਕੋਈ ਦਵਾਈ ਨਾ ਹੋਣ ਕਾਰਨ ਗਰੀਬ ਲੋਕਾਂ ਨੂੰ ਸ਼ਹਿਰਾਂ 'ਚ ਮਹਿੰਗੇ ਇਲਾਜ ਕਰਵਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਹਲਕਾ ਅਜਨਾਲਾ ਦੇ ਸਰਹੱਦੀ ਪਿੰਡ ਸਾਰੰਗਦੇਵ ਦੀ ਡਿਸਪੈਂਸਰੀ 'ਚ ਸਿਰਫ ਇਕ ਬਲੱਡ ਪ੍ਰੈਸ਼ਰ ਦੀ ਦਵਾਈ ਮਿਲੀ, ਜਿਸ ਦੀ ਐਕਸਪਾਇਰੀ ਡੇਟ ਨਵੰਬਰ 2018 ਹੈ। ਜਿਸ ਤੋਂ ਅਜਿਹਾ ਲੱਗ ਰਿਹਾ ਹੈ ਕਿ ਸਰਕਾਰੀ ਹਸਪਤਾਲ ਅਤੇ ਡਿਸਪੈਂਸਰੀਆਂ ਖੁਦ ਬਿਮਾਰ ਹਨ। ਪਰਾਲੀ ਸਾੜਣ ਦੇ ਮੁੱਦੇ 'ਤੇ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਪਰਾਲੀ ਦੇ ਹੱਲ ਲਈ ਕੋਈ ਸਬਸਿਡੀ ਜਾ ਸੰਦ ਮੁਹੱਈਆ ਨਹੀਂ ਕਰਵਾ ਰਹੀ ਜਿਸ ਕਾਰਨ ਕਿਸਾਨ ਮਜਬੂਰੀ 'ਚ ਪਰਾਲੀ ਸਾੜ ਰਹੇ ਹਨ।
ਅੰਤ 'ਚ ਸੁਖਪਾਲ ਖਹਿਰਾ ਬਾਰੇ ਬੋਲਦਿਆ ਉਨ੍ਹਾਂ ਕਿਹਾ,''ਸਾਡੇ ਐੱਮ. ਐੱਲ. ਏ. ਦੀ ਟੀਮ ਅਤੇ ਸੁਖਪਾਲ ਖਹਿਰਾ ਦੀ ਟੀਮ ਵਿਚਕਾਰ ਗੱਲਬਾਤ ਚੱਲ ਰਹੀ ਹੈ ਅਤੇ ਬਹੁਤ ਜਲਦ ਆਮ ਆਦਮੀ ਪਾਰਟੀ ਸਾਰੀ ਇੱਕਠੀ ਹੋਵੇਗੀ।'' ਇਸ ਮੌਕੇ ਮਾਝਾ ਜ਼ੋਨ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ, ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾੜ, ਮੈਡਮ ਰਾਜਬੀਰ ਕੌਰ ਅਤੇ ਸਵਿੰਦਰ ਸਿੰਘ ਮਾਨ ਹਾਜ਼ਰ ਸਨ।