ਹਾਰਮੋਨੀਅਮ ਦੀ ਥਾਂ ਤੰਤੀ ਸਾਜ਼ਾਂ ਦੀ ਵਰਤੋਂ ਕਰਨ ’ਤੇ ਸ਼੍ਰੋਮਣੀ ਰਾਗੀ ਸਭਾ ਤੇ ਹਜ਼ੂਰੀ ਰਾਗੀ ਜਥਿਆਂ ''ਚ ਰੋਸ
Friday, May 27, 2022 - 11:23 AM (IST)
ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਦਰ ਪੁਰਾਤਨ ਸ਼ੈਲੀ ਅਨੁਸਾਰ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਕਰਨ ਸਬੰਧੀ ਯਤਨ ਆਰੰਭ ਕਰ ਦਿੱਤੇ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਗਾਂ ਆਧਾਰਿਤ ਤੰਤੀ ਸਾਜ਼ਾਂ ਨਾਲ ਸ਼ਬਦ ਕੀਰਤਨ ਆਰੰਭ ਕਰਨ ਸੰਬੰਧੀ ਭੇਜੇ ਗੁਰਮਤੇ ਨੂੰ ਲਾਗੂ ਕਰਨ ਨੂੰ ਲੈ ਕੇ ਸ਼੍ਰੋਮਣੀ ਰਾਗੀ ਸਭਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਕਈ ਹਜ਼ੂਰੀ ਰਾਗੀ ਜਥਿਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਨਵੇਂ ਆਦੇਸ਼ ਸਦਕਾ ਭਵਿੱਖ 'ਚ ਸ਼ਬਦ ਕੀਰਤਨ ਦੌਰਾਨ ਹਾਰਮੋਨੀਅਮ ਦੀ ਵਰਤੋਂ ਬੰਦ ਹੋਣ ਕਾਰਨ ਸਿੱਖ ਧਾਰਮਿਕ ਹਲਕਿਆਂ ’ਚ ਜ਼ੋਰਦਾਰ ਚਰਚਾ ਹੋ ਗਈ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਹੁਕਮ ਦੀ ਪਾਲਣਾ ਲਈ ਸ਼੍ਰੋਮਣੀ ਕਮੇਟੀ ਨੂੰ ਤਿੰਨ ਸਾਲਾਂ ਦਾ ਸਮਾਂ ਦਿੱਤਾ ਗਿਆ, ਜਿਸ ’ਤੇ ਕੀਰਤਨੀ ਜੱਥਿਆਂ ਨੂੰ ਆਦੇਸ਼ਾਂ ਦੀ ਪਾਲਣਾ ਕਰਨ ਲਈ ਆਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਕੁਝ ਤੰਤੀ ਸਾਜ਼ਾਂ ਦੇ ਜਥੇ ਮੌਜੂਦ ਹਨ ਅਤੇ ਭਵਿੱਖ ਲਈ ਅਜਿਹੇ ਜੱਥਿਆਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੀਰਤਨ ਦੌਰਾਨ ਹਾਰਮੋਨੀਅਮ ਦੀ ਵਰਤੋਂ ਕੀਤੇ ਜਾਣ ਦੇ ਵਿਰੋਧ ਵਿਚ ਕਿਹਾ ਜਾ ਰਿਹਾ ਹੈ ਇਹ ਸਾਜ਼ ਅੰਗਰੇਜ਼ਾਂ ਵਲੋਂ ਈਜ਼ਾਦ ਕੀਤਾ ਹੋਇਆ ਹੈ, ਜਿਸ ਕਰਕੇ ਇਸ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ। ਇਸ ਦੀ ਥਾਂ ਪੁਰਾਤਨ ਤੰਤੀ ਸਾਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਹਾਰਮੋਨੀਅਮ ਨਾਲ ਕੀਰਤਨ ਵਾਲਿਆਂ ਦਾ ਕਹਿਣਾ ਕਿ ਕੀਰਤਨ ਦੌਰਾਨ ਹਾਰਮੋਨੀਅਮ ਦੀ ਵਰਤੋਂ ਅੱਜ ਤੋਂ ਨਹੀਂ ਸਗੋਂ ਤੰਤੀ ਸਾਜ਼ਾਂ ਨਾਲ ਕਰੀਬ ਸਵਾ ਸਦੀ ਤੋਂ ਹੋ ਰਹੀ ਹੈ। ਹਾਰਮੋਨੀਅਮ ਸਿੱਖ ਪੰਥ ਦਾ ਕੋਈ ਨਵਾਂ ਸਾਜ਼ ਨਹੀਂ ਰਿਹਾ। ਗੁਰਮਤਿ ਸੰਗੀਤ ਮਾਹਿਰਾਂ ਅਨੁਸਾਰ ਤਬਲਾ ਵੀ ਸਿੱਖ ਕੀਰਤਨ ਪਰੰਪਰਾ ਦਾ ਹਿੱਸਾ ਨਹੀਂ ਰਿਹਾ ਤੇ ਕੀਰਤਨ ਦੌਰਾਨ ਉਸ ਦੀ ਵਰਤੋਂ 'ਤੇ ਵੀ ਇਤਰਾਜ਼ ਉੱਠ ਸਕਦੇ ਹਨ। ਸ਼੍ਰੋਮਣੀ ਰਾਗੀ ਸਭਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਉਂਕਾਰ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ 80 ਤੋਂ ਵਧੇਰੇ ਹਜ਼ੂਰੀ ਰਾਗੀ ਜਥਿਆਂ ਵਿਚੋਂ ਕੁਝ ਜਥੇ ਪਹਿਲਾਂ ਤੋਂ ਹਾਰਮੋਨੀਅਮ ਦੇ ਨਾਲ-ਨਾਲ ਤੰਤੀ ਸਾਜ਼ਾਂ ਦੀ ਵਰਤੋਂ ਕਰਦੇ ਆ ਰਹੇ ਹਨ। ਦਰਬਾਰ ਸਾਹਿਬ ਵਿਚ ਕਰੀਬ 125 ਵਰ੍ਹਿਆਂ ਤੋਂ ਹਜ਼ੂਰੀ ਕੀਰਤਨੀ ਜਥਿਆਂ ਵਲੋਂ ਹਾਰਮੋਨੀਅਮ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਰਮੋਨੀਅਮ ਦੀ ਵਰਤੋਂ ਬੰਦ ਕਰਨ ਸੰਬੰਧੀ ਫ਼ੈਸਲਾ ਲਾਗੂ ਕਰਨ ਤੋਂ ਪਹਿਲਾਂ ਸਿੰਘ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਰਾਗੀ ਸਭਾ ਦੇ ਜਥਿਆਂ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ।
ਦੱਸ ਦੇਈਏ ਕਿ ਸਿੱਖ ਪੰਥ ਦੇ ਮਹਾਨ ਤੇ ਹਜ਼ੂਰੀ ਰਾਗੀ ਜਥੇ, ਜਿਨ੍ਹਾਂ ਵਿਚ ਭਾਈ ਗੁਰਮੇਜ ਸਿੰਘ ਤੇ ਭਾਈ ਹਰਜਿੰਦਰ ਸਿੰਘ ਹਾਰਮੋਨੀਅਮ ਨਾਲ ਹੀ ਕੀਰਤਨ ਕਰਦੇ ਰਹੇ ਹਨ ਤੇ ਉਨ੍ਹਾਂ ਨੂੰ ਸ਼੍ਰੋਮਣੀ ਰਾਗੀ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਈ ਸਾਹਿਬ ਵਰਗੀਆਂ ਉਪਾਧੀਆਂ ਵੀ ਮਿਲ ਚੁੱਕੀਆਂ ਹਨ। ਪੰਥ ਦੇ ਮਹਾਨ ਕੀਰਤਨੀਏ ਤੇ ਸਾਬਕਾ ਹਜ਼ੂਰੀ ਰਾਗੀ ਭਾਈ ਜਸਵੰਤ ਸਿੰਘ ਅੱਜ ਵੀ ਹਾਰਮੋਨੀਅਮ ਦੀ ਵਰਤੋਂ ਕਰ ਰਹੇ ਹਨ। ਭਾਈ ਉਂਕਾਰ ਸਿੰਘ ਨੇ ਕਿਹਾ ਕਿ ਅਸਲ ਵਿਚ ਸ਼੍ਰੋਮਣੀ ਕਮੇਟੀ ਕੋਲ ਤੰਤੀ ਸਾਜ਼ ਵਾਦਕ ਦੀ ਕੋਈ ਆਸਾਮੀ ਨਹੀਂ ਹੈ। ਇਸ ਮਾਮਲੇ ਸੰਬੰਧੀ ਜਲਦੀ ਸ਼੍ਰੋਮਣੀ ਰਾਗੀ ਸਭਾ ਦੇ ਇਕ ਵਫ਼ਦ ਵਲੋਂ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਜਾਵੇਗਾ।