ਕਾਂਗਰਸ ਵੱਲੋਂ ਧਰਮਸੋਤ ਨੂੰ ਦਿੱਤੀ ਕਲੀਨ ਚਿੱਟ ਦਾ ਪਰਦਾਫਾਸ਼ ਕਰੇਗੀ CBI : ਗਰੇਵਾਲ

Friday, Jul 30, 2021 - 06:51 PM (IST)

ਕਾਂਗਰਸ ਵੱਲੋਂ ਧਰਮਸੋਤ ਨੂੰ ਦਿੱਤੀ ਕਲੀਨ ਚਿੱਟ ਦਾ ਪਰਦਾਫਾਸ਼ ਕਰੇਗੀ CBI : ਗਰੇਵਾਲ

ਲੁਧਿਆਣਾ (ਗੁਪਤਾ) : ਭਾਜਪਾ ਦੇ ਸਾਬਕਾ ਰਾਸ਼ਟਰੀ ਸਕੱਤਰ ਹਰਜੀਤ ਗਰੇਵਾਲ ਨੇ ਸੀ. ਬੀ. ਆਈ. ਵੱਲੋਂ ਪੰਜਾਬ 'ਚ ਪੋਸਟ ਮੈਟ੍ਰਿਕ ਵਜ਼ੀਫ਼ਾ ਘਪਲੇ ਦੀ ਜਾਂਚ ਸੰਭਾਲੇ ਜਾਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕੈਪਟਨ ਵੱਲੋਂ ਭ੍ਰਿਸ਼ਟਾਚਾਰੀ ਮੰਤਰੀ ਨੂੰ ਝੂਠੀ ਕਲੀਨ ਚਿੱਟ ਦੇਣ ਦਾ ਸੀ. ਬੀ. ਆਈ. ਪਰਦਾਫਾਸ਼ ਕਰੇਗੀ। ਇਸ ਮੌਕੇ ਗਰੇਵਾਲ ਨੇ ਕਿਹਾ ਕਿ ਵਿਰੋਧੀ ਕਿਸੇ ਵੀ ਤਰ੍ਹਾਂ ਨਾਲ ਸੰਸਦ 'ਚ ਆਪਣੇ ਕਰਤੱਵਾਂ ਨੂੰ ਪੂਰਾ ਕਰਨ ਪ੍ਰਤੀ ਗੰਭੀਰ ਨਹੀਂ ਹਨ।

ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਧਿਰ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਗੰਭੀਰ ਹੁੰਦੀ ਤਾਂ ਸੰਸਦ ਨੂੰ ਸ਼ਾਂਤੀਪੂਰਨ ਢੰਗ ਨਾਲ ਚੱਲਣ ਦਿੰਦੀ। ਪੰਜਾਬ ਭਾਜਪਾ ਇੰਡਸਟਰੀ ਸੈੱਲ ਦੇ ਪ੍ਰਦੇਸ਼ ਪ੍ਰਧਾਨ ਰਾਕੇਸ਼ ਕਪੂਰ ਅਤੇ ਐਸ. ਸੀ. ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਰਾਜ ਕੁਮਾਰ ਅਟਵਾਲ ਵੱਲੋਂ ਸੁਆਗਤ ਕੀਤੇ ਜਾਣ ਦੇ ਮੌਕੇ 'ਤੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਗਰੇਵਾਲ ਨੇ ਕਿਹਾ ਕਿ ਵਿਰੋਧ ਦੀ ਸਿਆਸਤ ਕਰ ਰਹੀ ਵਿਰੋਧੀ ਧਿਰ ਵੱਲੋਂ ਰਾਜਸਭਾ 'ਚ ਸ਼ਾਂਤਨੁ ਸੇਨ ਵੱਲੋਂ ਆਈ. ਟੀ. ਮੰਤਰੀ ਅਸ਼ਵਨੀ ਵੈਸ਼ਣਵ ਦੇ ਹੱਥੋਂ ਕਾਗਜ਼ ਖੋਹ ਕੇ ਫਾੜ ਦੇਣਾ ਹਰ ਲਿਹਾਜ਼ ਨਾਲ ਘਟੀਆ ਹਰਕਤ ਹੈ।

ਇਸ ਹਰਕਤ ਨਾਲ ਰਾਜ ਸਭਾ ਦਾ ਅਕਸ ਧੁੰਦਲਾ ਹੋਇਆ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਹੇਠਲੇ ਸਦਨ ਮਤਲਬ ਕਿ ਲੋਕ ਸਭਾ ਦੇ ਮੁਕਾਬਲੇ ਰਾਜ ਸਭਾ 'ਚ ਕਿਤੇ ਜ਼ਿਆਦਾ ਗੰਭੀਰਤਾ ਨਾਲ ਚਰਚਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਸੰਸਦ 'ਚ ਸੌਣ ਦਾ ਡਰਾਮਾ ਕਰਕੇ ਸਿਰਫ ਸਿਆਸਤ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕਿਸਾਨਾਂ ਦੇ ਮੁੱਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 


author

Babita

Content Editor

Related News