ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਬਿੱਲ ਪਾਸ ਕਰਨ ''ਤੇ ਹਰੀਸ਼ ਰਾਵਤ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ
Wednesday, Oct 21, 2020 - 06:04 PM (IST)
ਚੰਡੀਗੜ੍ਹ:ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਜੀ ਨੇ ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਬਿੱਲ ਪਾਸ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ 'ਚ ਸੂਬੇ ਦੇ ਕਿਸਾਨਾਂ ਆੜ੍ਹਤੀਆਂ ਅਤੇ ਖੇਤ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਅਸਰ ਤੋਂ ਬਚਾਉਣ ਲਈ ਤਿੰਨ ਬਿੱਲ ਪੇਸ਼ ਕਰਵਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ 'ਕਿਸਾਨੀ ਦੇ ਰਾਖੇ' ਬਣ ਕੇ ਉਭਰੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਬਿਲਕੁੱਲ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਉਹ ਹਰ ਕੀਮਤ ਅਦਾ ਕਰਨ ਲਈ ਤਿਆਰ ਹਨ। ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਜਿਹੜੇ ਇਹ ਤਿੰਨ ਬਿੱਲ ਪਾਸ ਕੀਤੇ ਗਏ ਹਨ ਕੇਂਦਰ ਸਰਕਾਰ ਨੂੰ ਮਜ਼ਬੂਰ ਹੋ ਕੇ ਇਨ੍ਹਾਂ ਨੂੰ ਵਾਪਸ ਲੈਣਾ ਹੋਵੇਗਾ।
ਇਹ ਵੀ ਪੜ੍ਹੋ: ਸ਼ਰਮਸਾਰ ਹੋਣ ਤੋਂ ਬਚਿਆ ਪੰਜਾਬ,ਰਾਹਗੀਰ ਨੇ ਬਚਾਈ 8 ਸਾਲਾ ਬੱਚੀ ਦੀ ਇੱਜ਼ਤ
ਇਹ ਬਿੱਲ ਪੂਰੇ ਦੇਸ਼ ਨੂੰ ਇਕ ਨਵਾਂ ਰਸਤਾ ਦਿਖਾਉਣਗੇ। ਕੇਂਦਰ ਸਰਕਾਰ ਨੇ ਸੰਘੀ ਢਾਂਚੇ ਦਾ ਉਲੰਘਣ ਕਰਕੇ ਕਿਸਾਨਾਂ ਦੇ ਖ਼ਿਲਾਫ਼ ਫ਼ੈਸਲਾ ਲਿਆ ਹੈ। ਜਿਸ ਕਾਰਨ ਐੱਮ.ਐੱਸ.ਪੀ. ਤੋਂ ਲੈ ਕੈ ਮੰਡੀਕਰਨ ਤੱਕ ਸਭ ਪ੍ਰਭਾਵਿਤ ਹੋਇਆ ਹੈ। ਪੰਜਾਬ ਸਰਕਾਰ ਨੇ ਕੇਂਦਰ ਨੂੰ ਇਕ ਸੰਕੇਤ ਦਿੱਤਾ ਹੈ ਕਿ ਉਹ ਖੇਤੀਬਾੜੀ ਬਿੱਲਾਂ ਨੂੰ ਵਾਪਸ ਲੈਣ। ਪੰਜਾਬ ਨੇ ਦੇਸ਼ ਦੇ ਦੂਜੇ ਰਾਜਾਂ ਅੱਗੇ ਵੀ ਇਕ ਮਾਡਲ ਰੱਖਿਆ ਹੈ ਕਿ ਉਹ ਵੀ ਆਪਣੇ ਸੂਬਿਆਂ 'ਚ ਕੇਂਦਰ ਦੇ ਖੇਤੀਬਾੜੀ ਬਿੱਲਾਂ ਖ਼ਿਲਾਫ਼ ਆਵਾਜ਼ ਉਠਾਉਣ।
ਇਹ ਵੀ ਪੜ੍ਹੋ: ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁੱਲੇਵਾਲਾ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਬੀਤੇ ਦਿਨ ਸਦਨ ਦੀ ਕਾਰਵਾਈ ਦੌਰਾਨ ਬਿੱਲ ਪਾਸ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਸੀ। ਕੈਪਟਨ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸਰਕਾਰ ਦੀ ਬਰਖ਼ਾਸਤਗੀ ਦਾ ਕੋਈ ਡਰ ਨਹੀਂ ਹੈ ਪਰ ਉਹ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦੇਣਗੇ। ਕੈਪਟਨ ਨੇ ਕਿਹਾ ਸੀ ਕਿ ਕਾਂਗਰਸ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਜੇਕਰ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ।