ਹੈਪੀ ਦਾ ਦਫਤਰ ਸੀਲ, ਹੋ ਸਕਦੇ ਹਨ ਕਈ ਵੱਡੇ ਖੁਲਾਸੇ, ਫਿਲਹਾਲ ਫਰਾਰ ਹੈ ਹੈਪੀ

03/30/2018 7:22:36 AM

ਜਲੰਧਰ, (ਬੁਲੰਦ)- ਬੀਤੇ ਦਿਨੀ ਵਿਜੀਲੈਂਸ ਦੀ ਟੀਮ ਨੇ ਛਾਪਾਮਾਰੀ ਕਰਕੇ ਡਰਾਈਵਿੰਗ ਲਾਇਸੈਂਸ ਦੇ ਨਾਂ 'ਤੇ ਫਰਜ਼ੀ ਡਰਾਈਵਿੰਗ ਟੈਸਟ ਕਰਵਾ ਕੇ ਲਾਇਸੈਂਸ ਜਾਰੀ ਕਰਨ ਵਾਲੇ ਇਕ ਪ੍ਰਾਈਵੇਟ ਕਰਮਚਾਰੀ ਤੇ ਇਕ ਏਜੰਟ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਤੋਂ ਪੁੱਛਗਿੱਛ ਵਿਚ ਅਤੇ ਟਰੈਕ ਦੀ ਸੀ. ਸੀ. ਟੀ. ਵੀ. ਰਿਕਾਰਡਿੰਗ ਦੀ ਜਾਂਚ ਤੋਂ ਉਸ ਕਾਰ ਦਾ ਪਤਾ ਲੱਗਿਆ ਸੀ, ਜਿਸ ਨਾਲ ਫਰਜ਼ੀ ਟੈਸਟ ਦਿਵਾਇਆ ਜਾਂਦਾ ਸੀ। ਉਸ ਕਾਰ ਦੇ ਨੰਬਰ ਤੋਂ ਪਤਾ ਲੱਗਾ ਹੈ ਕਿ ਉਕਤ ਕਾਰ ਹੈਪੀ ਨਾਂ ਦੇ ਏਜੰਟ ਦੀ ਹੈ। ਹੈਪੀ ਨੂੰ ਫੜਨ ਲਈ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਪਰ ਉਹ ਫਰਾਰ ਹੋ ਗਏ ਅਤੇ ਅੱਜ ਤੱਕ ਫਰਾਰ ਹੀ ਹੈ ਪਰ ਉਸ ਦੀ ਆਈ-20 ਕਾਰ ਪੁਲਸ ਦੇ ਹੱਥ ਲੱਗ ਗਈ ਹੈ। ਵਿਜੀਲੈਂਸ ਵਿਭਾਗ ਨੇ ਹੈਪੀ ਦੇ ਇਕ ਰਿਸ਼ਤੇਦਾਰ ਦੀ ਬੱਸ ਸਟੈਂਡ ਨੇੜੇ ਸਥਿਤ ਪ੍ਰਾਈਵੇਟ ਕੰਪਨੀ ਨੂੰ ਸੀਲ ਕਰ ਦਿੱਤਾ ਹੈ। ਜਿੱਥੇ ਹੈਪੀ ਕੰਮ ਕਰਦਾ ਸੀ ਅਤੇ ਉਥੋਂ ਲਾਇਸੈਂਸਿੰਗ, ਕਮਰਸ਼ੀਅਲ ਵਾਹਨਾਂ  ਦੀ ਪਾਸਿੰਗ ਸਮੇਤ ਟਰਾਂਸਪੋਰਟ ਵਿਭਾਗ ਦੇ ਹੋਰ 2 ਨੰਬਰਾਂ ਦੇ ਕੰਮ ਹੁੰਦੇ ਸਨ। 
ਦਫ਼ਤਰ ਖੁੱਲ੍ਹਣ 'ਤੇ ਹਰ ਕਾਗਜ਼ ਦੀ ਹੋਵੇਗੀ ਡੂੰਘਾਈ ਨਾਲ ਜਾਂਚ : ਐੱਸ. ਐੱਸ. ਪੀ.  
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਵਿਜੀਲੈਂਸ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਹੈਪੀ ਦੇ ਉਕਤ ਟਿਕਾਣੇ ਤੇ ਪ੍ਰਾਈਵੇਟ ਦਫ਼ਤਰ ਦਾ ਪਤਾ ਲੱਗਦੇ ਹੀ ਪੁਲਸ ਨੇ ਉਥੇ ਛਾਪੇਮਾਰੀ ਕੀਤੀ ਸੀ ਪਰ ਉਥੋਂ ਹੈਪੀ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਸਾਰੇ ਲੋਕ ਫਰਾਰ ਹੋ ਗਏ ਸਨ ਅਤੇ ਦਫ਼ਤਰ ਵਿਚ ਤਾਲਾ ਲੱਗਾ ਹੋਇਆ ਸੀ ਜਿਸ ਨੂੰ ਵਿਜੀਲੈਂਸ ਨੇ ਸੀਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹੈਪੀ ਸਰੰਡਰ ਕਰ ਦਿੰਦਾ ਹੈ ਤਾਂ ਠੀਕ, ਨਹੀ ਤਾਂ ਸਖਤ ਕਾਰਵਾਈ ਕਰਕੇ ਸਾਰੇ ਕਾਗਜ਼ਾਤ ਜ਼ਬਤ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਜਾਂਚ ਹੋਵੇਗੀ। ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਹੈਪੀ ਦੇ ਉਕਤ ਪ੍ਰਾਈਵੇਟ ਦਫ਼ਤਰ ਵਿਚ ਕਮਰਸ਼ੀਅਲ ਵਾਹਨ ਪਾਸਿੰਗ ਦਾ ਧੰਦਾ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਸ ਸਬੰਧੀ ਕਈ ਫਾਈਲਾਂ ਉਸ ਦੇ ਇਸੇ ਹੀ ਦਫ਼ਤਰ ਵਿਚ ਹਨ ਜਿਨ੍ਹਾਂ ਨੂੰ ਜਲਦੀ ਹੀ ਜ਼ਬਤ ਕੀਤਾ ਜਾਵੇਗਾ।
ਸਿਆਸੀ ਦਬਾਅ ਪਾਉਣ ਦੀ ਪੂਰੀ ਤਿਆਰੀ
ਵਿਭਾਗੀ ਸੂਤਰਾਂ ਦੀ ਮੰਨੀਏ ਤਾਂ ਜਿਸ ਤਰ੍ਹਾਂ ਹੈਪੀ ਦੇ ਕੋਲ ਜ਼ਿਲੇ ਦੇ ਸਾਰੇ ਕਮਰਸ਼ੀਅਲ ਵਾਹਨਾਂ ਦੀ ਪਾਸਿੰਗ ਦਾ ਕੰਮ ਸੀ ਉਸ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਸਾਫ ਲਾਇਆ ਜਾ ਸਕਦਾ ਹੈ ਕਿ ਉਸ ਨੂੰ ਸਾਰੇ ਕੇਸ ਤੋਂ ਬਾਹਰ ਕਰਨ ਲਈ ਕਿਸ ਹੱਦ ਤੱਕ ਸਿਆਸੀ ਦਬਾਅ ਬਣਾਇਆ ਜਾ ਸਕਦਾ ਹੈ। ਮਾਮਲੇ ਬਾਰੇ ਟਰਾਂਸਪੋਰਟ ਵਿਭਾਗ ਦੇ ਜਾਣਕਾਰਾਂ ਦੀ ਮੰਨੀਏ ਤਾਂ ਹੈਪੀ ਨੂੰ ਵਿਜੀਲੈਂਸ ਦੇ ਸ਼ਿਕੰਜੇ ਤੋਂ ਬਚਾਉਣ 'ਚ ਸ਼ਹਿਰ ਦੇ ਕਈ ਵੱਡੇ ਆਗੂ ਅਤੇ ਕਾਰੋਬਾਰੀ ਲੱਗ ਗਏ ਹਨ। 
ਕਿਉਂਕਿ ਜੇਕਰ ਹੈਪੀ ਦੇ ਦਫ਼ਤਰ ਦਾ ਸਾਰਾ ਰਿਕਾਰਡ ਵਿਜੀਲੈਂਸ ਦੇ ਹੱਥ ਆ ਜਾਂਦਾ ਹੈ ਅਤੇ ਹੈਪੀ ਵੀ ਪੁਲਸ ਦੇ ਸ਼ਿਕੰਜੇ ਵਿਚ ਆਉਂਦਾ ਹੈ ਤਾਂ ਟਰਾਂਸਪੋਰਟ ਵਿਭਾਗ ਵਿਚ ਚੱਲ ਰਹੇ ਗੋਰਖਧੰਦੇ ਵਿਚ ਕਰੋੜਾਂ ਰੁਪਏ ਕਮਾਉਣ ਵਾਲੇ ਕਈ ਵੱਡੇ ਚਿਹਰੇ ਤੇ ਸਰਕਾਰੀ ਅਧਿਕਾਰੀਆਂ ਦੇ ਚਿਹਰੇ ਵੀ ਸਾਹਮਣੇ ਆ ਸਕਦੇ ਹਨ। ਇਸੇ ਕਾਰਨ ਇਸ ਸਮੇਂ ਹੈਪੀ ਨੂੰ ਪੁਲਸ  ਅੱਗੇ ਸਰੰਡਰ ਕਰਵਾਉਣ ਦੇ ਉਲਟ ਪੂਰਾ ਜ਼ੋਰ ਉਸ ਨੂੰ ਬਚਾਉਣ ਲਈ ਲਾਇਆ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਹੈਪੀ ਦੇ ਜ਼ਰੀਏ ਵਿਜੀਲੈਂਸ ਵਿਭਾਗ ਅਸਲ ਵੱਡੇ ਘਪਲੇ ਵਿਚ ਪਹੁੰਚ ਪਾਉਂਦਾ ਹੈ ਜਾਂ ਫਿਰ ਹੈਪੀ ਨੂੰ ਹੀ ਸਾਰੇ ਕੇਸ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ।
ਟਰੈਕ ਦੀ ਕੰਧ ਨਾਲ ਮਾਰਕੀਟ 'ਚ ਬਣਾਇਆ ਸੀ ਹੈਪੀ ਨੇ ਨਵਾਂ ਦਫ਼ਤਰ
ਮਾਮਲੇ ਬਾਰੇ ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੈਪੀ ਦਾ ਜੋ ਦਫ਼ਤਰ ਸੀਲ ਕੀਤਾ ਗਿਆ ਹੈ ਉਥੋਂ ਡਰਾਈਵਿੰਗ ਟੈਸਟ ਟਰੈਕ 'ਤੇ ਨਜ਼ਰ ਰੱਖਣ ਲਈ ਟਰੈਕ ਦੇ ਨਾਲ ਲੱਗਦੀ ਮਾਰਕੀਟ ਵਿਚ ਆਪਣਾ ਨਵਾਂ ਦਫ਼ਤਰ ਬਣਾਇਆ ਸੀ ਉਸੇ ਦਫ਼ਤਰ ਦੇ ਨਾਲ ਟਰੈਕ ਦੀ ਇਕ ਛੋਟੀ ਜਿਹੀ ਕੰਧ ਹੈ ਅਤੇ ਹੈਪੀ ਨੇ ਆਪਣੀ ਕੰਧ 'ਤੇ ਗਰਿਲ ਲਗਵਾਈ ਸੀ ਤਾਂ ਜੋ ਉਹ ਟਰੈਕ 'ਤੇ ਪੂਰੀ ਨਜ਼ਰ ਰੱਖ ਸਕੇ ਅਤੇ ਨਾਲ ਹੀ ਉਥੋਂ ਜ਼ਰੂਰੀ ਕਾਗਜ਼ਾਤ ਅਤੇ ਫਾਈਲਾਂ ਟਰੈਕ 'ਤੇ ਬੈਠੇ ਏਜੰਟਾਂ ਅਤੇ ਸਟਾਫ ਮੁਲਾਜ਼ਮਾਂ ਨੂੰ ਫੜਾਈਆਂ ਅਤੇ ਉਨ੍ਹਾਂ ਤੋਂ ਲਈਆਂ ਜਾਂਦੀਆਂ ਸਨ। ਇੰਨਾ ਹੀ ਨਹੀਂ, ਹੈਪੀ ਦੇ ਐੱਮ. ਵੀ. ਆਈ. ਦਫ਼ਤਰ ਦੇ ਕਈ ਲੈਣ-ਦੇਣ ਉਸ ਦੇ ਦਫ਼ਤਰ ਵਿਚ ਹੀ ਹੁੰਦੇ ਸੀ।


Related News