ਕਿਸਾਨਾਂ ਦੇ ਵਿਰੋਧ ਮਗਰੋਂ ਕੈਮਰੇ ਮੂਹਰੇ ਆਏ ਹੰਸ ਰਾਜ ਹੰਸ, ਕਹਿ ਦਿੱਤੀਆਂ ਇਹ ਗੱਲਾਂ (ਵੀਡੀਓ)

Friday, Apr 12, 2024 - 05:39 PM (IST)

ਫ਼ਰੀਦਕੋਟ (ਵੈੱਬ ਡੈਸਕ): ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਵਿਰੁੱਧ ਆਪਣਾ ਰੋਸ ਪ੍ਰਗਟ ਕਰਨ ਲਈ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਮਗਰੋਂ ਹੰਸ ਰਾਜ ਹੰਸ ਮੀਡੀਆ ਸਾਹਮਣੇ ਆਏ ਅਤੇ ਖੁੱਲ੍ਹ ਕੇ ਇਸ ਮਸਲੇ 'ਤੇ ਗੱਲ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਤੇ ਉਹ ਛੇਤੀ ਇਨ੍ਹਾਂ ਦੇ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਕਿਸਾਨ ਆਪਣੀਆਂ ਮੰਗਾਂ ਲਈ ਅਵਾਜ਼ ਉਠਾ ਰਹੇ ਹਨ ਪਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਆਪਣੀ ਗੱਲ ਜ਼ਰੂਰ ਕਰਨ ਪਰ ਹਿੰਸਕ ਨਾ ਹੋਣ। ਉਨ੍ਹਾਂ ਕਿਹਾ ਕਿ ਆਪਣੀ ਗੱਲ ਜ਼ਰੂਰ ਕਰੋ ਪਰ ਮੁਹੱਬਤ ਦਾ ਦਾਮਨ ਨਾ ਛੱਡੋ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਲੁਧਿਆਣਾ ਲਈ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਲਗਭਗ ਤੈਅ, ਜਲਦ ਖੁੱਲ੍ਹਣਗੇ ਪੱਤੇ

ਉਨ੍ਹਾਂ ਕਿਹਾ ਕਿ ਗੱਲਬਾਤ ਨਾਲ ਸਾਰੇ ਮਸਲੇ ਹੀ ਹੱਲ ਹੋ ਸਕਦੇ ਹਨ। ਇਸ ਤਰ੍ਹਾਂ ਗੁੱਸੇ ਨਾਲ ਕੋਈ ਮਸਲਾ ਹੱਲ ਹੋਣ ਵਾਲਾ ਨਹੀਂ ਹੈ। ਸਾਡੇ ਪੀਰ-ਪੈਗੰਬਰਾਂ ਤੇ ਗੁਰੂ ਸਾਹਿਬਾਨਾਂ ਨੇ ਤਾਂ ਸਾਨੂੰ ਪਿਆਰ ਸਿਖਾਇਆ ਸੀ ਤੇ ਸਾਨੂੰ ਪਿਆਰ ਹੀ ਕਰਨਾ ਚਾਹੀਦਾ ਹੈ। ਹੰਸ ਰਾਜ ਹੰਸ ਨੇ ਕਿਹਾ ਕਿ ਕਿਸਾਨਾਂ ਦੇ ਮਸਲੇ ਜਾਇਜ਼  ਹਨ, ਉਹ ਹੱਲ ਕਰਵਾਉਣ ਲਈ ਹੀ ਦਿੱਲੀ ਛੱਡ ਕੇ ਇੱਥੇ ਆਏ ਹਾਂ। ਮੈਂ ਲਗਾਤਾਰ ਕਿਸਾਨਾਂ ਦੇ ਹੱਕ ਦੀ ਗੱਲ ਕਰਦਾ ਰਿਹਾ ਹਾਂ। ਕਿਸਾਨ ਮੇਰਾ ਯੂਟਿਊਬ ਚੈੱਕ ਕਰ ਲੈਣ, ਪਹਿਲੇ ਅੰਦੋਲਨ ਤੋਂ ਲੈ ਕੇ ਹੁਣ ਤਕ ਮੇਰਾ ਕੀ ਰੋਲ ਰਿਹਾ ਹੈ। ਕਿਸਾਨ ਹੀ ਦੱਸਣ ਕਿ ਪਹਿਲੇ ਅੰਦੋਲਨ ਤੋਂ ਲੈ ਕੇ ਹੁਣ ਤਕ ਮੇਰੇ ਤੋਂ ਕੋਈ ਗੁਸਤਾਖ਼ੀ ਹੋਈ ਹੋਵੇ ਜਾਂ ਮੈਂ ਕਿਸੇ ਪਾਰਟੀ ਦੀ ਵਾਧੂ ਚਮਚਾਗਿਰੀ ਕੀਤੀ ਹੋਵੇ ਤਾਂ ਮੈਂ ਤੁਹਾਡਾ ਗੁਨਾਹਗਾਰ ਹਾਂ। ਮੈਂ ਕਿਸਾਨਾਂ ਦੀ ਆਵਾਜ਼ ਹੀ ਬੁਲੰਦ ਕਰਦਾ ਰਿਹਾ ਹਾਂ। 

ਇਹ ਖ਼ਬਰ ਵੀ ਪੜ੍ਹੋ - CM ਮਾਨ ਤੇ ਕੇਜਰੀਵਾਲ ਦੀ ਮੁਲਾਕਾਤ ਲਈ ਪੰਜਾਬ ਪੁਲਸ ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਵਿਚਾਲੇ ਫੱਸਿਆ ਪੇਚ (ਵੀਡੀਓ)

ਹੰਸ ਰਾਜ ਹੰਸ ਨੇ ਕਿਹਾ ਕਿ ਮੈਂ ਦਿੱਲੀ ਤੋਂ ਜਿੱਤਿਆ ਸੀ, ਮੈਂ ਵਜ਼ੀਰ ਵੀ ਬਣ ਸਕਦਾ ਸੀ ਪਰ ਮੈਂ ਕਿਸਾਨਾਂ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ। ਜਿਹੜੇ ਵੱਡੇ-ਵੱਡੇ ਕਿਸਾਨੀ ਨਾਲ ਸਬੰਧਤ ਵਜ਼ੀਰ ਸੀ, ਉਨ੍ਹਾਂ ਨੇ ਉੱਥੇ ਤੁਹਾਡੀ ਆਵਾਜ਼ ਸਹੀ ਤਰੀਕੇ ਨਾਲ ਨਹੀਂ ਪਹੁੰਚਾਈ। ਇਹ ਅੰਬਾਲੇ ਤੋਂ ਉਰੇ ਹੋਰ ਗੱਲਾਂ ਕਰਦੇ ਨੇ ਤੇ ਅੰਬਾਲਾ ਟੱਪਦਿਆਂ ਹੀ ਚਮਚਾਗਿਰੀਆਂ ਕਰਨ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਇਕ ਖੇਤ ਮਜ਼ਦੂਰ ਦਾ ਪੁੱਤਰ ਹਾਂ, ਉਸ ਰਿਸ਼ਤੇ ਦੇ ਮੱਦੇਨਜ਼ਰ ਮੈਂ ਪਹਿਲੇ ਅੰਦੋਲਨ ਵਿਚ ਵੀ ਪ੍ਰੈੱਸ ਕਾਨਫ਼ਰੰਸ ਕੀਤੀਆਂ ਸੀ ਕਿ ਮੈਂ ਕਿਸਾਨਾਂ ਤੇ ਪ੍ਰਧਾਨ ਮੰਤਰੀ ਜੀ ਦੀ ਮੁਲਾਕਾਤ ਕਰਵਾਉਂਦਾ ਹਾਂ। ਫ਼ਿਰ ਮੈਂ ਪਹਿਲੀ ਵਾਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਰਾਜੇਵਾਲ ਸਾਹਿਬ ਦੀ ਗੱਲ ਕਰਵਾਈ ਸੀ। ਫ਼ਿਰ ਮੈਂ ਉਨ੍ਹਾਂ ਦੀਆਂ ਵੱਖ-ਵੱਖ ਚੈਨਲਾਂ 'ਤੇ ਇੰਟਰਵਿਊਜ਼ ਕਰਵਾਈਆਂ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਚੈੱਕ ਤਾਂ ਕਰ ਲੈਣ ਕਿ ਇਸ ਬੰਦੇ ਦਾ ਕਿਰਦਾਰ ਕੀ ਹੈ, ਹਰ ਕਿਸੇ ਨੂੰ ਇੱਕੋ ਰੱਸੇ ਨਾ ਲੰਘਾਈ ਜਾਓ। ਉਨ੍ਹਾਂ ਕਿਹਾ ਕਿ ਨੀਤੀਆਂ ਦਾ ਵਿਰੋਧ ਜ਼ਰੂਰ ਕਰੋ, ਪਰ ਗੁੱਸੇ ਵਿਚ ਨਾ ਆਓ। ਰਾਜੇਵਾਲ ਸਾਹਿਬ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਉਮੀਦਵਾਰ ਦਾ ਵਿਰੋਧ ਨਾ ਕਰੋ ਸਗੋਂ ਉਨ੍ਹਾਂ ਤੋਂ 10-12 ਸਵਾਲ ਪੁੱਛੋ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News