ਦਿੱਲੀ ਤੋਂ ਹਲਵਾਰਾ ਆ ਰਹੀ ਏਅਰ ਇੰਡੀਆ ਦੀ ਫਲਾਈਟ ''ਚ ਪੈ ਗਿਆ ਭੜਥੂ, ਯਾਤਰੀਆਂ ਦੇ ਸੁੱਕੇ ਸਾਹ
Saturday, Jul 04, 2026 - 03:14 PM (IST)
ਹਲਵਾਰਾ (ਲਾਡੀ) : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ਨੀਵਾਰ ਸਵੇਰੇ 5:55 ਵਜੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਈ ਏਅਰ ਇੰਡੀਆ ਦੀ ਫਲਾਈਟ ਏਆਈ-481 ਇਕੋ ਸਫ਼ਰ ਦੌਰਾਨ ਦੋ ਵੱਡੀਆਂ ਮੁਸ਼ਕਲਾਂ ਵਿਚੋਂ ਗੁਜ਼ਰੀ। ਪਹਿਲਾਂ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਜਹਾਜ਼ ਵਿਚ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਪਾਇਲਟ ਨੂੰ ਸੁਰੱਖਿਆ ਦੇ ਮੱਦੇਨਜ਼ਰ ਜਹਾਜ਼ ਵਾਪਸ ਦਿੱਲੀ ਉਤਾਰਨਾ ਪਿਆ। ਇਸ ਤੋਂ ਬਾਅਦ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਦੁਬਾਰਾ ਹਲਵਾਰਾ ਲਈ ਰਵਾਨਾ ਕੀਤਾ ਗਿਆ ਪਰ ਮੰਜ਼ਿਲ 'ਤੇ ਪਹੁੰਚਣ ਉਪਰੰਤ ਖਰਾਬ ਮੌਸਮ ਨੇ ਇਕ ਵਾਰ ਫਿਰ ਯਾਤਰੀਆਂ ਦੀ ਚਿੰਤਾ ਵਧਾ ਦਿੱਤੀ। ਤੇਜ਼ ਮੀਂਹ, ਹਨੇਰੀ ਅਤੇ ਤੇਜ਼ ਹਵਾਵਾਂ ਕਾਰਨ ਪਹਿਲੀ ਵਾਰ ਲੈਂਡਿੰਗ ਨਹੀਂ ਹੋ ਸਕੀ। ਆਖ਼ਰਕਾਰ ਪਾਇਲਟ ਨੇ ਦੂਜੀ ਕੋਸ਼ਿਸ਼ ਵਿਚ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਹਲਵਾਰਾ ਹਵਾਈ ਅੱਡੇ 'ਤੇ ਉਤਾਰਿਆ, ਜਿਸ ਤੋਂ ਬਾਅਦ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵਿੱਛ ਗਈਆਂ ਲਾਸ਼ਾਂ, ਤਿੰਨ ਲੋਕਾਂ ਦੀ ਥਾਈਂ ਮੌਤ
ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਫਲਾਈਟ ਏਆਈ-481 ਆਪਣੇ ਨਿਰਧਾਰਤ ਸਮੇਂ ਮੁਤਾਬਕ ਸਵੇਰੇ 5:55 ਵਜੇ ਦਿੱਲੀ ਤੋਂ ਹਲਵਾਰਾ ਲਈ ਰਵਾਨਾ ਹੋਈ ਸੀ। ਉਡਾਣ ਭਰਨ ਤੋਂ ਲਗਭਗ 15 ਮਿੰਟ ਬਾਅਦ ਜਹਾਜ਼ ਵਿਚ ਤਕਨੀਕੀ ਖਰਾਬੀ ਦਾ ਸੰਕੇਤ ਮਿਲਿਆ। ਪਾਇਲਟ ਨੇ ਕਿਸੇ ਵੀ ਤਰ੍ਹਾਂ ਦਾ ਜ਼ੋਖਮ ਨਾ ਲੈਂਦੇ ਹੋਏ ਸੁਰੱਖਿਆ ਨੂੰ ਪਹਿਲ ਦਿੱਤੀ ਅਤੇ ਜਹਾਜ਼ ਨੂੰ ਤੁਰੰਤ ਦਿੱਲੀ ਵਾਪਸ ਮੋੜਨ ਦਾ ਫੈਸਲਾ ਕੀਤਾ। ਸਵੇਰੇ ਕਰੀਬ 7 ਵਜੇ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਦਿੱਲੀ ਹਵਾਈ ਅੱਡੇ 'ਤੇ ਉਤਾਰ ਲਿਆ ਗਿਆ। ਇਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਜਹਾਜ਼ ਤੋਂ ਬਾਹਰ ਕੱਢਿਆ ਗਿਆ। ਏਅਰ ਇੰਡੀਆ ਦੇ ਤਕਨੀਕੀ ਮਾਹਿਰਾਂ ਵੱਲੋਂ ਜਹਾਜ਼ ਦੀ ਜਾਂਚ ਕੀਤੀ ਗਈ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਉਨ੍ਹਾਂ ਨੂੰ ਦੂਜੇ ਜਹਾਜ਼ ਵਿਚ ਬਿਠਾਇਆ ਗਿਆ। ਇਸ ਉਪਰੰਤ ਸਵੇਰੇ ਲਗਭਗ 9 ਵਜੇ ਉਹੀ ਫਲਾਈਟ ਨੰਬਰ ਏਆਈ-481 ਮੁੜ ਹਲਵਾਰਾ ਲਈ ਰਵਾਨਾ ਹੋਈ। ਹਾਲਾਂਕਿ ਯਾਤਰੀਆਂ ਦੀ ਮੁਸ਼ਕਲ ਇੱਥੇ ਖਤਮ ਨਹੀਂ ਹੋਈ। ਜਦੋਂ ਜਹਾਜ਼ ਹਲਵਾਰਾ ਹਵਾਈ ਅੱਡੇ ਨੇੜੇ ਪਹੁੰਚਿਆ ਤਾਂ ਇਲਾਕੇ ਵਿਚ ਤੇਜ਼ ਮੀਂਹ, ਹਨੇਰੀ ਅਤੇ ਖਰਾਬ ਮੌਸਮ ਕਾਰਨ ਪਹਿਲੀ ਵਾਰ ਲੈਂਡਿੰਗ ਦਾ ਯਤਨ ਸਫਲ ਨਹੀਂ ਹੋ ਸਕਿਆ। ਪਾਇਲਟ ਨੇ ਸਥਿਤੀ ਨੂੰ ਸਮਝਦਿਆਂ ਜਲਦਬਾਜ਼ੀ ਕਰਨ ਦੀ ਬਜਾਏ ਜਹਾਜ਼ ਨੂੰ ਹਵਾ ਵਿਚ ਹੀ ਕਾਬੂ ਵਿਚ ਰੱਖਿਆ ਅਤੇ ਹਲਵਾਰਾ ਦੇ ਆਸਮਾਨ ਵਿਚ ਦੋ ਚੱਕਰ ਲਗਾ ਕੇ ਮੌਸਮ ਦੀ ਸਥਿਤੀ ਦਾ ਮੁਲਾਂਕਣ ਕੀਤਾ। ਕੁਝ ਸਮੇਂ ਬਾਅਦ ਦੂਜੀ ਵਾਰ ਲੈਂਡਿੰਗ ਦੀ ਕੋਸ਼ਿਸ਼ ਕੀਤੀ ਗਈ, ਜੋ ਸਫਲ ਰਹੀ ਅਤੇ ਜਹਾਜ਼ ਸੁਰੱਖਿਅਤ ਢੰਗ ਨਾਲ ਹਲਵਾਰਾ ਹਵਾਈ ਅੱਡੇ 'ਤੇ ਉਤਰ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਤਿੰਨ ਮਹੀਨੇ ਤਕ ਨਹੀਂ ਮਿਲੇਗੀ ਛੁੱਟੀ
ਪੂਰੀ ਉਡਾਣ ਦੌਰਾਨ ਯਾਤਰੀਆਂ ਵਿਚ ਚਿੰਤਾ ਅਤੇ ਘਬਰਾਹਟ ਦਾ ਮਾਹੌਲ ਬਣਿਆ ਰਿਹਾ। ਪਹਿਲਾਂ ਤਕਨੀਕੀ ਖਰਾਬੀ ਅਤੇ ਬਾਅਦ ਵਿਚ ਖਰਾਬ ਮੌਸਮ ਕਾਰਨ ਲੈਂਡਿੰਗ ਵਿਚ ਆਈ ਰੁਕਾਵਟ ਨੇ ਯਾਤਰੀਆਂ ਦੀਆਂ ਧੜਕਣਾਂ ਤੇਜ਼ ਕਰ ਦਿੱਤੀਆਂ। ਹਾਲਾਂਕਿ ਜਹਾਜ਼ ਵਿੱਚ ਯਾਤਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਕਿਸੇ ਤਰ੍ਹਾਂ ਦੀ ਅਫ਼ਰਾਤਫ਼ਰੀ ਨਹੀਂ ਮਚੀ ਅਤੇ ਸਾਰੇ ਯਾਤਰੀ ਸੁਰੱਖਿਅਤ ਲੈਂਡਿੰਗ ਲਈ ਅਰਦਾਸ ਕਰਦੇ ਰਹੇ। ਉਡਾਣ ਵਿਚ ਸਵਾਰ ਯਾਤਰੀ ਡਾ. ਸੰਜੀਵ ਕੁਮਾਰ ਬਖ਼ਸ਼ੀ ਨੇ ਦੱਸਿਆ ਕਿ ਪਹਿਲੇ ਜਹਾਜ਼ ਵਿਚ ਤਕਨੀਕੀ ਖਰਾਬੀ ਆਉਣ ਕਾਰਨ ਉਸ ਨੂੰ ਦਿੱਲੀ ਵਾਪਸ ਲਿਆਂਦਾ ਗਿਆ। ਇਸ ਤੋਂ ਬਾਅਦ ਦੂਜੇ ਜਹਾਜ਼ ਰਾਹੀਂ ਹਲਵਾਰਾ ਲਈ ਰਵਾਨਾ ਕੀਤਾ ਗਿਆ ਪਰ ਹਲਵਾਰਾ ਪਹੁੰਚਣ 'ਤੇ ਖਰਾਬ ਮੌਸਮ ਕਾਰਨ ਪਹਿਲੀ ਵਾਰ ਜਹਾਜ਼ ਨਹੀਂ ਉਤਰ ਸਕਿਆ। ਉਨ੍ਹਾਂ ਕਿਹਾ ਕਿ ਦੋਵਾਂ ਘਟਨਾਵਾਂ ਕਾਰਨ ਜਹਾਜ਼ ਵਿਚ ਬੈਠੇ ਸਾਰੇ ਯਾਤਰੀ ਕਾਫ਼ੀ ਡਰੇ ਹੋਏ ਸਨ। ਜਦੋਂ ਦੂਜੀ ਕੋਸ਼ਿਸ਼ ਵਿਚ ਜਹਾਜ਼ ਸੁਰੱਖਿਅਤ ਉਤਰਿਆ ਤਾਂ ਸਾਰਿਆਂ ਨੇ ਰਾਹਤ ਦਾ ਸਾਹ ਲਿਆ।
ਇਹ ਵੀ ਪੜ੍ਹੋ : ਚਰਨਜੀਤ ਚੰਨੀ ਦੀ ਮੀਟਿੰਗ ਨੂੰ ਲੈ ਕੇ ਕੀ ਬੋਲੇ ਸੁਖਜਿੰਦਰ ਸਿੰਘ ਰੰਧਾਵਾ
ਪਿਛਲੇ ਇਕ ਸਾਲ ਦੌਰਾਨ ਏਅਰ ਇੰਡੀਆ ਦੀਆਂ ਉਡਾਣਾਂ ਦੀ ਸੁਰੱਖਿਆ ਨੂੰ ਲੈ ਕੇ ਉੱਠੇ ਸਵਾਲ
ਪਿਛਲੇ ਇਕ ਸਾਲ ਦੌਰਾਨ ਏਅਰ ਇੰਡੀਆ ਦੀਆਂ ਕਈ ਉਡਾਣਾਂ ਵਿਚ ਤਕਨੀਕੀ ਖਰਾਬੀਆਂ ਅਤੇ ਸੰਚਾਲਨ ਨਾਲ ਸੰਬੰਧਤ ਸਮੱਸਿਆਵਾਂ ਦੇ ਮਾਮਲੇ ਸਾਹਮਣੇ ਆਏ ਹਨ। ਵੱਖ-ਵੱਖ ਉਡਾਣਾਂ ਦੌਰਾਨ ਇੰਜਣ, ਹਾਈਡ੍ਰੌਲਿਕ ਸਿਸਟਮ, ਏਅਰ ਕੰਡੀਸ਼ਨਿੰਗ ਅਤੇ ਹੋਰ ਤਕਨੀਕੀ ਚੇਤਾਵਨੀ ਸੰਕੇਤ ਮਿਲਣ ਕਾਰਨ ਕਈ ਜਹਾਜ਼ਾਂ ਨੂੰ ਵਿਚਕਾਰੋਂ ਹੀ ਵਾਪਸ ਮੋੜਨਾ ਪਿਆ ਜਾਂ ਬਦਲਵੇਂ ਹਵਾਈ ਅੱਡਿਆਂ 'ਤੇ ਉਤਾਰਨਾ ਪਿਆ। ਕਈ ਮਾਮਲਿਆਂ ਵਿਚ ਯਾਤਰੀਆਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ ਜਦਕਿ ਕੁਝ ਉਡਾਣਾਂ ਲਈ ਜਹਾਜ਼ ਬਦਲ ਕੇ ਯਾਤਰਾ ਪੂਰੀ ਕਰਵਾਈ ਗਈ। ਇਥੇ ਇਹ ਵੀ ਦੱਸਣਯੋਗ ਹੈ ਕਿ ਹਾਲੀਆ ਮਹੀਨਿਆਂ ਵਿਚ ਹਵਾਬਾਜ਼ੀ ਖੇਤਰ ਵਿਚ ਸੁਰੱਖਿਆ ਨੂੰ ਲੈ ਕੇ ਵਧੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਨਾਗਰਿਕ ਹਵਾਬਾਜ਼ੀ ਮਹਾਨਿਰਦੇਸ਼ਾਲੇ (ਡੀਜੀਸੀਏ) ਵੀ ਏਅਰਲਾਈਨਾਂ ਦੇ ਸੁਰੱਖਿਆ ਮਾਪਦੰਡਾਂ ਅਤੇ ਤਕਨੀਕੀ ਜਾਂਚ 'ਤੇ ਲਗਾਤਾਰ ਨਿਗਰਾਨੀ ਰੱਖ ਰਿਹਾ ਹੈ। ਹਵਾਬਾਜ਼ੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਉਡਾਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਖਰਾਬੀ ਸਾਹਮਣੇ ਆਵੇ ਤਾਂ ਜਹਾਜ਼ ਨੂੰ ਤੁਰੰਤ ਵਾਪਸ ਮੋੜਨਾ ਜਾਂ ਨਜ਼ਦੀਕੀ ਸੁਰੱਖਿਅਤ ਹਵਾਈ ਅੱਡੇ 'ਤੇ ਉਤਾਰਨਾ ਯਾਤਰੀਆਂ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਸਹੀ ਅਤੇ ਲਾਜ਼ਮੀ ਪ੍ਰਕਿਰਿਆ ਹੈ। ਸ਼ਨੀਵਾਰ ਨੂੰ ਦਿੱਲੀ ਤੋਂ ਹਲਵਾਰਾ ਆ ਰਹੀ ਫਲਾਈਟ ਵਿਚ ਵੀ ਪਾਇਲਟ ਅਤੇ ਏਅਰਲਾਈਨ ਨੇ ਇਹੀ ਸਾਵਧਾਨੀ ਵਰਤਦਿਆਂ ਪਹਿਲਾਂ ਜਹਾਜ਼ ਨੂੰ ਵਾਪਸ ਦਿੱਲੀ ਉਤਾਰਿਆ ਅਤੇ ਬਾਅਦ ਵਿਚ ਦੂਜੇ ਜਹਾਜ਼ ਰਾਹੀਂ ਯਾਤਰੀਆਂ ਨੂੰ ਸੁਰੱਖਿਅਤ ਹਲਵਾਰਾ ਪਹੁੰਚਾਇਆ। ਉੱਥੇ ਵੀ ਖਰਾਬ ਮੌਸਮ ਦੇ ਬਾਵਜੂਦ ਪਾਇਲਟ ਨੇ ਕੋਈ ਜੋਖਮ ਨਾ ਲੈਂਦਿਆਂ ਮੌਸਮ ਅਨੁਕੂਲ ਹੋਣ ਦੀ ਉਡੀਕ ਕੀਤੀ ਅਤੇ ਦੂਜੀ ਕੋਸ਼ਿਸ਼ ਵਿੱਚ ਸੁਰੱਖਿਅਤ ਲੈਂਡਿੰਗ ਕਰਕੇ ਯਾਤਰੀਆਂ ਨੂੰ ਸਹੀ-ਸਲਾਮਤ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ।
ਇਹ ਵੀ ਪੜ੍ਹੋ : ਕਾਂਗਰਸ 'ਚ ਵਿਵਾਦ ਵਿਚਾਲੇ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਸੁਖਜਿੰਦਰ ਰੰਧਾਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
