ਲੁਧਿਆਣਾ ਦੀ ਇਕ ਹੋਰ ਸੜਕ ਧਸੀ! ਆਵਾਜਾਈ ਲਈ ਬੰਦ ਕੀਤਾ ਗਿਆ ਰਾਹ

Friday, Jun 26, 2026 - 03:37 PM (IST)

ਲੁਧਿਆਣਾ ਦੀ ਇਕ ਹੋਰ ਸੜਕ ਧਸੀ! ਆਵਾਜਾਈ ਲਈ ਬੰਦ ਕੀਤਾ ਗਿਆ ਰਾਹ

ਲੁਧਿਆਣਾ (ਹਿਤੇਸ਼): ਮਹਾਨਗਰ ਵਿਚ ਇਕ ਵਾਰ ਫ਼ਿਰ ਸੜਕ ਧਸਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਰੋਜ਼ਪੁਰ ਰੋਡ ਨੂੰ ਹੰਬੜਾ ਰੋਡ ਨਾਲ ਜੋੜਣ ਵਾਲੀ ਸੜਕ 'ਤੇ ਹੋਟਲ ਦੇ ਅੱਗੇ ਸੱਗੂ ਚੌਕ ਵੱਲ ਜਾਣ ਵਾਲੇ ਰਾਹ 'ਤੇ ਅਚਾਨਕ ਵੱਡਾ ਟੋਇਆ ਪੈ ਗਿਆ ਹੈ। ਸੜਕ ਧਸਣ ਮਗਰੋਂ ਸੁਰੱਧਿਆ ਦੇ ਮੱਦੇਨਜ਼ਰ ਨਗਰ ਨਿਗਮ ਨੇ ਪ੍ਰਭਾਵਿਤ ਹਿੱਸੇ ਨੂੰ ਬੰਦ ਕਰ ਦਿੱਤਾ, ਜਿਸ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਜਾਣਕਾਰੀ ਮੁਤਾਬਕ, ਸੜਕ ਦੇ ਥੱਲਿਓਂ ਗੁਜ਼ਰ ਰਹੀ ਵਾਟਰ ਸਪਲਾਈ ਤੇ ਸੀਵਰੇਜ ਪਾਈਪਲਾਈਨ ਵਿਚ ਲੀਕੇਜ ਕਾਰਨ ਮਿੱਟੀ ਲਗਾਤਾਰ ਖਿਸਕਦੀ ਰਹੀ, ਜਿਸ ਨਾਲ ਸੜਕ ਅੰਦਰੋਂ ਪੂਰੀ ਤਰ੍ਹਾਂ ਖੋਖਲੀ ਹੋ ਗਈ। ਇਸੇ ਕਾਰਨ ਸੜਕ ਧੱਸ ਗਈ ਤੇ ਵੱਡਾ ਟੋਇਆ ਪੈ ਗਿਆ।  ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ  ਇਸੇ ਜਗ੍ਹਾ ਸੜਕ ਧੱਸ ਚੁੱਕੀ ਹੈ ਤੇ ਇਕ ਵਾਰ ਤਾਂ ਪੂਰਾ ਟਰੱਕ ਸੜਕ ਵਿਚ ਧੱਸ ਗਿਆ ਸੀ। ਇਸ ਦੇ ਬਾਵਜੂਦ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਗਿਆ। 

ਘਟਨਾ ਦੀ ਸੂਚਨਾ ਮਿਲਦਿਆਂ ਹੀ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਵਿਨੀਤ ਸ਼ਰਮਾ ਮੌਕੇ 'ਤੇ ਪਹੁੰਚੇ ਤੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਲਾਈਨ ਵਿਚ ਲੀਕੇਜ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਸਬੰਧਤ ਵਿਭਾਗ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ। ਇਸ ਦੌਰਾਨ ਬੀ. ਐਂਡ ਆਰ. ਬ੍ਰਾਂਚ ਤੇ ਓ. ਐਂਡ ਐੱਮ. ਸੈੱਲ ਦੇ ਨਗਰ ਨਿਗਮ ਅਫ਼ਸਰ ਵੀ ਮੌਕੇ 'ਤੇ ਮੌਜੂਦ ਰਹੇ। ਫ਼ਿਲਹਾਲ ਮੁਰੰਮਤ ਦਾ ਕੰਮ ਪੂਰਾ ਹੋਣ ਤਕ ਸੜਕ ਨੂੰ ਆਵਾਜਾਈ ਲਈ ਬੰਦ ਰੱਖਿਆ ਗਿਆ ਹੈ। ਇਹ ਮੁੱਖ ਸੰਪਰਕ ਮਾਰਗ ਹੈ, ਇਸ ਲਈ ਲੋਕਾਂ ਨੂੰ ਬਦਲਵੇਂ ਰਸਤਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। 


author

Anmol Tagra

Content Editor

Related News