ਲੋਹਾਰਾ ਨਹਿਰ ''ਚ ਨਹਾਉਣ ਗਿਆ ਨਾਬਾਲਗ ਤੇਜ਼ ਬਹਾਅ ''ਚ ਰੁੜ੍ਹਿਆ, ਭਾਲ ਜਾਰੀ

Monday, Jun 29, 2026 - 09:02 PM (IST)

ਲੋਹਾਰਾ ਨਹਿਰ ''ਚ ਨਹਾਉਣ ਗਿਆ ਨਾਬਾਲਗ ਤੇਜ਼ ਬਹਾਅ ''ਚ ਰੁੜ੍ਹਿਆ, ਭਾਲ ਜਾਰੀ

ਲੁਧਿਆਣਾ (ਰਾਜ) : ਲੁਧਿਆਣਾ ਦੇ ਨਿਊ ਸਤਗੁਰੂ ਨਗਰ (ਲੋਹਾਰਾ) ਇਲਾਕੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਐਤਵਾਰ ਦੁਪਹਿਰ ਨੂੰ ਆਪਣੇ ਦੋਸਤਾਂ ਨਾਲ ਲੋਹਾਰਾ ਨਹਿਰ ਵਿੱਚ ਨਹਾਉਣ ਗਿਆ 15 ਸਾਲਾ ਕਿਸ਼ੋਰ ਅਨਮੋਲ ਅਚਾਨਕ ਪਾਣੀ ਦੇ ਤੇਜ਼ ਬਹਾਅ ਦੀ ਲਪੇਟ ਵਿੱਚ ਆਉਣ ਕਾਰਨ ਲਾਪਤਾ ਹੋ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਦੇਰ ਰਾਤ ਤੱਕ ਚੱਲੇ ਸਰਚ ਆਪਰੇਸ਼ਨ ਦੇ ਬਾਵਜੂਦ ਕਿਸ਼ੋਰ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।

ਜਾਣਕਾਰੀ ਦਿੰਦਿਆਂ ਅਨਮੋਲ ਦੇ ਪਿਤਾ ਦੀਪਕ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਐਤਵਾਰ ਦੁਪਹਿਰ ਨੂੰ ਦੋਸਤਾਂ ਨਾਲ ਨਹਿਰ ਵਿੱਚ ਨਹਾਉਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ। ਨਹਿਰ ਵਿੱਚ ਨਹਾਉਂਦੇ ਸਮੇਂ ਪਾਣੀ ਦਾ ਬਹਾਅ ਬਹੁਤ ਤੇਜ਼ ਸੀ, ਜਿਸ ਕਾਰਨ ਅਨਮੋਲ ਅਚਾਨਕ ਰੁੜ੍ਹ ਗਿਆ। ਸ਼ਾਮ ਤੱਕ ਜਦੋਂ ਅਨਮੋਲ ਵਾਪਸ ਨਹੀਂ ਪਰਤਿਆ, ਤਾਂ ਪਰਿਵਾਰ ਨੇ ਆਪਣੇ ਪੱਧਰ 'ਤੇ ਦੋਸਤਾਂ ਤੋਂ ਪੁੱਛਗਿੱਛ ਕੀਤੀ ਅਤੇ ਨਹਿਰ ਦੇ ਆਲੇ-ਦੁਆਲੇ ਭਾਲ ਕੀਤੀ, ਪਰ ਕੁਝ ਪਤਾ ਨਾ ਲੱਗਣ 'ਤੇ ਉਨ੍ਹਾਂ ਨੇ ਤੁਰੰਤ ਮਰਾਡੋ ਪੁਲਸ ਚੌਕੀ ਅਤੇ ਥਾਣਾ ਡਾਬਾ ਵਿਖੇ ਸੂਚਿਤ ਕੀਤਾ।

ਡਾਬਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ। ਪੁਲਸ ਅਧਿਕਾਰੀਆਂ ਅਨੁਸਾਰ ਹਨੇਰਾ ਜ਼ਿਆਦਾ ਹੋਣ ਅਤੇ ਪਾਣੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਐਤਵਾਰ ਦੇਰ ਰਾਤ ਤੱਕ ਅਨਮੋਲ ਦਾ ਕੁਝ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਭਰੋਸਾ ਦਿੱਤਾ ਹੈ ਕਿ ਸੋਮਵਾਰ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਨੂੰ ਦੁਬਾਰਾ ਵੱਡੇ ਪੱਧਰ 'ਤੇ ਸ਼ੁਰੂ ਕੀਤਾ ਜਾਵੇਗਾ। ਇਸ ਹਾਦਸੇ ਤੋਂ ਬਾਅਦ ਅਨਮੋਲ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News