ਮਾਮੂਲੀ ਗੱਲ ''ਤੇ ਝਗੜੇ ਮਗਰੋਂ ਜਿਮ ਟ੍ਰੇਨਰ ਨੇ ਕਰ''ਤਾ ਗੁਆਂਢੀ ਦਾ ਕਤਲ, ਨਹਿਰ ਦੀ ਪੱਟੜੀ ’ਤੇ ਸੁੱਟੀ ਲਾਸ਼
Wednesday, Mar 05, 2025 - 08:12 PM (IST)

ਜਲਾਲਾਬਾਦ (ਆਦਰਸ਼ ਜੋਸਨ, ਜਤਿੰਦਰ) : ਮੰਗਲਵਾਰ ਦੀ ਰਾਤ ਨੂੰ ਥਾਣਾ ਵੈਰੋ ਕਾ ਅਧੀਨ ਪੈਂਦੇ ਪਿੰਡ ਬਾਹਮਣੀ ਵਾਲਾ ਦੀ ਢਾਣੀ ਕੋਕਰੀ ਵਿਖੇ ਇੱਕ ਗੁਆਂਢੀ ਵੱਲੋਂ ਹੀ ਮਾਮੂਲੀ ਗੱਲ ਨੂੰ ਲੈ ਕੇ ਆਪਣੇ ਗੁਆਂਢੀ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਦਾ ਕਤਲ ਕੀਤੇ ਜਾਣ ਤੋਂ ਬਾਅਦ ਕਤਲ ਨੂੰ ਛੁਪਾਉਣ ਲਈ ਲਾਸ਼ ਨੂੰ ਪਿੰਡ ਦੇ ਨਾਲ ਲੱਗਦੀ ਨਹਿਰ ਦੀ ਕੱਚੀ ਪੱਟੜੀ ’ਤੇ ਸੁੱਟ ਦਿੱਤੀ। ਮ੍ਰਿਤਕ ਦੇ ਪਰਿਵਾਰ ਵੱਲੋਂ ਇਸ ਦੀ ਜਾਣਕਾਰੀ ਸਬੰਧਿਤ ਥਾਣਾ ਦੀ ਪੁਲਸ ਨੂੰ ਦਿੱਤੀ ਗਈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਗੁਰਸ਼ਰਨ ਸਿੰਘ ਊਰਫ ਬੁੱਗਾ ਪੁੱਤਰ ਜੰਗੀਰ ਸਿੰਘ ਵਾਸੀ ਬਾਹਮਣੀ ਵਾਲਾ ਢਾਣੀ ਕੋਕਰੀ ਜੋ ਸ਼ਾਦੀਸ਼ੁਦਾ ਹੈ ਤੇ ਉਸ ਦੇ 3 ਛੋਟੇ ਬੱਚੇ ਹਨ ਤੇ ਜਿਸਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੀ ਹੋਈ ਲਾਸ਼ ਪਿੰਡ ਦੇ ਨਾਲ ਲੰਘਦੀ ਨਹਿਰ ਦੀ ਪੱਟੜੀ ਤੋਂ ਮਿਲਣ ’ਤੇ ਪੂਰੇ ਪਿੰਡ ’ਚ ਸਨਸਨੀ ਫੈਲ ਗਈ ਅਤੇ ਸਬੰਧਿਤ ਥਾਣਾ ਵੈਰੋ ਕਾ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਤਾਂ ਕਤਲ ਦਾ ਸਾਰਾ ਮਾਮਲਾ ਸਾਫ ਹੋ ਗਿਆ। ਜਲਾਲਾਬਾਦ ਦੇ ਡੀ.ਐੱਸ.ਪੀ ਜਤਿੰਦਰ ਗਿੱਲ ਨੇ ਦੱਸਿਆ ਕਿ ਅੱਜ ਸਵੇਰੇ ਥਾਣਾ ਵੈਰੋ ਕਾ ਵਿਖੇ ਸੂਚਨਾ ਪ੍ਰਾਪਤ ਹੋਈ ਤਾਂ ਥਾਣਾ ਮੁੱਖੀ ਦਵਿੰਦਰ ਕੁਮਾਰ ਨੇ ਘਟਨਾਂ ਸਥਾਨ ’ਤੇ ਪੁੱਜ ਕੇ ਘਟਨਾਂ ਸਥਾਨ ਤੋਂ ਜਾਣਕਾਰੀ ਹਾਸਲ ਕੀਤੀ ਤਾਂ ਪਿੰਡ ਨੌਜਵਾਨ ਗੁਰਸ਼ਰਨ ਸਿੰਘ ਊਰਫ ਬੁੱਗਾ ਉਮਰ 40 ਪੁੱਤਰ ਜੰਗੀਰ ਸਿੰਘ ਦੀ ਪਛਾਣ ਹੋਈ ਤੇ ਜਿਸ ਦੀ ਲਾਸ਼ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਕੀਤਾ ਹੋਇਆ ਸੀ ਤੇ ਅੰਨ੍ਹਾ ਕਤਲ ਲੱਗ ਰਿਹਾ ਸੀ।
ਡੀ.ਐੱਸ.ਪੀ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮ੍ਰਿਤਕ ਦਾ ਗੁਆਂਢੀ ਨੌਜਵਾਨ ਅਮਰਜੀਤ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਬਾਹਮਣੀ ਵਾਲਾ ਹੈ, ਜੋ ਕਿ ਜਿਮ ਟਰੇਨਰ ਦਾ ਕੰਮ ਕਰਦਾ ਹੈ ਅਤੇ ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ ਅਤੇ ਜਿਮ ਟਰੇਨਰ ਵੀ ਨਸ਼ਾ ਕਰਨ ਦਾ ਆਦੀ ਸੀ। ਇਸੇ ਕਾਰਨ ਹੀ ਰਾਤ ਇਨ੍ਹਾਂ ਦਾ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਤੇ ਝਗੜੇ ਦੇ ਦੌਰਾਨ ਮ੍ਰਿਤਕ ਗੁਰਸ਼ਰਨ ਸਿੰਘ ਨੇ ਜਿਮ ਟਰੇਨਰ ਦੀ ਭੈਣ ਦੇ ਖ਼ਿਲਾਫ਼ ਕੁੱਝ ਅਪਸ਼ਬਦ ਬੋਲੇ ਤੇ ਜਿਸਤੇ ਉਸ ਨੂੰ ਗੁੱਸਾ ਆ ਗਿਆ ਤੇ ਜਿਸ ਨੇ ਮ੍ਰਿਤਕ ਦੇ ਸਿਰ ’ਤੇ ਕਾਪਾ ਮਾਰ ਕੇ ਗਦਰਨ ’ਤੇ ਵਾਰ ਕਰਕੇ ਕਤਲ ਕਰ ਦਿੱਤਾ। ਡੀ.ਐੱਸ.ਪੀ ਗਿੱਲ ਨੇ ਅੱਗੇ ਦੱਸਿਆ ਕਿ ਮ੍ਰਿਤਕ ਸ਼ਾਦੀਸ਼ੁਦਾ ਹੈ ਅਤੇ ਜਿਸ ਦੇ 3 ਛੋਟੇ ਛੋਟੇ ਬੱਚੇ ਹਨ ਅਤੇ ਉਸਦੀ ਘਰਵਾਲੀ ਪਿਛਲੇ 6 ਮਹੀਨੇ ਤੋਂ ਪੇਕੇ ਬੈਠੀ ਹੋਈ ਹੈ।
ਇਸ ਮਾਮਲੇ ਸਬੰਧੀ ਡੀ.ਐੱਸ.ਪੀ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਜਿਮ ਦੇ ਅੰਦਰ ਜਾ ਦੇਖਿਆ ਕਿ ਅੰਦਰ ਖੂਨ ਲੱਗਿਆ ਹੋਇਆ ਸੀ ਅਤੇ ਕੁੱਝ ਸ਼ੱਕੀ ਚੀਜ਼ਾਂ ਮਿਲੀਆਂ ਜਿਸ ਤੋਂ ਬਾਅਦ ਦੋਸ਼ੀ ਪਾਸੋ ਪੁੱਛਗਿੱਛ ਕੀਤੀ ਗਈ ਤਾਂ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਵੱਲੋਂ ਉਸ ਦੀ ਭੈਣ ਦੇ ਖ਼ਿਲਾਫ ਅਪਸ਼ਬਦ ਬੋਲੇ ਗਏ ਹਨ ਜਿਸ ਦੇ ਕਾਰਨ ਹੀ ਕਤਲ ਕੀਤਾ ਗਿਆ ਹੈ ਤੇ ਉਨ੍ਹਾਂ ਕਿਹਾ ਕਿ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਕਿੰਨਾਂ ਵਿਅਕਤੀਆਂ ਦੀ ਮਦਦ ਦੇ ਨਾਲ ਕਿਸ ਵਾਹਨ ’ਤੇ ਲੈ ਕੇ ਦੋਸ਼ੀ ਗਿਆ ਹੈ ਉਸਨੂੰ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀ.ਐੱਸ.ਪੀ ਜਲਾਲਾਬਾਦ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਪੋਸਟਮਾਰਟ ਲਈ ਫ਼ਾਜ਼ਿਲਕਾ ਭੇਜ ਦਿੱਤਾ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਇਸ ਦੇ ’ਚ ਹੋਰ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀ ਜਾਵੇਗਾ। ਇਸ ਕਤਲ ਮਾਮਲੇ ਸਬੰਧੀ ਡੀ.ਐੱਸ.ਪੀ ਜਲਾਲਾਬਾਦ ਜਤਿੰਦਰ ਸਿੰਘ ਗਿੱਲ ਨੇ ਜਗਬਾਣੀ ਨਾਲ ਘਟਨਾਂਕ੍ਰਮ ਦੀ ਸਾਰੀ ਜਾਣਕਾਰੀ ਸਾਂਝੀ ਕੀਤੀ ਅਤੇ ਪੁਲਸ ਵੱਲੋਂ 8 ਘੰਟੇ ’ਚ ਮਾਮਲਾ ਸੁਲਝਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8