ਇਸ ਹਾਲਾਤ ''ਚ ਭਗਵਾਨ ਅਤੇ ਵਿਗਿਆਨ ਹੀ ਸਾਡਾ ਸਹਾਰਾ : ਗੁਰਪ੍ਰੀਤ ਘੁੱਗੀ
Wednesday, Mar 25, 2020 - 06:01 PM (IST)
ਜਲੰਧਰ (ਬਿਊਰੋ) : ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਭਾਰਤ ਸਮੇਤ ਪੰਜਾਬ 'ਚ ਵੀ ਲਗਾਤਾਰ ਇਸ ਵਾਇਰਸ ਨੇ ਤੜਥੱਲੀ ਮਚਾਈ ਹੋਈ ਹੈ। ਇਸ ਦੇ ਚੱਲਦਿਆਂ ਮਸ਼ਹੂਰ ਹਾਸਰਾਸ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। 'ਜਗ ਬਾਣੀ' ਟੀ. ਵੀ. ਰਾਹੀਂ ਲੋਕਾਂ ਨੂੰ ਸੁਨੇਹਾ ਦਿੰਦਿਆਂ ਗੁਰਪ੍ਰੀਤ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਸਾਨੂੰ ਭਗਵਾਨ ਅਤੇ ਵਿਗਿਆਨ ਦਾ ਹੀ ਸਹਾਰਾ ਹੈ ਕਿਉਂਕਿ ਪੂਰੀ ਦੁਨੀਆ ਇਸ ਖਤਰਨਾਕ ਵਾਇਰਸ ਕਾਰਨ ਦਹਿਸ਼ਤ 'ਚ ਹੈ ਤੇ ਲੋਕਾਂ ਨੂੰ ਆਸ ਹੈ ਵਿਗਿਆਨੀ ਅੱਜ ਵੀ ਇਸ 'ਤੇ ਕੋਈ ਵੈਕਸੀਨ ਜਾਂ ਟੀਕਾ ਕੱਢ ਲੈਣਗੇ ਅਤੇ ਇਸ ਬੀਮਾਰੀ 'ਤੇ ਕਾਬੂ ਪਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਵਿਗਿਆਨੀਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਮੋਗਾ: ਕਰਫਿਊ ਨੇ ਠੰਢੇ ਪਾਏ ਗਰੀਬਾਂ ਦੇ ਚੁੱਲ੍ਹੇ
ਘੁੱਗੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੁਦਰਤ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ਜਦੋਂ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ ਤਾਂ ਕੁਦਰਤ ਵੀ ਆਪਣਾ ਰੰਗ ਫਿਰ ਵਿਖਾਉਂਦੀ ਹੀ ਹੈ। ਅਜਿਹੇ ਸਮੇਂ 'ਚ ਸਾਨੂੰ ਘਰ ਰਹਿ ਕੇ ਰੱਬ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਇਸ ਔਖੀ ਘੜੀ ਵਿਚ ਉਹ ਸਾਡੀ ਮਦਦ ਕਰੇ।
ਇਹ ਵੀ ਪੜ੍ਹੋ: ਕਰਫਿਊ ਦਰਮਿਆਨ ਲਾੜਾ ਨਹੀਂ ਭੁੱਲਿਆ ਰੂਲ, ਇੰਝ ਕਰਵਾਇਆ ਵਿਆਹ
ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਦੇ 29 ਮਰੀਜ਼ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਮਰੀਜ਼ ਉਹੀ ਹਨ, ਜਿਹੜੇ ਮ੍ਰਿਤਕ ਬਲਦੇਵ ਸਿੰਘ ਨਾਲ ਸੰਪਰਕ 'ਚ ਰਹੇ ਹਨ। ਇਸ ਤੋਂ ਇਲਾਵਾ ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਲਗਭਗ 16000 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਤੋਂ ਇਲਾਵਾ ਭਾਰਤ 'ਚ ਹੁਣ ਤੱਕ 10 ਮੌਤਾਂ ਕੋਰੋਨਾ ਕਾਰਨ ਹੋ ਚੁੱਕੀਆਂ ਹਨ। ਪੰਜਾਬ 'ਚ ਕੋਰੋਨਾ ਦਾ ਪ੍ਰਭਾਵ ਵਧਣ ਤੋਂ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਕਰਫਿਊ ਦੌਰਾਨ ਕਿਸੇ ਨੂੰ ਕਿਸੇ ਵੀ ਕਿਸਮ ਦੀ ਛੋਟ ਨਹੀਂ ਦਿੱਤੀ ਜਾ ਰਹੀ ਹੈ।