ਡੇਰਾ ਮੁਖੀ ਖਿਲਾਫ ਫੈਸਲਾ ਆਉਂਦੇ ਹੀ ਬੰਦ ਹੋਏ ਬਾਜ਼ਾਰ

08/29/2017 6:34:47 AM

ਸੰਗਰੂਰ(ਬੇਦੀ)— ਸਾਧਵੀ ਰੇਪ ਕੇਸ ਮਾਮਲੇ 'ਚ ਡੇਰਾ ਸਿਰਸਾ ਮੁਖੀ ਨੂੰ 10 ਸਾਲ ਦੀ ਸਜ਼ਾ ਦਾ ਫੈਸਲਾ ਆਉਂਦਿਆਂ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਹੋ ਗਏ ਅਤੇ ਸ਼ਹਿਰ ਵਿਚ ਕਰਫਿਊ ਵਰਗਾ ਮਾਹੌਲ ਬਣ ਗਿਆ। ਸੁਰੱਖਿਆ ਦੇ ਮੱਦੇਨਜ਼ਰ ਪੁਲਸ ਅਤੇ ਸੁਰੱਖਿਆ ਫੋਰਸਾਂ ਦੀ ਟੁਕੜੀਆਂ ਗਸ਼ਤ ਕਰਦੀਆਂ ਨਜ਼ਰ ਆਈਆਂ। ਡੇਰਾ ਮੁਖੀ ਦੇ ਫੈਸਲੇ ਦੇ ਮੱਦੇਨਜ਼ਰ ਸੋਮਵਾਰ ਸਵੇਰ ਤੋਂ ਹੀ ਸ਼ਹਿਰ ਦਾ ਮਾਹੌਲ ਕੁਝ ਤਣਾਅਪੂਰਨ ਦਿਖਾਈ ਦੇ ਰਿਹਾ ਸੀ ਅਤੇ ਜਿਵੇਂ ਹੀ ਦੁਪਹਿਰੇ ਫੈਸਲਾ ਆਉਣ ਦਾ ਸਮਾਂ ਨੇੜੇ ਆਇਆ ਤਾਂ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਫੈਸਲਾ ਆਉਣ ਤੱਕ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਅਤੇ ਸੁੰਨੇ ਨਜ਼ਰ ਆਏ। ਸਿਰਫ ਪੁਲਸ ਦੇ ਜਵਾਨਾਂ ਦੀਆਂ ਟੁਕੜੀਆਂ ਹੀ ਬਾਜ਼ਾਰ ਵਿਚ ਗਸ਼ਤ ਕਰਦੀਆਂ ਨਜ਼ਰ ਆਈਆਂ। ਗਸ਼ਤ ਕਰ ਰਹੇ ਪੁਲਸ ਮੁਲਾਜ਼ਮ ਕਿਸੇ ਵੀ ਥਾਂ 'ਤੇ ਲੋਕਾਂ ਦਾ ਇਕੱਠ ਨਹੀਂ ਸੀ ਹੋਣ ਦੇ ਰਹੇ ਅਤੇ ਜੋ ਵੀ ਦਿਖਾਈ ਦਿੰਦਾ, ਉਸਨੂੰ ਘਰ ਜਾਣ ਦੀ ਹਦਾਇਤ ਦਿੱਤੀ ਜਾਂਦੀ। ਖਬਰ ਲਿਖੇ ਜਾਣ ਤੱਕ ਬੇਸ਼ਕ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਸਨ ਪਰ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ।
 'ਜਗ ਬਾਣੀ' ਦੀ ਟੀਮ ਨੇ ਜਦੋਂ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਬਾਜ਼ਾਰ ਬਿਲਕੁਲ ਖਾਲੀ ਪਏ ਸਨ ਅਤੇ ਦੁਕਾਨਾਂ ਬੰਦ ਸਨ। ਸ਼ਹਿਰ ਦਾ ਸਦਰ ਬਾਜ਼ਾਰ, ਨਾਭਾ ਗੇਟ, ਵੱਡਾ ਚੌਕ, ਛੋਟਾ ਚੌਕ, ਬੱਸ ਸਟੈਂਡ ਰੋਡ, ਗਊਸ਼ਾਲਾ ਰੋਡ 'ਤੇ 95 ਫੀਸਦੀ ਦੁਕਾਨਾਂ ਬੰਦ ਸਨ। ਪੁਲਸ ਨੇ ਕੀਤੀ ਗਸ਼ਤ ਤੇਜ਼  :  ਸ਼ਹਿਰ 'ਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਫੈਸਲਾ ਆਉਣ ਤੋਂ ਬਾਅਦ ਪੁਲਸ ਨੇ ਵੀ ਗਸ਼ਤ ਤੇਜ਼ ਕਰ ਦਿੱਤੀ ਅਤੇ ਮੇਨ ਪੁਆਇੰਟਾਂ 'ਤੇ ਨਾਕੇ ਲਾ ਦਿੱਤੇ। ਡੀ. ਐੱਸ. ਪੀ. ਸੰਦੀਪ ਵਡੇਰਾ ਤੇ ਐੱਸ. ਐੱਚ. ਓ. ਦੀਪਇੰਦਰ ਸਿੰਘ ਜੇਜੀ ਨੇ ਖੁਦ ਸ਼ਹਿਰ 'ਚ ਗਸ਼ਤ ਕੀਤੀ।
ਬੱਸ ਅੱਡੇ 'ਤੇ ਸੁਰੱਖਿਆ ਦੇ ਪ੍ਰਬੰਧ ਸਖਤ  :  ਬੱਸ ਸਟੈਂਡ ਤੋਂ ਅੱਜ 11 ਵਜੇ ਤੱਕ ਹੀ ਬੱਸਾਂ ਚੱਲੀਆਂ ਤੇ ਬਾਅਦ ਵਿਚ ਬੱਸਾਂ ਕਿਸੇ ਵੀ ਰੂਟ 'ਤੇ ਨਹੀਂ ਭੇਜੀਆਂ ਗਈਆਂ ਅਤੇ ਦੁਪਹਿਰ ਤੱਕ ਬੱਸ ਅੱਡੇ ਨੂੰ ਬੰਦ ਕਰ ਦਿੱਤਾ ਗਿਆ। ਬੱਸ ਅੱਡੇ ਦੀ ਸੁਰੱਖਿਆ ਲਈ ਜਿੱਥੇ ਗੇਟ ਦੇ ਬਾਹਰ ਪੁਲਸ ਤਾਇਨਾਤ ਸੀ ਉਥੇ ਬੱਸ ਅੱਡੇ ਦੀ ਅੰਦਰੋਂ ਰਖਵਾਲੀ ਪੀ. ਆਰ. ਟੀ. ਸੀ. ਦੇ ਕਰਮਚਾਰੀ ਕਰ ਰਹੇ ਸਨ। 
 


Related News