CM ਭਗਵੰਤ ਮਾਨ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
Friday, May 10, 2024 - 08:58 PM (IST)
ਬਾਬਾ ਬਕਾਲਾ ਸਾਹਿਬ (ਅਠੌਲਾ)- ਜਿਉਂ-ਜਿਉਂ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਹਨ, ਤਿਉਂ-ਤਿਉਂ ਹੀ ਪੰਜਾਬ 'ਚ ਚੋਣ ਅਖਾੜਾ ਭਖਦਾ ਜਾ ਰਿਹਾ ਹੈ। ਕਰੀਬ ਸਾਰੀਆਂ ਹੀ ਪਾਰਟੀਆਂ ਦੇ ਆਗੂ ਡੇਰਾ ਰਾਧਾ ਸਵਾਮੀ ਬਿਆਸ ਵਿਖੇ ਆ ਕੇ ਹਾਜਰੀਆਂ ਭਰ ਰਹੇ ਹਨ, ਕਿਉਂਕਿ ਇਸ ਡੇਰੇ ਦਾ ਸਾਰੇ ਭਾਰਤ 'ਚ ਕਾਫੀ ਵੋਟ ਬੈਂਕ ਹੈ।
ਪਿਛਲੇ ਕੁਝ ਦਿਨਾਂ ਅੰਦਰ ਹੀ ਮਨੀਸ਼ ਤਿਵਾੜੀ, ਕੁਲਬੀਰ ਸਿੰਘ ਜੀਰਾ, ਲਾਲਜੀਤ ਸਿੰਘ ਭੁੱਲਰ, ਹਰਭਜਨ ਸਿੰਘ ਈ.ਟੀ.ਓ., ਵਿਧਾਇਕ ਸਰਵਣ ਸਿੰਘ ਧੁੰਨ, ਵਿਧਾਇਕ ਨਰੇਸ਼ ਕਟਾਰੀਆ, ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਹੋਰ ਪਾਰਟੀਆਂ ਦੇ ਆਗੂ ਡੇਰਾ ਮੁਖੀ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤਾਂ ਕਰ ਚੁੱਕੇ ਹਨ।
ਇਸੇ ਲੜੀ ਤਹਿਤ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਸਾਥੀਆਂ ਸਮੇਤ ਡੇਰਾ ਮੁਖੀ ਬਿਆਸ ਰਾਧਾ ਸਵਾਮੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਮਾਨ ਸਵੇਰੇ ਇਕ ਵੱਡੇ ਕਾਫਲੇ ਨਾਲ 11 ਵਜੇ ਡੇਰਾ ਬਿਆਸ ਪੁੱਜੇ ਅਤੇ ਕਰੀਬ ਦੋ ਘੰਟੇ ਉੱਥੇ ਰਹਿਣ ਉਪਰੰਤ ਵਾਪਸ ਰਵਾਨਾ ਹੋ ਗਏ।
ਜ਼ਿਕਰਯੋਗ ਹੈ ਕਿ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਬਾਬਾ ਜੀ ਨਾਲ ਪਹਿਲੀ ਮੁਲਾਕਾਤ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਡੇਰਾ ਰਾਧਾ ਸਵਾਮੀ ਵੱਲੋਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ 25-26 ਮਈ ਨੂੰ ਹੋਣ ਵਾਲਾ ਸਤਿਸੰਗ ਰੱਦ ਕਰ ਦਿਤਾ ਗਿਆ ਹੈ ਅਤੇ ਹੁਣ ਅਗਲਾ ਸਤਿਸੰਗ 29-30 ਜੂਨ ਨੂੰ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e