ਗੁਰਦੁਆਰੇ ਦੀ ਗੋਲਕ ''ਚੋਂ ਪੈਸੇ ਚੋਰੀ ਕਰਨ ਵਾਲਾ ਨੌਜਵਾਨ ਗ੍ਰਿਫਤਾਰ

01/15/2019 4:04:12 PM

ਬਟਾਲਾ (ਬੇਰੀ) : ਬਟਾਲਾ ਦੇ ਨਜ਼ਦੀਕੀ ਪਿੰਡ ਧੁੱਪਸੜੀ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੀਤੀ ਰਾਤ ਨੂੰ ਗੋਲਕ 'ਚੋਂ ਪੈਸੇ ਚੋਰੀ ਕਰਨ ਵਾਲੇ ਨੌਜਵਾਨ ਨੂੰ ਖੇਤਾਂ ਵਿਚੋਂ ਸੇਵਾਦਾਰਾਂ ਵਲੋਂ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਵਿਖੇ ਡਿਊਟੀ ਕਰਦੇ ਸਕਿਓਰਟੀ ਗਾਰਡ ਤਰਸੇਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਫੈਜ਼ਪੁਰਾ, ਅਲੀਵਾਲ ਰੋਡ ਬਟਾਲਾ ਨੇ ਦੱਸਿਆ ਕਿ ਉਹ ਜੋੜਾ ਘਰ ਵਿਖੇ ਬੈਠੇ ਸਨ ਕਿ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਖੜਾਕ ਦੀ ਆਵਾਜ਼ ਆਈ ਤਾਂ ਉਹ ਗੁਰਦੁਆਰਾ ਸਾਹਿਬ ਵੱਲ ਗਏ ਤਾਂ ਉਨ੍ਹਾਂ ਦੇਖਿਆ ਕਿ ਕਮਰੇ ਅੰਦਰ ਇਕ ਨੌਜਵਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਰੱਖੇ ਲੋਹੇ ਦੇ ਤੀਰ ਨਾਲ ਗੋਲਕ ਤੋੜ ਰਿਹਾ ਸੀ ਅਤੇ ਇਹ ਦੇਖ ਕੇ ਉਸ ਨੇ ਰੌਲਾ ਪਾਇਆ ਤਾਂ ਹਰਮਨਪ੍ਰੀਤ ਸਿੰਘ ਆਦਿ ਵੀ ਮੌਕੇ 'ਤੇ ਆ ਗਏ ਅਤੇ ਸਾਨੂੰ ਦੇਖ ਕੇ ਉਕਤ ਨੌਜਵਾਨ ਇਮਾਰਤ ਦੀ ਖਿੜਕੀ ਰਾਹੀਂ ਬਾਹਰ ਭੱਜ ਪਿਆ ਜਿਸ ਨੂੰ ਅਸੀਂ ਦੌੜਦੇ ਨੂੰ ਖੇਤਾਂ ਵਿਚੋਂ ਕਾਬੂ ਕਰ ਲਿਆ। ਜਦੋਂ ਅਸੀਂ ਨੌਜਵਾਨ ਦਾ ਨਾਮ ਪੁੱਛਿਆ ਤਾਂ ਇਸ ਨੇ ਆਪਣਾ ਨਾਮ ਅਸ਼ੀਸ਼ ਪੁੱਤਰ ਅਨਿਲ ਵਾਸੀ ਮਾਡਲ ਟਾਊਨ ਬਟਾਲਾ ਦੱਸਿਆ, ਜਿਸ ਤੋਂ ਬਾਅਦ ਅਸੀਂ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕੀਤਾ। ਤਰਸੇਮ ਸਿੰਘ ਨੇ ਕਿਹਾ ਕਿ ਉਕਤ ਸਾਰੀ ਘਟਨਾ ਗੁਰਦੁਆਰਾ ਸਾਹਿਬ ਦੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ। 
ਘਟਨਾ ਦੀ ਸੂਚਨਾ ਮਿਲਣ ਉਪਰੰਤ ਡੀ.ਐੱਸ.ਪੀ. ਸਿਟੀ ਪ੍ਰਹਿਲਾਦ ਸਿੰਘ ਅਤੇ ਐੱਸ.ਐੱਚ.ਓ. ਸਿਵਲ ਲਾਈਨ ਪਰਮਜੀਤ ਸਿੰਘ ਭਾਰੀ ਪੁਲਸ ਫੋਰਸ ਸਮੇਤ ਪਿੰਡ ਧੁੱਪਸੜੀ ਵਿਖੇ ਪਹੁੰਚੇ ਅਤੇ ਪਿੰਡ ਵਾਸੀਆਂ ਵਲੋਂ ਕਾਬੂ ਕੀਤੇ ਉਕਤ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ। ਇਸ ਦੌਰਾਨ ਦਮਦਮੀ ਟਕਸਾਲ ਅਜਨਾਲਾ ਅਤੇ ਸਤਿਕਾਰ ਕਮੇਟੀ ਦੇ ਮੈਂਬਰ ਭਾਈ ਗੁਰਨਾਮ ਸਿੰਘ ਜੱਸਲ, ਭਾਈ ਲਾਡਾ ਸਿੰਘ ਤੇ ਭਾਈ ਰਣਜੀਤ ਸਿੰਘ ਸਾਥੀਆਂ ਸਮੇਤ ਮੌਕੇ 'ਤੇ ਪਹੁੰਚ ਕੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਸਬੰਧਤ ਨੌਜਵਾਨ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। 
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਸਿਟੀ ਪ੍ਰਹਿਲਾਦ ਸਿੰਘ ਤੇ ਐੱਸ.ਐੱਚ.ਓ ਸਿਵਲ ਲਾਈਨ ਪਰਮਜੀਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਤਰਸੇਮ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਦਿੱਤਾ ਹੈ।


Related News