ਤਰਪਾਲਾਂ ਦੇ ਗੋਦਾਮ ਨੂੰ ਲੱਗੀ ਅੱਗ, ਹੋਇਆ 15 ਲੱਖ ਦਾ ਨੁਕਸਾਨ
Friday, Jun 28, 2019 - 03:19 PM (IST)

ਗੁਰਦਾਸਪੁਰ (ਗੁਰਪ੍ਰੀਤ) - ਬਟਾਲਾ ਦੇ ਸ਼ਾਸਤਰੀ ਨਗਰ 'ਚ ਸਥਿਤ ਇਕ ਤਰਪਾਲਾਂ ਦੇ ਗੋਦਾਮ ਨੂੰ ਭਿਆਨਕ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਕ ਰਜਿੰਦਰ ਪਾਲ ਵਾਸੀ ਗ੍ਰੇਟਰ ਕੈਲਾਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਮਹਾਂਵੀਰ ਟ੍ਰੇਡਿੰਗ ਨਾਂ ਦੀ ਦੁਕਾਨ ਦੁਸਹਿਰਾ ਗਰਾਊਂਡ ਦੇ ਸਾਹਮਣੇ ਸਥਿਤ ਹੈ। ਇਸ ਤੋਂ ਇਲਾਵਾ ਸ਼ਾਸਤਰੀ ਨਗਰ 'ਚ ਉਨ੍ਹਾਂ ਦਾ ਤਰਪਾਲਾਂ ਦਾ ਗੋਦਾਮ ਵੀ ਹੈ, ਜਿਸ ਨੂੰ ਅੱਜ ਸਵੇਰੇ ਸਵਾ ਨੌਂ ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਉਨ੍ਹਾਂ ਨੂੰ ਗੁਆਂਢੀਆਂ ਵਲੋਂ ਫੋਨ 'ਤੇ ਦਿੱਤੀ ਗਈ।
ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੀਆਂ 3 ਗੱਡੀਆਂ ਨੇ ਪੁਲਸ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਅਤੇ ਉਨ੍ਹਾਂ ਦਾ ਕਰੀਬ 15 ਕੁ ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਸਥਾਨ 'ਤੇ ਪਹੁੰਚੇ ਚੌਕੀ ਇੰਚਾਰਜ ਬੱਸ ਸਟੈਂਡ ਦੇ ਏ.ਐੱਸ. ਆਈ. ਬਲਦੇਵ ਸਿੰਘ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।