ਸ਼ਹੀਦ ਸਤਨਾਮ ਸਿੰਘ ਨੂੰ ਜੱਦੀ ਪਿੰਡ 'ਚ ਦਿੱਤੀ ਗਈ ਅੰਤਿਮ ਵਿਦਾਈ, ਹਰ ਅੱਖ ਹੋਈ ਨਮ

Thursday, Jun 18, 2020 - 06:30 PM (IST)

ਸ਼ਹੀਦ ਸਤਨਾਮ ਸਿੰਘ ਨੂੰ ਜੱਦੀ ਪਿੰਡ 'ਚ ਦਿੱਤੀ ਗਈ ਅੰਤਿਮ ਵਿਦਾਈ, ਹਰ ਅੱਖ ਹੋਈ ਨਮ

ਗੁਰਦਾਸਪੁਰ, ਬਟਾਲਾ (ਵਿਨੋਦ) : ਬੀਤੇ ਦਿਨੀਂ ਸੋਮਵਾਰ ਦੀ ਰਾਤ ਨੂੰ ਲੱਦਾਖ ਦੀ ਗਲਵਾਨ ਵਾਦੀ ’ਚ ਚੀਨੀ ਫੌਜ ਨਾਲ ਹੋਏ ਟਕਰਾਅ ’ਚ ਸ਼ਹਾਦਤ ਦਾ ਜਾਮ ਪੀਣ ਵਾਲੇ ਨਾਇਬ ਸੂਬੇਦਾਰ ਸਤਨਾਮ ਸਿੰਘ (42) ਦਾ ਉਨ੍ਹਾਂ ਦੇ ਜੱਦੀ ਪਿੰਡ ਭੋਜਰਾਜ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਸਾਬਕਾ ਮੰਤਰੀ ਮਾ. ਮੋਹਨ ਲਾਲ, ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਰਜਿੰਦਰ ਸਿੰਘ ਸੋਹਲ ਐੱਸ. ਐੱਸ. ਪੀ., ਚੇਅਰਮੈਨ ਰਵੀਨੰਦਨ ਸਿੰਘ ਬਾਜਵਾ, ਕਰਨਲ ਜੀ. ਐੱਸ. ਗਿੱਲ, ਕੰਵਰ ਰਵਿੰਦਰ ਸਿੰਘ ਵਿੱਕੀ ਆਦਿ ਨੇ ਪਹੁੰਚ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ।

ਸ਼ਹੀਦ ਸਤਨਾਮ ਸਿੰਘ ਦੀ ਮ੍ਰਿਤਕਦੇਹ ਹੋਰ 3 ਸ਼ਹੀਦਾਂ ਦੇ ਨਾਲ ਏਅਰ ਲਿਫਟ ਕਰ ਕੇ ਪਹਿਲਾਂ ਚੰਡੀਗੜ੍ਹ ਲਿਆਂਦੀ ਗਈ, ਜਿਥੇ ਫੌਜ ਦੇ ਉੱਚ ਅਧਿਕਾਰੀਆਂ ਨੇ ਸ਼ਰਧਾਂਜਲੀ ਦਿੱਤੀ। ਉਪਰੰਤ ਵਿਸ਼ੇਸ਼ ਹੈਲੀਕਾਪਟਰ ਰਾਹੀਂ ਉਨ੍ਹਾਂ ਦੀ ਮ੍ਰਿਤਕਦੇਹ ਤਿੱਬੜੀ ਕੈਂਟ ਪਹੁੰਚੀ, ਜਿਥੋਂ ਵਿਸ਼ੇਸ਼ ਗੱਡੀ ਰਾਹੀਂ ਪਵਿੱਤਰ ਦੇਹ ਨੂੰ ਪਿੰਡ ਭੋਜਰਾਜ ਪਹੁੰਚਾਇਆ ਗਿਆ। ਤਿਰੰਗੇ ’ਚ ਲਿਪਟੀ ਹੋਈ ਸ਼ਹੀਦ ਦੀ ਮ੍ਰਿਤਕ ਦੇਹ ਜਦੋਂ ਪਿੰਡ ਪਹੁੰਚੀ ਤਾਂ ਸਾਰੇ ਪਿੰਡ ਅਤੇ ਇਲਾਕੇ ’ਚ ਮਾਤਮ ਪਸਰ ਗਿਆ। ਸ਼ਹੀਦ ਦੀ ਮਾਤਾ ਜਸਬੀਰ ਕੌਰ, ਪਤਨੀ ਜਸਵਿੰਦਰ ਕੌਰ ਅਤੇ ਬੇਟੀ ਸੰਦੀਪ ਕੌਰ ਦੇ ਵਿਰਲਾਪ ਸੁਣ ਕੇ ਹਰੇਕ ਅੱਖ ਨਮ ਹੋ ਗਈ।

 ਇਹ ਵੀ ਪੜ੍ਹੋਂ : ਡਾਕਟਰਾਂ ਦੀ ਵੱਡੀ ਲਾਪ੍ਰਵਾਹੀ : ਕੋਰੋਨਾ ਜਾਂਚ ਲਈ ਲਏ ਨਮੂਨੇ ਕਈ-ਕਈ ਦਿਨ ਪਏ ਰਹਿੰਦੇ ਨੇ ਲੈਬੋਰੇਟਰੀ 'ਚ

PunjabKesariਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਦੀ ਅਰਥੀ ਨੂੰ ਉਨ੍ਹਾਂ ਦੀ ਮਾਂ ਜਸਬੀਰ ਕੌਰ ਤੇ ਬੇਟੀ ਸੰਦੀਪ ਕੌਰ ਨੇ ਮੌਢਾ ਦੇ ਕੇ ਸਾਰੇ ਦੇਸ਼ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਸ਼ਹੀਦ ਪਰਿਵਾਰਾਂ ਦੇ ਮੋਢਿਆਂ ’ਚ ਏਨੀ ਤਾਕਤ ਹੈ ਕਿ ਉਹ ਆਪਣੇ ਘਰ ਦੇ ਚਿਰਾਗ ਨੂੰ ਆਪਣੇ ਮੋਢਿਆ ’ਤੇ ਚੁੱਕ ਕੇ ਸ਼ਮਸ਼ਾਨ ਤੱਕ ਲਿਜਾ ਸਕਦੇ ਹਨ। ਇਸ ਮੌਕੇ ਸ਼ਹੀਦ ਦੀ ਮਾਂ ਜਸਬੀਰ ਕੌਰ ਨੇ ਕਿਹਾ ਕਿ ਮੈਨੂੰ ਆਪਣੇ ਪੁੱਤਰ ਦੇ ਜਾਣ ਦਾ ਦੁੱਖ ਤਾਂ ਬਹੁਤ ਹੈ ਪਰ ਉਸਦੀ ਸ਼ਹਾਦਤ ’ਤੇ ਮਾਣ ਵੀ ਹੈ। ਕਿਉਂਕਿ ਉਸ ਦੇ ਬਲਿਦਾਨ ਨਾਲ ਮੇਰਾ ਕੱਦ ਹੋਰ ਵੀ ਉੱਚਾ ਹੋ ਗਿਆ ਹੈ।

ਸੈਨਾ ਦੀ 1871 ਫੀਲਡ ਰੈਜੀਮੈਂਟ ਨੇ ਦਿੱਤੀ ਸਲਾਮੀ
ਇਸ ਮੌਕੇ ਤਿਬੜੀ ਕੈਂਟ ਤੋਂ ਆਏ ਫੌਜ ਦੀ 1871 ਫੀਲਡ ਰੈਜੀਮੈਂਟ ਦੇ ਜਵਾਨਾਂ ਨੇ ਮੇਜਰ ਪਰਾਸ਼ਰ ਦੀ ਅਗਵਾਈ ਹੇਠ ਹਥਿਆਰ ਉਲਟੇ ਅਤੇ ਹਵਾ ’ਚ ਗੋਲੀਆਂ ਚਲਾ ਕੇ ਮਾਤਮੀ ਧੁੰਨ ਵਿਚ ਸ਼ਹੀਦ ਨੂੰ ਸਲਾਮੀ ਦਿੱਤੀ।

18 ਸਾਲ ਦੇ ਬੇਟੇ ਨੇ ਦਿੱਤੀ ਚਿਤਾ ਨੂੰ ਅਗਨੀ
ਜਦੋਂ ਸ਼ਹੀਦ ਦੇ 18 ਸਾਲਾਂ ਦੇ ਬੇਟੇ ਪ੍ਰਭਜੋਤ ਸਿੰਘ ਨੇ ਪਿਤਾ ਦੀ ਚਿਤਾ ਨੂੰ ਅਗਨੀ ਦਿੱਤੀ ਤਾਂ ਸ਼ਮਸ਼ਾਨਘਾਟ ’ਚ ਮੌਜੂਦ ਹਰ ਅੱਖ ’ਚ ਅੱਥਰੂ ਛਲਕ ਉਠੇ ਅਤੇ ਸਾਰਾ ਸਮਸ਼ਾਨਘਾਟ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਅਮਰ ਰਹੇ, ਭਾਰਤੀ ਫੌਜ ਜਿੰਦਾਬਾਦ, ਚੀਨੀ ਫੌਜ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿਆ।

ਇਹ ਵੀ ਪੜ੍ਹੋਂ : ਭਾਰਤ-ਚੀਨ ਦੀ ਝੜਪ 'ਚ ਸ਼ਹੀਦ ਹੋਇਆ ਗੁਰਦਾਸਪੁਰ ਦਾ ਸਤਨਾਮ ਸਿੰਘ

ਅਫਸਰ ਬਣ ਕੇ ਕਰਾਂਗਾ ਸ਼ਹੀਦ ਪਿਤਾ ਦੇ ਸੁਪਨੇ ਨੂੰ ਸਾਕਾਰ : ਪ੍ਰਭਜੋਤ
ਸ਼ਹੀਦ ਸਤਨਾਮ ਸਿੰਘ ਦੇ ਬੇਟੇ ਸਿੰਘ ਨੇ ਕਿਹਾ ਕਿ ਉਸਦੇ ਪਿਤਾ ਹਮੇਸ਼ਾ ਕਹਿੰਦੇ ਸਨ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਮੇਰਾ ਬੇਟਾ ਮੇਰੀ ਯੂਨਿਟ ’ਚ ਅਫਸਰ ਬਣੇ ਅਤੇ ਉਹ ਪੁੱਤਰ ਨੂੰ ਸੈਲਊਟ ਕਰਨ। ਨਾਲ ਹੀ ਇਹ ਵੀ ਕਹਿੰਦੇ ਸਨ ਕਿ ਉਹ ਆਪਣੀ ਬੇਟੀ ਨੂੰ ਵੀ ਫੌਜ ’ਚ ਡਾਕਟਰ ਬਣਾਉਣਗੇ। ਪ੍ਰਭਜੋਤ ਨੇ ਦੱਸਿਆ ਕਿ ਪਹਿਲੇ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਸੀ। ਪਰ ਹੁਣ ਪਿਤਾ ਦੀ ਸ਼ਹਾਦਤ ਦੇ ਬਾਅਦ ਉਸ ਦਾ ਇਕ ਹੀ ਮਕਸਦ ਹੈ ਕਿ ਉਹ ਵੀ ਵਰਦੀ ਪਾ ਕੇ ਫੌਜ ’ਚ ਅਫਸਰ ਬਣ ਕੇ ਪਿਤਾ ਦੇ ਸੁਪਨੇ ਨੂੰ ਸਾਕਾਰ ਕਰੇ।

PunjabKesariਸੇਵਾਮੁਕਤੀ ਉਪਰੰਤ ਪਿਤਾ ਦੇ ਨਾਂ ’ਤੇ ਬਿਰਧ ਆਸ਼ਰਮ ਬਣਾਉਣਾ ਦਾ ਸੀ ਸੁਪਨਾ : ਸ਼ਹੀਦ ਦੀ ਪਤਨੀ
ਸ਼ਹੀਦ ਦੀ ਪਤਨੀ ਜਸਵਿੰਦਰ ਕੌਰ ਨੇ ਕਿਹਾ ਕਿ ਜਦੋਂ ਉਹ ਆਪਣੇ ਪਤੀ ਨਾਲ ਫੋਨ ’ਤੇ ਗੱਲਬਾਤ ਦੌਰਾਨ ਉਨ੍ਹਾਂ ਨੂੰ ਕਸ਼ਮੀਰ ਵਿਚਲੇ ਖਤਰੇ ਬਾਰੇ ਸਾਵਧਾਨ ਕਰਦੀ ਸੀ ਤਾਂ ਉਹ ਕਹਿੰਦੇ ਸਨ ਕਿ 24 ਸਾਲ ਫੌਜ ਦਾ ਨਮਕ ਖਾਧਾ ਹੈ, ਇਸ ਲਈ ਉਹ ਆਪਣੀ ਸ਼ਹਾਦਤ ਦੇ ਕੇ ਤਿਰੰਗੇ ਵਿਚ ਲਿਪਟ ਕੇ ਦੇਸ਼ ਦਾ ਕਰਜ਼ ਚੁਕਾਉਣਗੇ। ਸ਼ਹੀਦ ਦੀ ਪਤਨੀ ਨੇ ਨਮ ਅੱਖਾਂ ਨਾਲ ਕਿਹਾ ਕਿ ਉਸ ਦਾ ਪਤੀ ਹਮੇਸ਼ਾਂ ਗਰੀਬਾਂ ਦੀ ਮਦਦ ਕਰਦਾ ਸੀ ਅਤੇ ਕਹਿੰਦਾ ਸੀ ਕਿ ਸੇਵਾਮੁਕਤ ਹੋ ਕੇ ਉਹ ਆਪਣੇ ਪਿਤਾ ਦੇ ਨਾਂਅ ’ਤੇ ਬਿਰਧ ਆਸ਼ਰਮ ਬਣਾਏਗਾ।

ਸ਼ਹੀਦ ਦੇ ਪਿੰਡ ’ਚ ਬਣਾਇਆ ਜਾਵੇਗਾ ਯਾਦਗਾਰੀ ਗੇਟ : ਮੰਤਰੀ ਰੰਧਾਵਾ
ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜ•ੀ ਹੈ ਅਤੇ ਪੰਜਾਬ ਸਰਕਾਰ ਵਲੋਂ ਸ਼ਹੀਦ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਸਰਕਾਰ ਦੀ ਨੀਤੀ ਮੁਤਾਬਕ 12 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਰੰਧਾਵਾ ਨੇ ਸ਼ਹੀਦ ਸਤਨਾਮ ਸਿੰਘ ਦੇ ਨਾਂਅ 'ਤੇ ਪਿੰਡ ਅੰਦਰ ਯਾਦਗਾਰੀ ਗੇਟ ਦੀ ਉਸਾਰੀ ਕੀਤੀ ਜਾਵੇਗੀ।

ਇਸ ਮੌਕੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਚੀਨ ਦੇ ਬਣੇ ਸਾਮਾਨ ਦਾ ਬਾਈਕਾਟ ਹੀ ਦੇਸ਼ ਦੇ ਵੀਰ ਸੈਨਿਕਾਂ ਨੂੰ ਸੱਚੀ ਸ਼ਰਧਾਜਲੀ ਹੋਵੇਗੀ।


author

Baljeet Kaur

Content Editor

Related News