ਸਾਊਦੀ ਅਰਬ 'ਚ ਬੰਧੂਆ ਮਜ਼ਦੂਰ ਬਣਾਏ ਪੁੱਤ ਨੂੰ ਛੁਡਾਉਣ ਲਈ ਮਾਪਿਆਂ ਨੇ ਕੀਤੀ ਅਪੀਲ
Monday, Jul 20, 2020 - 01:52 PM (IST)
ਗੁਰਦਾਸਪੁਰ (ਵਿਨੋਦ) : ਥਾਣਾ ਕਾਹਨੂੰਵਾਨ ਅਧੀਨ ਆਉਂਦੇ ਪਿੰਡ ਭੂਸ਼ਾ ਦੇ ਨੌਜਵਾਨ ਨੂੰ ਨੌਸਰਬਾਜ਼ ਏਜੰਟ ਵਲੋਂ ਸਾਊਦੀ ਅਰਬ 'ਚ ਫਸਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕੁਲਦੀਪ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਭੂਸ਼ਾ ਦੀ ਮਾਂ ਪਰਮਜੀਤ ਕੌਰ, ਪਤਨੀ ਸਿਮਰਜੀਤ ਕੌਰ ਅਤੇ ਭੈਣ ਹਰਪ੍ਰੀਤ ਕੌਰ ਨੇ ਦੱਸਿਆ ਕਿ ਕੁਲਦੀਪ ਸਿੰਘ ਨੂੰ 4 ਸਤੰਬਰ 2019 ਨੂੰ ਨੇੜਲੇ ਪਿੰਡ ਜਾਗੋਵਾਲ ਬੇਟ ਦੇ ਇਕ ਏਜੰਟ ਨੇ ਡੇਢ ਲੱਖ ਰੁਪਏ 'ਚ ਕਤਰ ਦਾ ਬਹਾਨਾ ਲਾ ਕੇ ਸਾਊਦੀ ਅਰਬ ਪਹੁੰਚਾ ਦਿੱਤਾ ਸੀ।ਹੁਣ ਕੁਲਦੀਪ ਉਥੇ ਇਕ ਵਿਅਕਤੀ ਕੋਲ ਡਰਾਇਵਰੀ ਕਰਦਾ ਹੈ ਪਰ 10 ਮਹੀਨਿਆਂ ਤੋਂ ਕੁਲਦੀਪ ਸਿੰਘ ਨੂੰ ਨਾ ਤਾਂ ਤਨਖ਼ਾਹ ਦਿੱਤੀ ਗਈ ਹੈ ਅਤੇ ਨਾ ਹੀ ਉਸ ਨੂੰ ਭਾਰਤ ਵਾਪਸ ਆਉਣ ਲਈ ਉਸ ਦਾ ਪਾਸਪੋਰਟ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਏਜੰਟ ਖ਼ਿਲਾਫ਼ ਥਾਣਾ ਕਾਹਨੂੰਵਾਨ ਤੋਂ ਇਲਾਵ ਐੱਸ. ਐੱਸ. ਪੀ. ਗੁਰਦਾਸਪੁਰ ਕੋਲ ਵੀ ਲਿਖਤੀ ਸ਼ਿਕਾਇਤ ਦਿੱਤੀ ਹੋਈ ਹੈ ਪਰ ਅਜੇ ਤੱਕ ਇਸ ਏਜੰਟ ਖ਼ਿਲਾਫ਼ ਪੁਲਸ ਨੇ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਹੈ।
ਇਹ ਵੀ ਪੜ੍ਹੋਂ : ਮ੍ਰਿਤਕ ਦੇਹਾਂ ਦੀ ਅਦਲਾ-ਬਦਲੀ ਦੇ ਮਾਮਲੇ 'ਚ 2 ਸਟਾਫ ਨਰਸਾਂ ਸਮੇਤ 4 ਮੁਲਾਜ਼ਮ ਸਸਪੈਂਡ
ਉਨ੍ਹਾਂ ਮੰਗ ਕੀਤੀ ਹੈ ਕਿ ਕੁਲਦੀਪ ਨੂੰ ਤੁਰੰਤ ਸਾਊਦੀ ਅਰਬ ਤੋਂ ਰਿਹਾਅ ਕਰਾ ਕੇ ਘਰ ਭੇਜਿਆ ਜਾਵੇ, ਕਿਉਂਕਿ ਉਨ੍ਹਾਂ ਦੇ ਘਰ ਦਾ ਖਰਚਾ ਵੀ ਕੁਲਦੀਪ ਦਾ ਬਜ਼ੁਰਗ ਪਿਤਾ ਤਰਲੋਕ ਸਿੰਘ ਚਲਾਉਣ ਤੋਂ ਅਸਮਰੱਥ ਹੋਇਆ ਪਿਆ ਹੈ। ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਹੋਰ ਇਲਾਕੇ ਦੇ ਲੋਕਾਂ ਨੇ ਵੀ ਨੌਜਵਾਨ ਦੀ ਤੁਰੰਤ ਰਿਹਾਈ ਦੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਕੋਲੋਂ ਮੰਗ ਕੀਤੀ ਹੈ।
ਇਹ ਵੀ ਪੜ੍ਹੋਂ : ਪੁਲਸ ਮੁਲਾਜ਼ਮ ਦੀ ਕਰਤੂਤ: ਪਹਿਲਾਂ ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਗਰਭਵਤੀ, ਫਿਰ ਕਰ ਦਿੱਤਾ ਕਾਰਾ
ਇਸ ਸਬੰਧੀ ਕਾਹਨੂੰਵਾਨ ਥਾਣਾ ਮੁਖੀ ਪ੍ਰਭਜੋਤ ਸਿੰਘ ਨੇ ਕਿਹਾ ਕਿ ਇਨ੍ਹਾਂ ਦੀ ਦਰਖ਼ਾਸਤ ਉੱਚ ਅਧਿਕਾਰੀਆਂ ਦੇ ਧਿਆਨ ਹਿੱਤ ਹੈ, ਉਹ ਜੋ ਵੀ ਹੁਕਮ ਕਰਨਗੇ ਉਹ ਬਣਦੀ ਕਾਰਵਾਈ ਜ਼ਰੂਰ ਕਰਨਗੇ।