ਲਿੰਗ ਨਿਰਧਾਰਨ ਟੈਸਟ ਦਾ ਪਰਦਾਫਾਸ਼, 2 ਗ੍ਰਿਫ਼ਤਾਰ

10/19/2019 1:14:36 PM

ਗੁਰਦਾਸਪੁਰ (ਵਿਨੋਦ) : ਜ਼ਿਲਾ ਗੁਰਦਾਸਪੁਰ ਦੇ ਪਿੰਡ ਡੇਅਰੀਵਾਲ ਦਰੋਗਾ ਵਿਖੇ ਸਿਹਤ ਵਿਭਾਗ ਨੇ ਚੰਡੀਗਡ਼੍ਹ ਤੋਂ ਆਈ ਟੀਮ ਨਾਲ ਮਿਲ ਕੇ ਸਟਰਿੰਗ ਆਪ੍ਰੇਸ਼ਨ ਚਲਾ ਕੇ ਰੂਬੀ ਹਸਪਤਾਲ ਅਤੇ ਡਾਇਗਨੋਸਟਿਕ ਸੈਂਟਰ ਵਿਖੇ ਛਾਪੇਮਾਰੀ ਕਰ ਕੇ ਲਿੰਗ ਨਿਰਧਾਰਨ ਟੈਸਟ ਦਾ ਪਰਦਾਫਾਸ਼ ਕਰ ਕੇ ਹਸਪਤਾਲ ਦੇ ਡਾਕਟਰ ਅਤੇ ਇਕ ਏਜੰਟ ਨੂੰ ਕਾਬੂ ਕਰ ਕੇ ਕਾਹਨੂੰਵਾਨ ਪੁਲਸ ਸਟੇਸ਼ਨ ’ਚ ਪੀ. ਸੀ. ਪੀ. ਐੱਨ. ਟੀ. ਅਧੀਨ ਕੇਸ ਦਰਜ ਕਰਵਾਇਆ ਹੈ।

ਇਸ ਸਬੰਧੀ ਜ਼ਿਲਾ ਭਲਾਈ ਅਫ਼ਸਰ ਗੁਰਦਾਸਪੁਰ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਵਿਚ ਇਕ ਹਜ਼ਾਰ ਲਡ਼ਕਿਆਂ ਪਿੱਛੇ 844 ਲਡ਼ਕੀਆਂ ਹਨ, ਜੋ ਕਿ ਬਹੁਤ ਘੱਟ ਪ੍ਰਤੀਸ਼ਤ ਬਣਦਾ ਹੈ ਅਤੇ ਜ਼ਿਲਾ ਗੁਰਦਾਸਪੁਰ ਇਸ ਮਾਮਲੇ ਵਿਚ ਸਭ ਤੋਂ ਪਛਡ਼ਿਆ ਜ਼ਿਲਾ ਮੰਨਿਆ ਜਾਂਦਾ ਹੈ, ਜਿਸ ਤਹਿਤ ਸਿਹਤ ਵਿਭਾਗ ਚੰਡੀਗਡ਼੍ਹ ਦੇ ਨਿਰਦੇਸ਼ਾਂ ’ਤੇ ਇਕ ਵਿਸ਼ੇਸ਼ ਟੀਮ, ਜਿਸ ਵਿਚ ਉਹ ਆਪ ਵੀ ਸ਼ਾਮਲ ਸਨ ਅਤੇ ਉਨ੍ਹਾਂ ਨਾਲ ਕਾਹਨੂੰਵਾਨ ਦੇ ਡਾਕਟਰ ਇਕਬਾਲ ਸਿੰਘ ਮੁਲਤਾਨੀ, ਪੰਜਾਬ ਲੈਵਲ ਤੋਂ ਆਏ ਡਾ. ਰਾਮੇਸ਼ ਦੱਤ, ਜ਼ਿਲਾ ਭਲਾਈ ਅਫ਼ਸਰ ਡਾ. ਸੁਖਵਿੰਦਰ ਸਿੰਘ ਨਵਾਂ ਸ਼ਹਿਰ, ਡਾ. ਸੁਰਿੰਦਰ ਸਿੰਘ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਜਲੰਧਰ ਦੀ ਅਗਵਾਈ ਵਿਚ ਸਾਂਝੀ ਟੀਮ ਗਠਿਤ ਕਰ ਕੇ ਰੂਬੀ ਹਸਪਤਾਲ ਅਤੇ ਡਾਇਗਨੋਸਟਿਕ ਸੈਂਟਰ ਪਿੰਡ ਡੇਅਰੀਵਾਲ ਦਰੋਗਾ ਵਿਖੇ ਰਾਤ ਦੇ ਸਮੇਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ ’ਤੇ ਲਿੰਗ ਨਿਰਧਾਰਨ ਕਰਦੇ ਹੋਏ ਇਕ ਕੇਸ ਫਡ਼ਿਆ । ਇਸ ਸੰਬੰਧੀ ਇਸ ਹਸਪਤਾਲ ਦੇ ਡਾਕਟਰ ਰਵਿੰਦਰ ਸਿੰਘ ਤੇ ਇਕ ਏਜੰਟ ਨੂੰ ਲਿੰਗ ਨਿਰਧਾਰਨ ਟੈਸਟ ਕਰਦੇ ਹੋਏ ਰੰਗੇ ਹੱਥੀਂ ਫਡ਼ਿਆ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਾਹਨੂੰਵਾਨ ਪੁਲਸ ਸਟੇਸ਼ਨ ਵਿਖੇ ਕੇਸ ਦਰਜ ਕਰਵਾ ਕੇ ਦੋਸ਼ੀਆਂ ਨੂੰ ਪੁਲਸ ਦੇ ਹਵਾਲੇ ਕੀਤਾ ਗਿਆ ਹੈ।

ਸਿਵਲ ਸਰਜਨ ਡਾ.ਕਿਸ਼ਨ ਕੁਮਾਰ ਨੇ ਇਸ ਸੰਬੰਧੀ ਕਿਹਾ ਕਿ ਜ਼ਿਲਾ ਗੁਰਦਾਸਪੁਰ ਵਿਖੇ ਲਡ਼ਕਿਆਂ ਦੇ ਮੁਕਾਬਲੇ ਲਡ਼ਕੀਆਂ ਦਾ ਪ੍ਰਤੀਸ਼ਤ ਘੱਟ ਹੋਣਾ ਇਕ ਚਿੰਤਾ ਦਾ ਵਿਸ਼ਾ ਹੈ। ਇਸ ਸੰਬੰਧੀ ਸਰਕਾਰ ਦੇ ਹੁਕਮਾਂ ਤੇ ਲਿੰਗ ਨਿਰਧਾਰਨ ਕਰਨ ਵਾਲੇ ਸਕੈਨਿੰਗ ਸੈਂਟਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਛਾਪੇਮਾਰੀ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੰੰਦੇ ਹੋਏ ਕਿਹਾ ਕਿ ਇਸ ਸੰਬੰਧੀ ਸਮੂਹ ਸਕੈਨਿੰਗ ਸੈਂਟਰ ਮਾਲਕਾਂ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਉਹ ਇਸ ਗੈਰ-ਕਾਨੂੰਨੀ ਧੰਦੇ ਨੂੰ ਬੰਦ ਕਰ ਦੇਣ।


Baljeet Kaur

Content Editor

Related News