ਬਾਹਰੀ ਉਮੀਦਵਾਰ ਦਾ ਮੁੱਦਾ ਕਦੇ ਭਾਰੀ ਨਹੀਂ ਰਿਹਾ ਗੁਰਦਾਸਪੁਰ ''ਚ

09/24/2017 9:06:48 AM

ਗੁਰਦਾਸਪੁਰ (ਵਿਨੋਦ, ਦੀਪਕ)—11 ਅਕਤੂਬਰ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਲਈ ਉਪ ਚੋਣ ਹੋ ਰਹੀ ਹੈ। ਲੋਕ ਸਭਾ ਦੀਆਂ ਚੋਣਾਂ 2014 ਅਤੇ ਵਿਧਾਨ ਸਭਾ ਦੀਆਂ ਚੋਣਾਂ 2017 ਨੂੰ ਹੋਈਆਂ ਸਨ। ਇਨ੍ਹਾਂ ਦੋਵਾਂ ਚੋਣਾਂ ਦਾ ਵਿਸ਼ਲੇਸ਼ਣ ਕੀਤਾ ਜਾਏ ਤਾਂ ਪਤਾ ਲੱਗਦਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਜਿਸ ਪਾਰਟੀ ਦੇ ਵਿਧਾਇਕ ਵੱਧ ਹੋਣ, ਉਸੇ ਦਾ ਉਮੀਦਵਾਰ ਚੋਣ ਜਿੱਤੇਗਾ। ਲੋਕ ਸਭਾ ਦੀ ਚੋਣ ਅਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਮੁੱਦਿਆਂ 'ਚ ਭਾਰੀ ਫਰਕ ਹੁੰਦਾ ਹੈ। ਵਿਧਾਨ ਸਭਾ ਦੀਆਂ ਚੋਣਾਂ ਵਿਚ ਵੋਟਰ ਸੂਬਾ ਸਰਕਾਰ ਦੀ ਕਾਰਜ ਪ੍ਰਣਾਲੀ ਸਮੇਤ ਉਸ ਵੱਲੋਂ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਸਮੇਤ ਹੋਰਨਾਂ ਕਈ ਮੁੱਦਿਆਂ 'ਤੇ ਵਿਚਾਰ ਕਰਦਾ ਹੈ, ਜਦਕਿ ਲੋਕ ਸਭਾ ਦੀਆਂ ਚੋਣਾਂ ਵਿਚ ਵਧੇਰੇ ਮੁੱਦੇ ਕੌਮੀ ਪੱਧਰ ਦੇ ਹੁੰਦੇ ਹਨ।
ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਬਾਹਰੀ ਅਤੇ ਸਥਾਨਕ ਉਮੀਦਵਾਰ ਦਾ ਮੁੱਦਾ ਭਾਰੂ ਹੋ ਸਕਦਾ ਹੈ ਪਰ ਜੇ ਵੇਖਿਆ ਜਾਏ ਤਾਂ ਲੋਕ ਸਭਾ ਦੀਆਂ ਚੋਣਾਂ ਵਿਚ ਬਾਹਰੀ ਅਤੇ ਸਥਾਨਕ ਮੁੱਦਾ ਗੁਰਦਾਸਪੁਰ ਦੀ ਲੋਕ ਸਭਾ ਸੀਟ ਦੌਰਾਨ ਕਦੇ ਵੀ ਭਾਰੀ ਨਹੀਂ ਰਿਹਾ ਤੇ ਨਾ ਹੀ ਇਹ ਮੁੱਦਾ ਕਦੇ ਆਪਣਾ ਪ੍ਰਭਾਵ ਪਾ ਸਕਿਆ ਹੈ। ਸੀਟ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਜਦੋਂ  1980 ਵਿਚ ਕਾਂਗਰਸ ਪਾਰਟੀ ਨੇ ਸੁਖਬੰਸ਼ ਕੌਰ ਭਿੰਡਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ, ਉਦੋਂ ਅਕਾਲੀ ਦਲ-ਭਾਜਪਾ ਨੇ ਭਿੰਡਰ ਨੂੰ ਬਾਹਰੀ ਉਮੀਦਵਾਰ ਦੱਸ ਕੇ ਮੁੱਦੇ ਨੂੰ ਭਖਾਈ ਰੱਖਿਆ ਪਰ ਹਲਕੇ ਦੇ ਲੋਕਾਂ ਨੇ ਇਸ ਮੁੱਦੇ ਨੂੰ ਨਕਾਰ ਕੇ ਭਿੰਡਰ ਨੂੰ ਸਫਲ ਬਣਾਇਆ।
ਇਸੇ ਤਰ੍ਹਾਂ ਜਦੋਂ 1998 ਵਿਚ ਭਾਜਪਾ ਨੇ ਫਿਲਮ ਅਭਿਨੇਤਾ ਵਿਨੋਦ ਖੰਨਾ ਨੂੰ ਆਪਣਾ ਉਮੀਦਵਾਰ ਬਣਾਇਆ ਤਾਂ ਕਾਂਗਰਸ ਨੇ ਵਿਨੋਦ ਖੰਨਾ ਨੂੰ ਬਾਹਰੀ ਉਮੀਦਵਾਰ ਦੱਸ ਕੇ ਮੁੱਦਾ  ਉਛਾਲਿਆ ਸੀ ਪਰ ਹਲਕੇ ਦੇ ਲੋਕਾਂ ਨੇ ਇਸ ਮੁੱਦੇ ਨੂੰ ਉਦੋਂ ਵੀ ਨਕਾਰ ਕੇ ਵਿਨੋਦ ਖੰਨਾ ਨੂੰ ਭਾਰੀ ਵੋਟਾਂ ਨਾਲ ਸਫਲ ਬਣਾਇਆ। ਉਹ ਲਗਾਤਾਰ 3 ਵਾਰ ਗੁਰਦਾਸਪੁਰ ਤੋਂ ਚੋਣ ਜਿੱਤੇ। 2009 ਵਿਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਚੋਣ ਹਾਰ ਗਏ ਪਰ 2014 ਵਿਚ ਹਲਕੇ ਦੇ ਲੋਕਾਂ ਨੇ ਮੁੜ ਵਿਨੋਦ ਖੰਨਾ ਨੂੰ ਭਾਰੀ ਵੋਟਾਂ ਨਾਲ  ਸਫਲ ਕੀਤਾ।

ਜੋਤਸ਼ੀ ਕਤਰਾਅ ਰਹੇ ਭਵਿੱਖਬਾਣੀ ਕਰਨ ਤੋਂ 
ਗੁਰਦਾਸਪੁਰ ਲੋਕ ਸਭਾ ਹਲਕੇ ਦੀ 11 ਅਕਤੂਬਰ ਨੂੰ ਹੋਣ ਵਾਲੀ ਉਪ ਚੋਣ ਵਿਚ ਬੇਸ਼ੱਕ ਮੁੱਖ ਮੁਕਾਬਲਾ ਕਾਂਗਰਸ, ਭਾਜਪਾ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਚਕਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਤਿੰਨੇ ਉਮੀਦਵਾਰ ਹਿੰਦੂ ਫਿਰਕੇ ਤੋਂ ਹੋਣ ਦੇ ਨਾਲ-ਨਾਲ ਇਕ ਹੀ ਰਾਸ਼ੀ ਦੇ ਹਨ, ਜਿਸ ਕਾਰਨ ਅਜੇ ਜੋਤਸ਼ੀ ਵੀ ਇਨ੍ਹਾਂ ਤਿੰਨਾਂ ਉਮੀਦਵਾਰਾਂ ਸਬੰਧੀ ਕੋਈ ਵੀ ਭਵਿੱਖਬਾਣੀ ਕਰਨ ਤੋਂ ਵੀ ਕਤਰਾਅ ਰਹੇ ਹਨ ਪਰ ਜਦ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾ ਦੇ ਅੰਕੜਿਆਂ ਵਿਚ ਭਾਰੀ ਅੰਤਰ ਹੋਣ ਕਾਰਨ ਇਹ ਲੋਕ ਸਭਾ ਚੋਣ ਕਿਸ ਪਾਲੇ ਵਿਚ ਜਾਵੇਗੀ ਇਹ ਕਹਿਣਾ ਅਜੇ ਮੁਸ਼ਕਲ ਹੈ।

ਸਾਲ 2014 ਦੀਆਂ ਲੋਕ ਸਭਾ ਚੋਣਾਂ 'ਤੇ ਇਕ ਨਜ਼ਰ
ਸਾਲ 2014 ਵਿਚ ਜਦ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ ਉਦੋਂ ਆਮ ਆਦਮੀ ਪਾਰਟੀ ਦਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਸੀ ਅਤੇ ਆਮ ਆਦਮੀ ਪਾਰਟੀ ਪੰਜਾਬ ਵਿਚ ਕਾਫੀ ਮਜ਼ਬੂਤ ਸੀ। ਉਦੋਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਕੇ 173287 ਵੋਟਾਂ ਪ੍ਰਾਪਤ ਕੀਤੀਆਂ ਸਨ, ਜਦਕਿ ਭਾਜਪਾ ਦੇ ਵਿਨੋਦ ਖੰਨਾ ਨੂੰ 482042 ਅਤੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੂੰ 346143 ਵੋਟਾਂ ਮਿਲੀਆਂ ਸਨ। ਜੇਕਰ ਲੋਕ ਸਭਾ ਚੋਣ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਉਦੋਂ ਹਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਕਾਫੀ ਵੋਟਾਂ ਪ੍ਰਾਪਤ ਕੀਤੀਆਂ ਸਨ ਪਰ ਉਸ ਦੇ ਬਾਅਦ ਆਮ ਆਦਮੀ ਪਾਰਟੀ ਤੋਂ ਸੁੱਚਾ ਸਿੰਘ ਛੋਟੇਪੁਰ ਵੱਖ ਹੋ ਗਏ ਅਤੇ ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਟਾਲਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਲੋਕ ਸਭਾ ਹਲਕੇ ਵਿਚ ਮਿਲੀਆਂ 31135 ਵੋਟਾਂ ਦੇ ਮੁਕਾਬਲੇ 34302 ਵੋਟਾਂ ਹਾਸਲ ਕਰਨ ਵਿਚ ਸਫਲ ਹੋਇਆ, ਜਿਸ ਦਾ ਕਾਰਨ ਸੀ ਕਿ ਇਸ ਸੀਟ 'ਤੇ ਆਮ ਆਦਮੀ ਪਾਰਟੀ ਨੇ ਹਾਸਰਸ ਕਲਾਕਾਰ ਘੁੱਗੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ, ਜਦਕਿ ਬਾਕੀ 8 ਹਲਕਿਆਂ ਵਿਚ ਆਮ ਆਦਮੀ ਪਾਰਟੀ ਬਹੁਤ ਘੱਟ ਵੋਟਾਂ ਲੈ ਸਕੀ। ਸਾਰੇ ਹਲਕਿਆਂ ਵਿਚ ਲੋਕ ਸਭਾ ਵਿਚ ਮਿਲੀਆਂ 173287 ਵੋਟਾਂ ਦੇ ਮੁਕਾਬਲੇ ਇਸ ਵਾਰ ਪਾਰਟੀ ਨੂੰ 108964 ਵੋਟਾਂ ਹੀ ਮਿਲੀਆਂ। ਗੁਰਦਾਸਪੁਰ, ਸੁਜਾਨਪੁਰ, ਭੋਆ ਅਤੇ ਪਠਾਨਕੋਟ ਵਿਧਾਨ ਸਭਾ ਹਲਕਿਆਂ ਵਿਚ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਵਿਚ ਆਪਣਾ ਪ੍ਰਭਾਵ ਕਾਇਮ ਨਹੀਂ ਰੱਖ ਸਕੀ।  ਲੋਕ ਸਭਾ ਚੋਣਾਂ ਵਿਚ ਇਨ੍ਹਾਂ ਤਿੰਨਾਂ ਪ੍ਰਮੁੱਖ ਸਿਆਸੀ ਦਲਾਂ ਨੂੰ ਲੋਕਾਂ ਨੇ 1001472 ਵੋਟਾਂ ਪਾਈਆਂ ਸਨ, ਜਦਕਿ ਵਿਧਾਨ ਸਭਾ ਚੋਣਾਂ ਵਿਚ ਇਹ ਅੰਕੜਾ 1147110 ਤੱਕ ਪਹੁੰਚ ਗਿਆ। 
ਇਸੇ ਤਰ੍ਹਾਂ ਲੋਕ ਸਭਾ ਚੋਣਾਂ ਵਿਚ ਇਸ ਹਲਕੇ 'ਚ ਆਉਣ ਵਾਲੇ 9 ਵਿਧਾਨ ਸਭਾ ਹਲਕਿਆਂ ਗੁਰਦਾਸਪੁਰ, ਬਟਾਲਾ, ਕਾਦੀਆਂ, ਦੀਨਾਨਗਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਪਠਾਨਕੋਟ, ਸੁਜਾਨਪੁਰ ਅਤੇ ਭੋਆ ਵਿਚ ਅਕਾਲੀ-ਭਾਜਪਾ ਗਠਜੋੜ ਦੇ ਵਿਨੋਦ ਖੰਨਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਤਾਪ ਬਾਜਵਾ ਤੋਂ 135899 ਜ਼ਿਆਦਾ ਵੋਟਾਂ ਲਈਆਂ ਸਨ, ਉਥੇ ਹੀ ਗਠਜੋੜ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ 9 ਵਿਧਾਨ ਸਭਾ ਹਲਕਿਆਂ ਵਿਚ 201263 ਵੋਟਾਂ ਨਾਲ ਪਿੱਛੜ ਗਿਆ, ਜੋ ਸਿੱਧ ਕਰਦਾ ਹੈ ਕਿ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਭਾਰੀ ਅੰਤਰ ਹੁੰਦਾ ਹੈ। 

ਲੋਕ ਸਭਾ ਤੇ ਵਿਧਾਨ ਸਭਾ ਚੋਣਾਂ 'ਚ ਬਦਲ ਜਾਂਦੇ ਨੇ ਮੁੱਦੇ 
ਵਿਧਾਨ ਸਭਾ ਚੋਣਾਂ ਵਿਚ ਵੋਟਰਾਂ ਦੀ ਗਿਣਤੀ ਵੱਧ ਜਾਣ ਦੇ ਬਾਵਜੂਦ ਗਠਜੋੜ ਲੋਕ ਸਭਾ ਚੋਣਾਂ ਵਿਚ ਮਿਲੀਆਂ ਵੋਟਾਂ ਤੋਂ 63602 ਵੋਟਾਂ ਘੱਟ ਪ੍ਰਾਪਤ ਕਰ ਸਕਿਆ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਕੁਝ ਜ਼ੋਰ ਸੀ ਅਤੇ ਉਹ ਕਾਂਗਰਸ ਦੇ ਵੋਟ ਬੈਂਕ ਨੂੰ ਸੰਨ੍ਹ ਲਾਉਣ ਵਿਚ ਸਫ਼ਲ ਰਹੀ ਸੀ ਪਰ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ। ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ 9 ਵਿਧਾਨ ਸਭਾ ਹਲਕਿਆਂ ਵਿਚ ਕੁਲ 1147110 ਵੋਟਰਾਂ ਨੇ ਆਪਣੇ ਵੋਟਾਂ ਦਾ ਪ੍ਰਯੋਗ ਕੀਤਾ ਸੀ।


Related News