ਕਰਾਰੀ ਹਾਰ ਦੀ ਜ਼ਿੰਮੇਵਾਰੀ ਲੈਣ ਤੋਂ ਬਚਦੇ ਦਿਸੇ ''ਆਪ'' ਨੇਤਾ, ਜਲਦ ਹੀ ਪਤਾ ਲੱਗਣਗੇ ਹਾਰ ਦੇ ਕਾਰਨ

10/16/2017 7:01:31 PM

ਜਲੰਧਰ(ਬੁਲੰਦ)— ਗੁਰਦਾਸਪੁਰ ਲੋਕ ਸਭਾ ਉਪ ਚੋਣ ਦੇ ਨਤੀਜੇ ਐਤਵਾਰ ਨੂੰ ਸਾਹਮਣੇ ਆਉਂਦਿਆਂ ਹੀ ਆਮ ਆਦਮੀ ਪਾਰਟੀ ਦੀ ਇਕ ਵਾਰ ਫਿਰ ਤੋਂ ਹੋਈ ਕਰਾਰੀ ਹਾਰ ਸਾਹਮਣੇ ਆਈ। ਆਪਣੀ ਜ਼ਮਾਨਤ ਜ਼ਬਤ ਕਰਵਾਉਣ ਵਾਲੇ 'ਆਪ' ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ 23579 ਵੋਟਾਂ ਹੀ ਹਾਸਲ ਸਕੇ। ਅਜਿਹੇ ਵਿਚ ਖਜੂਰੀਆ ਚੋਣ ਨਤੀਜੇ ਆਉਣ ਤੋਂ ਪਹਿਲਾਂ ਹੀ ਵੋਟ ਗਿਣਤੀ ਕੇਂਦਰ ਤੋਂ ਬਾਹਰ ਚਲੇ ਗਏ ਸਨ ਪਰ ਚੋਣ ਨਤੀਜੇ ਪੂਰੀ ਤਰ੍ਹਾਂ ਸਾਹਮਣੇ ਆਉਣ ਦੇ ਬਾਅਦ ਤੋਂ ਹੀ ਪਾਰਟੀ ਵਿਚ ਇਹ ਚਰਚਾ ਛਿੜ ਗਈ ਕਿ ਵਿਧਾਨ ਸਭਾ ਚੋਣਾਂ ਵਿਚ ਸਾਹਮਣੇ ਆਏ ਖਰਾਬ ਨਤੀਜਿਆਂ ਲਈ ਤਾਂ ਪਾਰਟੀ ਦੇ ਪੰਜਾਬ ਨੇਤਾਵਾਂ ਨੇ ਦਿੱਲੀ ਵਾਲਿਆਂ ਦੇ ਸਿਰ ਠੀਕਰਾ ਭੰਨ੍ਹਿਆ ਸੀ ਕਿ ਉਨ੍ਹਾਂ ਦੀ ਯੋਜਨਾਬੰਦੀ ਅਤੇ ਆਬਜ਼ਰਵੇਸ਼ਨ ਠੀਕ ਨਹੀਂ ਸੀ, ਜਿਸ ਕਾਰਨ ਪਾਰਟੀ ਪੰਜਾਬ ਵਿਚ ਸਰਕਾਰ ਨਹੀਂ ਬਣਾ ਸਕੀ ਪਰ ਗੁਰਦਾਸਪੁਰ ਚੋਣ ਵਿਚ ਤਾਂ ਸਾਰੀ ਜ਼ਿੰਮੇਵਾਰੀ ਹੀ ਪੰਜਾਬ ਇਕਾਈ ਅਤੇ ਪੰਜਾਬ ਦੇ ਨੇਤਾਵਾਂ ਦੀ ਸੀ ਤਾਂ ਇਸ ਹਾਰ ਦੀ ਕੌਣ ਜ਼ਿੰਮੇਵਾਰੀ ਲਵੇਗਾ। 
ਇਸ ਬਾਰੇ ਪਹਿਲਾਂ ਤਾਂ ਅਸੀਂ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਰਿਟਾ. ਮੇਜਰ ਸੁਰੇਸ਼ ਖਜੂਰੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਗਾਇਆ ਸੀ ਪਰ ਜੇਕਰ ਫਿਰ ਵੀ ਉਨ੍ਹਾਂ ਨੂੰ ਸੀਟ ਹਾਰਨੀ ਪਈ ਤਾਂ ਉਹ ਆਪਣੀ ਹਾਰ ਸਵੀਕਾਰ ਕਰਦੇ ਹਨ ਪਰ ਇਸ ਹਾਰ ਲਈ ਕੌਣ ਜ਼ਿੰਮੇਵਾਰੀ ਲਵੇਗਾ, ਇਹ ਕਿਹਾ ਨਹੀਂ ਜਾ ਸਕਦਾ। ਹਾਰ ਦਾ ਕੋਈ ਇਕ ਕਾਰਨ ਦੱਸਣ 'ਚ ਵੀ ਖਜੂਰੀਆ ਅਸਫਲ ਦਿਖੇ। ਉਨ੍ਹਾਂ ਕਿਹਾ ਕਿ ਜਲਦ ਹੀ ਪਾਰਟੀ ਦੀ ਇਕ ਬੈਠਕ ਹੋਵੇਗੀ, ਜਿਸ 'ਚ ਹਾਰ ਦੇ ਕਾਰਨਾਂ 'ਤੇ ਚਰਚਾ ਹੋਵੇਗੀ, ਫਿਰ ਹੀ ਕੁਝ ਕਿਹਾ ਜਾ ਸਕੇਗਾ। ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰਟੀ ਦੀ ਹਾਰ ਨੂੰ ਸਵੀਕਾਰ ਕਰਦੇ ਹਨ ਪਰ ਇਸ ਦੀ ਜ਼ਿੰਮੇਵਾਰੀ ਉਹ ਇਕੱਲੇ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਪ੍ਰਧਾਨ ਭਗਵੰਤ ਮਾਨ ਨਾਲ ਗੱਲਬਾਤ ਕੀਤੀ ਜਾਵੇ। ਖਹਿਰਾ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਇਥੇ ਕਿਸੇ ਪਾਰਟੀ ਦੀ ਸਰਕਾਰ ਰਹੀ ਹੈ ਅਤੇ ਉਪ ਚੋਣਾਂ ਹੋਈਆਂ ਹਨ ਤਾਂ ਸ਼ਾਸਿਤ ਪਾਰਟੀ ਦੀ ਹੀ ਜਿੱਤ ਹੋਈ ਹੈ। 
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ 'ਚ ਹੋਈਆਂ ਉਪ ਚੋਣਾਂ 'ਚ ਕਾਂਗਰਸ ਹਾਰੀ ਹੈ ਅਤੇ ਕਾਂਗਰਸ ਦੀ ਸਰਕਾਰ 'ਚ ਹੋਈਆਂ ਚੋਣਾਂ 'ਚ ਅਕਾਲੀਆਂ ਦੀ ਹਾਰ ਹੋਈ ਹੈ। ਜੇ ਅਕਾਲੀਆਂ ਦੀ ਹਾਰ ਦੀ ਜ਼ਿੰਮੇਵਾਰੀ ਬਾਦਲ ਜਾਂ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਕੈਪਟਨ ਅਮਰਿੰਦਰ ਨੇ ਕਦੇ ਲਈ ਹੋਵੇ ਤਾਂ ਉਹ ਵੀ 'ਆਪ' ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹਨ। ਖਹਿਰਾ ਨੇ ਕਿਹਾ ਕਿ ਜਲਦ ਹੀ ਪਾਰਟੀ ਦੀ ਮੰਥਨ ਬੈਠਕ ਹੋਵੇਗੀ, ਉਦੋਂ ਹਾਰ ਦੇ ਕਾਰਨਾਂ ਬਾਰੇ ਚਰਚਾ ਕੀਤੀ ਜਾਵੇਗੀ। ਉਧਰ ਸਾਰੇ ਮਾਮਲੇ ਬਾਰੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਨੇ ਫੋਨ ਹੀ ਨਹੀਂ ਚੁਕਿਆ।


Related News