ਜਨਾਬ ਦੇ ਉਸਤਰੇ ਦਾ ਕਮਾਲ, ਗੰਜਿਆਂ ਦੇ ਵੀ ਉੱਗ ਆਉਂਦੇ ਹਨ ਵਾਲ

08/08/2019 5:41:46 PM

ਗੁਰਦਾਸਪੁਰ (ਵਿਨੋਦ) : ਗੰਜੇ ਲੋਕ ਜਿਸ ਤਰ੍ਹਾਂ ਨਾਲ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਗੁਰਦਾਸ ਨੰਗਲ ਦੇ ਇਕ ਪਰਿਵਾਰ ਦੇ ਕੋਲ ਜਾ ਕੇ ਸਿਰ 'ਤੇ ਇਸ ਵਿਸ਼ਵਾਸ ਨਾਲ ਉਸਤਰਾ ਲਵਾ ਰਹੇ ਹਨ ਕਿ ਸਿਰ 'ਤੇ ਵਾਲ ਆ ਜਾਣਗੇ ਇਸ ਨੂੰ ਵਿਸ਼ਵਾਸ ਕਿਹਾ ਜਾਵੇ ਜਾਂ ਅੰਧ-ਵਿਸ਼ਵਾਸ, ਸਮਝ ਨਹੀਂ ਆ ਰਿਹਾ ਹੈ। ਪੰਜਾਬ ਤੋਂ ਹੀ ਨਹੀਂ, ਬਲਕਿ ਇਥੇ ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਆਦਿ ਰਾਜਾਂ ਤੋਂ ਗੰਜੇ ਲੋਕ ਸਿਰ 'ਤੇ ਉਸਤਰਾ ਲਵਾ ਰਹੇ ਹਨ। ਇਹ ਪਰਿਵਾਰ ਇਸ ਸਮੇਂ ਇਲਾਕੇ ਵਿਚ ਪੂਰੀ ਚਰਚਾ 'ਚ ਹੈ।
 

ਕੀ ਹੈ ਮਾਮਲਾ
ਅੱਜਕੱਲ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਗੁਰਦਾਸ ਨੰਗਲ ਵਿਚ ਤੜਕਸਰ ਹੀ ਕਾਰਾਂ, ਮੋਟਰਸਾਈਕਲ ਇਥੋਂ ਤੱਕ ਕਿ ਹੋਰ ਰਾਜਾਂ ਤੋਂ ਵੀ ਬੱਸਾਂ ਆ ਜਾਂਦੀਆਂ ਹਨ। ਇਹ ਲੋਕ ਆਉਂਦੇ ਹੀ ਇਕ ਪਰਿਵਾਰ ਵਲੋਂ ਚਲਾਈ ਜਾ ਰਹੀ ਦੁਕਾਨ 'ਤੇ ਰੱਖੇ ਰਜਿਸਟਰ 'ਤੇ ਆਪਣਾ ਨਾਂ ਆਦਿ ਦਰਜ ਕਰਵਾ ਕੇ ਆਪਣਾ ਨੰਬਰ ਲੈ ਲੈਂਦੇ ਹਨ। ਉਸ ਦੇ ਬਾਅਦ ਸਵੇਰੇ ਲਗਭਗ ਸੱਤ ਵਜੇ ਸਿਰ 'ਤੇ ਉਤਸਰਾ ਚਲਾਉਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਇਕ ਹੀ ਦੁਕਾਨ 'ਤੇ ਇਕ ਵਿਅਕਤੀ ਅਤੇ ਉਸ ਦੇ ਦੋ ਲੜਕੇ ਗੰਜੇ ਲੋਕਾਂ ਦੇ ਸਿਰ 'ਤੇ ਜੋ ਥੋੜ੍ਹੇ-ਬਹੁਤ ਵਾਲ ਹੁੰਦੇ ਹਨ ਉਨ੍ਹਾਂ ਨੂੰ ਕੱਟ ਦਿੰਦੇ ਹਨ ਅਤੇ ਲੋਕਾਂ ਨੂੰ ਤਿੰੰਨ ਵਾਰ ਵਾਲ ਕਟਵਾਉਣ ਨੂੰ ਕਿਹਾ ਜਾਂਦਾ ਹੈ। ਇਥੇ ਗੰਜੇ ਲੋਕ ਇਸ ਵਿਸ਼ਵਾਸ ਦੇ ਨਾਲ ਆ ਰਹੇ ਹਨ ਕਿ ਇਸ ਪਰਿਵਾਰ ਦੇ ਲੋਕਾਂ ਤੋਂ ਸਿਰ 'ਤੇ ਉਸਤਰਾ ਲਵਾਉਣ ਨਾਲ ਸਿਰ 'ਤੇ ਵਾਲ ਆ ਜਾਣਗੇ। ਇਸ ਪਰਿਵਾਰ ਦੇ ਕੋਲ ਐਤਵਾਰ ਨੂੰ 400 ਤੋਂ 500 ਅਤੇ ਹੋਰ ਦਿਨਾਂ 'ਚ 200 ਤੋਂ 250 ਲੋਕ ਸਿਰ 'ਤੇ ਉਸਤਰਾ ਲਗਾਉਣ ਦੇ ਲਈ ਆਉਂਦੇ ਹਨ। ਪਹਿਲਾਂ ਪਰਿਵਾਰ ਦਾ ਮੁਖੀਆ ਸਿਰ 'ਤੇ ਮਾਮੂਲੀ ਉਸਤਰਾ ਲਾ ਕੇ ਵਿਅਕਤੀ ਨੂੰ ਆਪਣੇ ਲੜਕਿਆਂ ਦੇ ਹਵਾਲੇ ਕਰ ਦਿੰਦਾ ਹੈ ਅਤੇ ਹੋਰ ਸਿਰ ਦੇ ਵਾਲ ਇਸ ਵਿਅਕਤੀ ਜੋਗਿੰਦਰ ਲਾਲ ਦੇ ਲੜਕੇ ਕੱਟਦੇ ਹਨ।
 

ਕੀ ਆਖਦੇ ਨੇ ਇਸ ਪਰਿਵਾਰ ਤੋਂ ਸਿਰ 'ਤੇ ਉਸਤਰਾ ਲਵਾਉਣ ਵਾਲੇ
ਇਸ ਪਰਿਵਾਰ ਤੋਂ ਸਿਰ 'ਤੇ ਉਸਤਰਾ ਲਗਵਾਉਣ ਦੇ ਲਈ ਆਏ ਲੋਕਾਂ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਰਿਵਾਰ ਸਬੰਧੀ ਫੇਸਬੁੱਕ 'ਤੇ ਬਹੁਤ ਹੀ ਪ੍ਰਚਾਰ ਹੋ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਸਿਰ 'ਤੇ ਵਾਲ ਆ ਗਏ ਹਨ। ਗੁਜਰਾਤ ਤੋਂ ਆਏ ਇਕ ਵਿਅਕਤੀ ਨੇ ਦੱਸਿਆ ਕਿ ਗੁਜਰਾਤ ਵਿਚ ਵੀ ਇਸ ਪਰਿਵਾਰ ਦੀ ਬਹੁਤ ਚਰਚਾ ਹੈ ਅਤੇ ਕੁਝ ਏਜੰਟ ਇਸ ਪਿੰਡ ਦੇ ਲਈ ਪੂਰਾ ਟੂਰ ਬਣਾ ਕੇ ਲੋਕਾਂ ਨੂੰ ਲੈ ਕੇ ਆ ਰਹੇ ਹਨ। ਧਾਰੀਵਾਲ ਨਿਵਾਸੀ ਅਸ਼ੋਕ ਕੁਮਾਰ ਅਤੇ ਗੁਰਦਾਸਪੁਰ ਨਿਵਾਸੀ ਤਰੁਣ ਕੁਮਾਰ ਦੇ ਅਨੁਸਾਰ ਉਨ੍ਹਾਂ ਨੇ ਤਿੰਨ ਵਾਰ ਸਿਰ 'ਤੇ ਉਸਤਰਾ ਫਿਰਵਾਇਆ ਸੀ ਅਤੇ ਉਨ੍ਹਾਂ ਦੇ ਸਿਰ 'ਤੇ ਵਾਲ ਆ ਗਏ ਹਨ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਬਕਵਾਸ ਹੈ ਅਤੇ ਉਹ ਕਈ ਵਾਰ ਇਸ ਪਰਿਵਾਰ ਤੋਂ ਉਸਤਰਾ ਲਵਾ ਚੁੱਕੇ ਹਨ ਪਰ ਕੁਝ ਲਾਭ ਨਹੀਂ ਹੋਇਆ।

ਕੀ ਕਹਿਣੈ ਇਸ ਪਰਿਵਾਰ ਦੇ ਮੁਖੀ ਦਾ
ਇਸ ਪਰਿਵਾਰ ਦੇ ਮੈਂਬਰ ਧਰਮਪਾਲ ਦਾ ਕਹਿਣਾ ਹੈ ਕਿ ਸਾਡਾ ਖਾਨਦਾਨੀ ਕੰਮ ਬਾਰਬਰ ਸ਼ਾਪ ਦਾ ਹੈ। ਸਾਡੇ ਪਿਤਾ ਜੋਗਿੰਦਰ ਪਾਲ ਪਹਿਲਾਂ ਲੋਕਾਂ ਦੇ ਵਾਲਚਰ (ਸਰੀਰ ਦੇ ਕਿਸੇ ਹਿੱਸੇ ਤੋਂ ਵਾਲ ਆਪਣੇ ਆਪ ਹੀ ਖਤਮ ਹੋ ਜਾਣ) ਆਦਿ ਬੀਮਾਰੀਆਂ ਦਾ ਇਲਾਜ ਕਰਦੇ ਸੀ। ਲਗਭਗ ਇਕ ਸਾਲ ਪਹਿਲਾਂ ਸਾਡੇ ਪਿਤਾ ਨੇ ਕਿਸੇ ਗੰਜੇ ਵਿਅਕਤੀ ਦੇ ਸਿਰ 'ਤੇ ਉਸਤਰਾ ਚਲਾ ਕੇ ਉਸ ਨੂੰ ਕਿਹਾ ਸੀ ਕਿ ਤੁਹਾਡੇ ਸਿਰ 'ਤੇ ਵਾਲ ਆ ਜਾਣਗੇ ਅਤੇ ਉਹ ਗੱਲ ਸੱਚ ਹੋ ਗਈ। ਇਹ ਗੱਲ ਜਦ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਉਸ ਦੇ ਬਾਅਦ ਹੀ ਲੋਕ ਸਾਡੇ ਕੋਲ ਆਉਣੇ ਸ਼ੁਰੂ ਹੋ ਗਏ। ਉਸ ਦੇ ਬਾਅਦ ਸਾਡੀ ਮਸ਼ਹੂਰੀ ਹੋਣ ਲੱਗੀ ਅਤੇ ਹੁਣ ਸਥਿਤੀ ਇਹ ਹੈ ਕਿ ਦੂਰ-ਦੂਰ ਤੋਂ ਗੰਜੇ ਲੋਕ ਸਾਡੇ ਕੋਲ ਆਉਂਦੇ ਹਨ। ਜ਼ਿਆਦਾ ਭੀੜ ਹੋਣ ਦੇ ਕਾਰਣ ਹੁਣ ਮੇਰੇ ਦੋਵੇਂ ਲੜਕੇ ਵੀ ਨਾਲ ਕੰਮ ਕਰਦੇ ਹਨ ਅਤੇ ਅਸੀਂ ਰਜਿਸਟਰ ਲਾਇਆ ਹੋਇਆ ਹੈ ਅਤੇ ਹਰ ਵਿਅਕਤੀ ਦੇ ਵਾਰੀ ਅਨੁਸਾਰ ਹੀ ਸਿਰ ਦੇ ਵਾਲ ਕੱਟਦੇ ਹਾਂ। ਉਨ੍ਹਾਂ ਨੇ ਦੱਸਿਆ ਕਿ ਅਸੀਂ ਕਿਸੇ ਤੋਂ ਕਿਸੇ ਤਰ੍ਹਾਂ ਕੋਈ ਪੈਸਾ ਨਹੀਂ ਮੰਗਦੇ ਪਰ ਲੋਕ ਆਪਣੀ ਮਰਜ਼ੀ ਨਾਲ ਜੋ ਪੈਸੇ ਦਿੰਦੇ ਹਨ ਉਹ ਰੱਖ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕੀਤੇ ਜਾਣ ਵਾਲੇ ਕੰਮ ਦਾ 80 ਪ੍ਰਤੀਸ਼ਤ ਤੱਕ ਰਿਜ਼ਲਟ ਠੀਕ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲ ਵੇਖ ਕੇ ਪਿੰਡ ਦੇ ਕੁਝ ਹੋਰ ਲੋਕਾਂ ਨੇ ਵੀ ਇਹ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ ਹੈ। ਲਗਦਾ ਹੈ ਕਿ ਸਾਨੂੰ ਕੁਦਰਤੀ ਹੀ ਸ਼ਫ਼ਾ ਹਾਸਲ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਅਸੀਂ ਇਹ ਕੰਮ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅਸੀਂ ਕੁਝ ਹੋਰ ਬੀਮਾਰੀਆਂ ਦਾ ਇਲਾਜ ਵੀ ਕਰਦੇ ਹਾਂ ਅਤੇ ਇਹ ਕੰਮ ਕਿਸੇ ਦੈਵੀ ਸ਼ਕਤੀ ਦੇ ਨਾਲ ਹੋ ਰਿਹਾ ਹੈ ਅਤੇ ਅਸੀਂ ਤਾਂ ਕੇਵਲ ਸੇਵਾ ਕਰ ਰਹੇ ਹਾਂ।
 


Baljeet Kaur

Content Editor

Related News