ਤਾਲਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਤੋਂ ਪੁਲਸ ਨੇ ਵਸੂਲਿਆ ਲੱਖਾਂ ਦਾ ਜ਼ੁਰਮਾਨਾ, ਜਾਣੋ ਪੂਰਾ ਲੇਖਾ-ਜੋਖਾ

Thursday, Jun 25, 2020 - 11:10 AM (IST)

ਤਾਲਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਤੋਂ ਪੁਲਸ ਨੇ ਵਸੂਲਿਆ ਲੱਖਾਂ ਦਾ ਜ਼ੁਰਮਾਨਾ, ਜਾਣੋ ਪੂਰਾ ਲੇਖਾ-ਜੋਖਾ

ਗੁਰਦਾਸਪੁਰ (ਹਰਮਨ, ਵਿਨੋਦ, ਸਰਬਜੀਤ) : ਕੋਰੋਨਾ ਲਾਗ ਕਾਰਣ ਪੰਜਾਬ ਅੰਦਰ ਸ਼ੁਰੂ ਹੋਈ ਤਾਲਾਬੰਦੀ ਅਤੇ ਪਾਬੰਧੀਆਂ ਦੇ ਦੌਰ ਨੂੰ ਅੱਜ ਪੂਰੇ ਤਿੰਨ ਮਹੀਨੇ ਪੂਰੇ ਹੋ ਗਏ ਹਨ। ਇਨ੍ਹਾਂ ਤਿੰਨਾਂ ਮਹੀਨਿਆਂ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੀ ਪੁਲਸ ਜਿਥੇ ਅਮਨ ਕਾਨੂੰਨ ਦੀ ਵਿਵਸਥਾ ਬਰਕਰਾਰ ਰੱਖਣ ਲਈ ਜੂਝਦੀ ਰਹੀ, ਉਸ ਦੇ ਨਾਲ ਹੀ ਕੋਰੋਨਾ ਲਾਗ ਦੇ ਫੈਲਾਅ ਨੂੰ ਰੋਕਣ ਲਈ ਪੁਲਸ ਦਾ ਜ਼ਿਆਦਾ ਜ਼ੋਰ ਸਮਾਜਿਕ ਦੂਰੀ ਪਾਲਣਾ ਕਰਵਾਉਣ ਅਤੇ ਮਾਸਕ ਦੀ ਵਰਤੋਂ ਕਰਵਾਉਣ ‘ਚ ਲੱਗਾ ਰਿਹਾ। ਪਰ ਇਸ ਦੇ ਬਾਵਜੂਦ ਪੁਲਸ ਨੇ ਨਸ਼ਾ ਤਸਕਰਾਂ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ‘ਤੇ ਵੀ ਆਪਣੀ ਪਕੜ ਢਿੱਲੀ ਨਹੀਂ ਹੋਣ ਦਿੱਤੀ। ਇਨ੍ਹਾਂ ਮਹੀਨਿਆਂ ਦੌਰਾਨ ਪੁਲਸ ਦੀ ਕਾਰਗੁਜ਼ਾਰੀ ਦਾ ਲੇਖਾ-ਜ਼ੋਖਾ ਪੇਸ਼ ਕਰਦਿਆਂ ਜ਼ਿਲਾ ਪੁਲਸ ਮੁਖੀ ਡਾ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਨ੍ਹਾਂ 3 ਮਹੀਨਿਆਂ ਦੌਰਾਨ ਪੁਲਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਯਤਨ ਕੀਤਾ ਹੈ। ਪਰ ਇਸ ਦੇ ਬਾਵਜੂਦ ਸੋਸ਼ਲ ਡਿਸਟੈਂਸ ਸਮੇਤ ਹੋਰ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ ਅੰਦਰ ਮਾਸਕ ਨਾ ਪਾਉਣ ਅਤੇ ਜਨਤਕ ਥਾਵਾਂ ‘ਤੇ ਥੁੱਕਣ ਸਮੇਤ ਟ੍ਰੈਫਿਕ ਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ 229 ਵਿਅਕਤੀਆਂ ਖਿਲਾਫ 183 ਮੁਕੱਦਮੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿਅਕਤੀਆਂ ਕੋਲੋਂ 20 ਲੱਖ 86 ਹਜ਼ਾਰ 200 ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਸਕ ਨਾ ਪਹਿਨਣ ‘ਤੇ 3292 ਵਿਅਕਤੀਆਂ ਕੋਲੋਂ 12 ਲੱਖ 58 ਹਜ਼ਾਰ 700 ਰੁਪਏ ਜੁਰਮਾਨਾ ਵਸੂਲਿਆ ਗਿਆ ਹੈ।

ਇਹ ਵੀ ਪੜ੍ਹੋਂ : ਫੇਸਬੁੱਕ 'ਤੇ ਲਾਈਵ ਹੋ ਕੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ

ਜਨਤਕ ਥਾਵਾਂ 'ਤੇ ਥੁੱਕਣ ਵਾਲੇ 145 ਵਿਅਕਤੀ ਕੀਤੇ ਕਾਬੂ
ਡਾ. ਸੋਹਲ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ 22 ਮਾਰਚ ਤੋਂ 22 ਜੂਨ ਤੱਕ ਜਨਤਕ ਥਾਵਾਂ 'ਤੇ ਥੁੱਕਣ ਵਾਲੇ 145 ਵਿਅਕਤੀਆਂ ਕੋਲੋਂ 17 ਹਜ਼ਾਰ 600 ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਕਾਂਸਵਾਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਕੋਲੋਂ 6 ਹਜ਼ਾਰ ਰੁਪਏ ਅਤੇ ਸੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਵਾਲੇ ਕੇਸਾਂ ਵਿਚ 12 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇਸ ਸਮੇਂ ਦੌਰਾਨ ਪੁਲਸ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਹੇਠ 5320 ਚਲਾਨ ਕੱਟੇ ਅਤੇ 1654 ਚਲਾਨਾਂ ਦਾ ਮੌਕੇ 'ਤੇ ਹੀ 8 ਲੱਖ 27 ਹਜ਼ਾਰ 500 ਰੁਪਏ ਜੁਰਮਾਨਾ ਵਸੂਲਿਆ।

ਇਹ ਵੀ ਪੜ੍ਹੋਂ : ਤਰਨਤਾਰਨ 'ਚ ਵੱਡੀ ਵਾਰਦਾਤ, ਇਕੋ ਪਰਿਵਾਰ ਦੇ 5 ਜੀਆਂ ਦਾ ਬੇਰਹਿਮੀ ਨਾਲ ਕਤਲ

ਲਾਕਡਾਊਨ ਦੌਰਾਨ ਨਸ਼ਾ ਸਮੱਗਲਰਾਂ ਖਿਲਾਫ ਵੀ ਕੱਸਿਆ ਸ਼ਿਕੰਜਾ
ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਦੌਰਾਨ ਪੁਲਸ ਨੇ ਸ਼ਰਾਬ ਅਤੇ ਨਸ਼ਾ ਸਮੱਗਲਰਾਂ ਖਿਲਾਫ਼ ਵੀ ਸ਼ਿਕੰਜਾ ਕੱਸਿਆ ਹੈ। ਇਸ ਤਹਿਤ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ 343 ਮੁਕੱਦਮੇ ਦਰਜ ਕੀਤੇ ਅਤੇ ਪੁਲਸ 59 ਲੱਖ 44 ਹਜ਼ਾਰ 400 ਮਿਲੀਲਿਟਰ ਨਾਜਾਇਜ਼ ਸ਼ਰਾਬ, 7 ਲੱਖ 8 ਹਜ਼ਾਰ 750 ਮਿਲੀਲਿਟਰ ਠੇਕੇ ਵਾਲੀ ਨਾਜਾਇਜ਼ ਸ਼ਰਾਬ, 12 ਹਜ਼ਾਰ 477 ਕਿਲੋਗ੍ਰਾਮ ਲਾਹਨ ਅਤੇ 23 ਚਾਲੂ ਭੱਠੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਪੁਲਸ ਨੇ 82 ਵਿਅਕਤੀਆਂ ਖਿਲਾਫ ਧਾਰਾ 110 ਸੀਆਰਪੀਸੀ ਤਹਿਤ ਕਲੰਦਰੇ ਤਿਆਰ ਕਰ ਕੇ ਅਦਾਲਤਾਂ ਵਿਚ ਦਿੱਤੇ ਹਨ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਸਬ-ਇੰਸਪੈਕਟਰ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨ੍ਹਿਆ

ਸਮਾਜ ਸੇਵਾ 'ਚ ਸਰਗਰਮ ਰਹੀ ਪੁਲਸ
ਐੱਸ. ਐੱਸ. ਪੀ. ਨੇ ਦੱਸਿਆ ਕਿ ਇਨ੍ਹਾਂ 3 ਮਹੀਨਿਆਂ ਦੌਰਾਨ ਪੁਲਸ ਨੇ ਲੋੜਵੰਦਾਂ ਦੀ ਮਦਦ ਕਰਨ 'ਚ ਨਿਰੰਤਰ ਸਰਗਰਮੀ ਰੱਖੀ, ਜਿਸ ਤਹਿਤ ਲੋਕਾਂ ਨੂੰ ਰਾਸ਼ਨ, ਮਾਸਕ ਤੇ ਸੈਨੇਟਾਈਜ਼ਰ ਵੰਡੇ ਗਏ। ਇਥੋਂ ਤੱਕ ਕਿ ਲੋਕਾਂ ਨੂੰ ਇਸ ਕੋਰੋਨਾ ਤੋਂ ਬਚਾਅ ਕਰਨ ਲਈ ਜਾਗਰੂਕ ਵੀ ਕੀਤਾ ਗਿਆ। ਜਿਹੜੇ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵਾਇਰਸ ਦਾ ਫੈਲਾਅ ਰੋਕਣ ਲਈ ਅਹਿਮ ਭੂਮਿਕਾ ਨਿਭਾਈ, ਉਨ੍ਹਾਂ ਨੂੰ ਬੈਜ ਲਾ ਕੇ ਸਨਮਾਨਤ ਵੀ ਕੀਤਾ ਗਿਆ।


author

Baljeet Kaur

Content Editor

Related News