ਮਹਿਲਾ ਕਾਂਸਟੇਬਲ ਦੇ ਜਬਰ-ਜ਼ਨਾਹ ਦਾ ਮਾਮਲਾ ਸੰਨੀ ਦਿਓਲ ਕੋਲ ਪੁੱਜਾ

10/09/2019 11:09:34 AM

ਗੁਰਦਾਸਪੁਰ : ਸਮੂਹਿਕ ਜਬਰ-ਜ਼ਨਾਹ ਅਤੇ ਬਲੈਕਮੇਲਿੰਗ ਦੀ ਸ਼ਿਕਾਰ ਮਹਿਲਾ ਸਿਪਾਈ ਦਾ ਮਾਮਲਾ ਹੁਣ ਸੰਸਦ ਮੈਂਬਰ ਸੰਨੀ ਦਿਓਲ ਕੋਲ ਪੁੱਜ ਗਿਆ ਹੈ। ਪੀੜਤਾ ਸਬੰਧੀ ਸੰਨੀ ਦਿਓਲ ਨੂੰ ਫੋਨ ਜਰੀਏ ਦੱਸਿਆ ਗਿਆ ਅਤੇ ਉਨ੍ਹਾਂ ਦੇ ਪੀਏ ਨੇ ਵੀ ਫੋਨ ਜਰੀਏ ਹੀ ਪੀੜਤ ਮਹਿਲਾ ਦੀ ਗੱਲ ਸੁਣੀ। ਜਾਣਕਾਰੀ ਮੁਤਾਬਕ ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਆਗੂ ਨੇ ਪੀੜਤਾ ਨਾਲ ਮਿਲ ਕੇ ਉਸ ਦੀ ਹੱਡ-ਬੀਤੀ ਸੁਣਾਈ ਸੀ। ਉਸ ਤੋਂ ਬਾਅਦ ਅਕਾਲੀ ਦਲ ਸੋਸ਼ਲ ਮੀਡੀਆ ਵਿੰਗ ਦੇ ਇੰਚਾਰਜ ਤੇ ਦਿੱਲੀ ਦੇ ਸੀਨੀਅਰ ਅਕਾਲੀ ਆਗੂ ਦੀਪ ਸੇਠੀ ਨੇ ਸੰਨੀ ਦਿਓਲ ਨੂੰ ਫੋਨ 'ਤੇ ਇਨਸਾਫ ਲਈ ਭਟਕ ਰਹੀ ਪੀੜਤ ਮਹਿਲਾ ਕਾਂਸਟੇਬਲ ਬਾਰੇ ਦੱਸਿਆ। ਪੀੜਤਾ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਸੰਸਦ ਮੈਂਬਰ ਸੰਨੀ ਦਿਓਲ ਦੇ ਪੀਏ ਗੁਰਪ੍ਰੀਤ ਸਿੰਘ ਦਾ ਫੋਨ ਆਇਆ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਇਨਸਾਫ ਦਿਵਾਇਆ ਜਾਵੇਗਾ। ਗੁਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਬੁੱਧਵਾਰ ਪਠਾਨਕੋਟ 'ਚ ਮੁਲਾਕਾਤ ਲਈ ਸਮਾਂ ਦਿੱਤਾ ਹੈ।

ਕੀ ਹੈ ਮਾਮਲਾ
ਗੁਰਦਾਸਪੁਰ ਦੀ ਰਹਿਣ ਵਾਲੀ ਤੇ ਪਠਾਨਕੋਟ 'ਚ ਤਾਇਨਾਤ ਪੀੜਤ ਮਹਿਲਾ ਕਾਂਸਟੇਬਲ ਨੇ ਤਿੰਨ ਕਰਜ਼ਾ ਏਜੰਟਾਂ 'ਤੇ ਸਮੂਹਿਕ ਜਬਰ-ਜ਼ਨਾਹ ਤੇ ਬਲੈਕਮੇਲਿੰਗ ਦਾ ਦੋਸ਼ ਲਗਾਇਆ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਏਜੰਟਾਂ ਨੇ ਉਸ ਨਾਲ ਜਬਰ-ਜ਼ਨਾਹ ਕਰਕੇ ਵੀਡੀਓ ਬਣਾ ਲਈ। ਵੀਡੀਓ ਦੀ ਧਮਕੀ ਦੇ ਕੇ ਉਸ ਕੋਲੋਂ ਦੋ ਖਾਲੀ ਚੈੱਕ ਸਾਇਨ ਕਰਵਾ ਲਏ। ਧੋਖਾਧੜੀ ਕਰਕੇ ਉਸ ਦੀ ਜ਼ਮੀਨ ਵੀ ਗਹਿਣੇ ਰਖਵਾ ਲਈ। ਕਰੀਬ 60 ਲੱਖ ਰੁਪਏ ਦੀ ਉਸ ਨਾਲ ਧੋਖਾਧੜੀ ਕੀਤੀ। ਪੀੜਤਾ ਦਾ ਕਹਿਣਾ ਹੈ ਕਿ ਮੁਲਜ਼ਮ ਫਿਰ ਉਸ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰ ਰਹੇ ਹਨ। ਇਸ ਤੋਂ ਦੁਖੀ ਹੋ ਕੇ ਉਸ ਨੇ ਐੱਸ.ਐੱਸ.ਪੀ. ਪਠਾਨਕੋਟ ਨੂੰ ਸ਼ਿਕਾਇਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ। ਹੁਣ ਇਸ ਨੇ ਦੁਬਾਰਾ ਐੱਸ.ਐੱਸ.ਪੀ. ਨੂੰ ਸ਼ਿਕਾਇਤ ਦਿੱਤੀ ਹੈ ਤੇ ਇਸ ਮਾਮਲੇ ਦੀ ਵੂਮੈਨ ਸੈੱਲ ਦੀ ਡੀ.ਐੱਸ.ਪੀ. ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  


Baljeet Kaur

Content Editor

Related News