ਸੀਤ ਲਹਿਰ ਤੋਂ ਮਿਲਿਆ ਛੁਟਕਾਰਾ, 20 ਡਿਗਰੀ ਤੋਂ ਟੱਪਿਆ ਪਾਰਾ

02/14/2020 3:33:40 PM

ਗੁਰਦਾਸਪੁਰ (ਹਰਮਨ) : ਪਿਛਲੇ ਸਮੇਂ ਦੌਰਾਨ ਕਈ ਦਿਨ ਸੀਤ ਲਹਿਰ ਦਾ ਕਾਫੀ ਜ਼ੋਰ ਰਹਿਣ ਦੇ ਬਾਅਦ ਹੁਣ ਮੌਸਮ ਵਿਚ ਕੁਝ ਗਰਮਾਹਟ ਆਉਣੀ ਸ਼ੁਰੂ ਹੋ ਗਈ ਹੈ ਪਰ ਬੀਤੀ ਸਵੇਰ ਕਰੀਬ 7.30 ਵਜੇ ਤੋਂ ਬਾਅਦ ਇਕਦਮ ਪਈ ਸੰਘਣੀ ਧੁੰਦ ਨੇ ਜਿੱਥੇ ਜਨ-ਜੀਵਨ ਅਤੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ, ਉੱਥੇ ਸਾਰੇ ਦਿਨ ਦਾ ਔਸਤਨ ਤਾਪਮਾਨ ਪਿਛਲੇ ਦਿਨਾਂ ਦੇ ਮੁਕਾਬਲੇ ਕੁਝ ਘੱਟ ਰਿਹਾ ਪਰ ਜੇਕਰ ਪਿਛਲੇ ਕੁਝ ਦਿਨਾਂ ਦਾ ਔਸਤਨ ਤਾਪਮਾਨ ਦੇਖਿਆ ਜਾਵੇ ਤਾਂ ਗੁਰਦਾਸਪੁਰ ਜ਼ਿਲੇ ਸਮੇਤ ਆਸ-ਪਾਸ ਇਲਾਕਿਆਂ ਅੰਦਰ ਦਿਨ ਦਾ ਤਾਪਮਾਨ 20 ਡਿਗਰੀ ਤੋਂ ਟੱਪ ਗਿਆ ਹੈ ਜਦਕਿ ਰਾਤ ਦਾ ਤਾਪਮਾਨ 10 ਤੋਂ 12 ਡਿਗਰੀ ਦੇ ਆਸ-ਪਾਸ ਟਿਕਿਆ ਹੋਇਆ ਹੈ। ਮੌਸਮ ਵਿਚ ਵਧ ਰਹੀ ਇਸ ਗਰਮਾਹਟ ਕਾਰਣ ਜਿੱਥੇ ਲੋਕਾਂ ਨੂੰ ਠੰਡ ਤੋਂ ਰਾਹਤ ਮਹਿਸੂਸ ਹੋ ਰਹੀ ਹੈ, ਉੱਥੇ ਖੇਤੀ ਮਾਹਿਰਾਂ ਨੇ ਕਣਕ ਅਤੇ ਸਰੋਂ ਦੀ ਫਸਲ 'ਤੇ ਤੇਲੇ-ਚੇਪੇ ਦੇ ਹਮਲੇ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ।

16 ਫਰਵਰੀ ਤੱਕ ਖੁਸ਼ਕ ਰਹੇਗਾ ਮੌਸਮ
ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ 16 ਫਰਵਰੀ ਤੱਕ ਮੌਸਮ ਖੁਸ਼ਕ ਰਹੇਗਾ ਜਦਕਿ 24 ਫਰਵਰੀ ਨੂੰ ਦਿਨ ਦਾ ਤਾਪਮਾਨ 24 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਸਕਦਾ ਹੈ। ਇਸ ਹਫਤੇ ਬਾਕੀ ਦੇ ਦਿਨਾਂ ਦੌਰਾਨ ਦਿਨ ਦਾ ਔਸਤਨ ਤਾਪਮਾਨ 22 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ। ਇਸੇ ਤਰ੍ਹਾਂ ਅੱਜ ਰਾਤ ਵੀ ਔਸਤਨ ਤਾਪਮਾਨ 12 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸ ਇਲਾਕੇ ਅੰਦਰ ਸੀਤ ਲਹਿਰ ਤੋਂ ਵੀ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਮੌਜੂਦਾ ਸਮੇਂ ਦੌਰਾਨ ਹਵਾ ਦੀ ਰਫਤਾਰ ਔਸਤਨ 9 ਕਿਲੋਮੀਟਰ ਪ੍ਰਤੀ ਘੰਟਾ ਹੈ।

ਕਣਕ ਅਤੇ ਸਰੋਂ ਦੀ ਫਸਲ ਦੇ ਨਿਰੰਤਰ ਨਿਰੀਖਣ ਦੀ ਲੋੜ
ਜ਼ਿਲਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਨੇ ਦੱਸਿਆ ਕਿ ਖੇਤੀ ਮਾਹਿਰਾਂ ਨੇ ਦੱਸਿਆ ਕਿ ਤਾਪਮਾਨ ਵਿਚ ਵਾਧਾ ਹੋਣ ਕਾਰਣ ਜਿੱਥੇ ਪਹਿਲਾਂ ਹੀ ਕਿਸਾਨਾਂ ਨੂੰ ਕਣਕ ਦੀ ਫਸਲ 'ਤੇ ਪੀਲੀ ਕੁੰਗੀ ਦੇ ਹਮਲੇ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਸੀ, ਉੱਥੇ ਹੁਣ ਕਣਕ ਅਤੇ ਸਰੋਂ ਦੀ ਫਸਲ 'ਤੇ ਤੇਲੇ-ਚੇਪਾ ਦਾ ਹਮਲਾ ਹੋਣ ਦਾ ਡਰ ਵੀ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੇਤ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ।


Baljeet Kaur

Content Editor

Related News