ਇਸ ਵਾਰ ਸਿਆਸੀ ਮਹਾਰਥੀਆਂ ਨੂੰ ਬੇਹੱਦ ਪ੍ਰੇਸ਼ਾਨ ਕਰ ਰਹੀ ਹੈ ਵੋਟਰਾਂ ਦੀ ਚੁੱਪ

05/16/2019 7:06:49 AM

ਗੁਰਦਾਸਪੁਰ (ਹਰਮਨਪ੍ਰੀਤ) : 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਕੁਝ ਦਿਨਾਂ ਦਾ ਸਮਾਂ ਰਹਿ ਜਾਣ ਕਾਰਨ ਬੇਸ਼ੱਕ ਉਮੀਦਵਾਰਾਂ ਵਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਸਿਖਰ 'ਤੇ ਪਹੁੰਚ ਗਿਆ ਹੈ। ਹੁਣ ਵੱਖ-ਵੱਖ ਪਾਰਟੀਆਂ ਨੇ ਚੋਣ ਪ੍ਰਚਾਰ ਨੂੰ ਵੱਡਾ ਹੁਲਾਰਾ ਦੇਣ ਲਈ ਸਟਾਰ ਪ੍ਰਚਾਰਕਾਂ ਨੂੰ ਬੁਲਾ ਕੇ ਰੋਡ ਸ਼ੋਅ ਅਤੇ ਵੱਡੀਆਂ ਰੈਲੀਆਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਪਰ ਦੂਜੇ ਪਾਸੇ ਵੱਖ-ਵੱਖ ਥਾਈਂ ਵੋਟਰਾਂ ਦੀ ਚੁੱਪ ਨੇ ਨਾ ਸਿਰਫ ਉਮੀਦਵਾਰਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ, ਸਗੋਂ ਇਸ ਨਾਲ ਵੱਡੇ-ਵੱਡੇ ਸਿਆਸੀ ਮਹਾਰਥੀ ਵੀ ਉਮੀਦਵਾਰਾਂ ਦੀ ਜਿੱਤ-ਹਾਰ ਸਬੰਧੀ ਆਪਣੇ ਅੰਦਾਜ਼ੇ ਲਾਉਣ ਤੋਂ ਅਸਮਰੱਥ ਨਜ਼ਰ ਆ ਰਹੇ ਹਨ। ਇਸਦੇ ਕਾਰਨ ਸਥਿਤੀ ਇਹ ਬਣੀ ਹੋਈ ਹੈ ਕਿ ਚੋਣ ਪ੍ਰਚਾਰ ਦੇ ਅਖੀਰਲੇ ਦਿਨਾਂ 'ਚ ਚੋਣ ਪ੍ਰਚਾਰ ਦੇ ਨਾਲ-ਨਾਲ ਸਿਆਸੀ ਆਗੂਆਂ ਵੱਲੋਂ ਵੋਟਰਾਂ ਦੀ ਸੂਹ-ਬੂਹ ਲੈਣ ਲਈ ਹਰ ਤਰ੍ਹਾਂ ਦਾ ਹਥਕੰਡਾ ਅਪਣਾਇਆ ਜਾਣ ਲੱਗ ਪਿਆ ਹੈ ਤਾਂ ਜੋ ਵੋਟਰਾਂ ਦਾ ਰੁਝਾਨ ਦੇਖ ਕੇ ਰਣਨੀਤੀ 'ਚ ਲੋੜੀਂਦੀ ਤਬਦੀਲੀ ਲਿਆਂਦੀ ਜਾ ਸਕੇ ਪਰ ਜ਼ਿਆਦਾਤਰ ਲੋਕ ਆਪਣੇ ਪੱਤੇ ਨਹੀਂ ਖੋਲ੍ਹ ਰਹੇ।

ਇਕ-ਦੂਜੇ ਨੂੰ ਭੰਡਣ ਲਈ ਹੋ ਰਹੀ ਏ ਹਰ ਕੋਸ਼ਿਸ਼
ਇਨ੍ਹਾਂ ਚੋਣਾਂ ਦੌਰਾਨ ਵੱਡੀ ਗੱਲ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਜ਼ਿਆਦਾਤਰ ਉਮੀਦਵਾਰਾਂ ਤੇ ਉਨ੍ਹਾਂ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਆਗੂਆਂ ਵੱਲੋਂ ਇਕ-ਦੂਜੇ ਨੂੰ ਭੰਡਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਤਹਿਤ ਕਾਂਗਰਸ ਦਾ ਸਾਰਾ ਜ਼ੋਰ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਪ੍ਰਚਾਰ ਕਰਨ 'ਤੇ ਲੱਗਾ ਹੋਇਆ ਹੈ ਅਤੇ ਨਾਲ ਹੀ ਕਾਂਗਰਸੀ ਆਗੂ ਪੰਜਾਬ ਵਿਚਲੀ ਅਕਾਲੀ-ਭਾਜਪਾ ਸਰਕਾਰ ਦੀ ਪਿਛਲੀ ਕਾਰਗੁਜ਼ਾਰੀ, ਬੇਅਦਬੀ ਅਤੇ ਮਾਫੀਆ ਰਾਜ ਨੂੰ ਮੁੱਦਾ ਬਣਾ ਕੇ ਸਵਾਲ ਚੁੱਕ ਰਹੇ ਹਨ ਪਰ ਦੂਜੇ ਪਾਸੇ ਅਕਾਲੀ ਦਲ ਅਤੇ ਭਾਜਪਾ ਵੱਲੋਂ ਪੰਜਾਬ ਅੰਦਰ ਕਾਂਗਰਸੀ ਸਰਕਾਰ ਦੀ ਵਾਅਦਾ ਖਿਲਾਫੀ ਨੂੰ ਮੁੱਦਾ ਬਣਾ ਕੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ 'ਚ ਇਹ ਪਾਰਟੀਆਂ ਦੂਸ਼ਣਬਾਜ਼ੀ 'ਚ ਜ਼ਿਆਦਾ ਰੁੱਝੀਆਂ ਦਿਖਾਈ ਦੇ ਰਹੀਆਂ ਹਨ। ਜਦੋਂ ਕਿ ਲੋਕ ਬੇਰੋਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਧੱਕੇਸ਼ਾਹੀ, ਸਰਬਪੱਖੀ ਵਿਕਾਸ, ਕਿਸਾਨਾਂ ਦੇ ਕਰਜ਼ੇ, ਖੁਦਕੁਸ਼ੀਆਂ, ਸਰਕਾਰੀ ਵਿਭਾਗਾਂ 'ਚ ਭਰਤੀ, ਮੁਲਾਜ਼ਮਾਂ ਦੀਆਂ ਤਨਖਾਹਾਂ, ਭੱਤਿਆਂ ਦੇ ਬਕਾਏ ਅਤੇ ਪੇਅ ਕਮਿਸ਼ਨ ਰਿਪੋਰਟ ਤੋਂ ਇਲਾਵਾ ਨਸ਼ਿਆਂ ਆਦਿ ਨਾਲ ਸਬੰਧਿਤ ਮੁੱਦਿਆਂ ਦੇ ਪੱਕੇ ਹੱਲ ਦਾ ਵਾਅਦਾ ਚਾਹੁੰਦੇ ਹਨ।

ਚੋਣ ਮੈਨੀਫੈਸਟੋ ਤੋਂ ਅਣਜਾਣ ਨੇ ਬਹੁ-ਗਿਣਤੀ ਲੋਕ
'ਜਗ ਬਾਣੀ' ਵੱਲੋਂ ਅਨੇਕਾਂ ਲੋਕਾਂ ਨਾਲ ਗੱਲਬਾਤ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡਾਂ ਤੇ ਸ਼ਹਿਰਾਂ 'ਚ ਰਹਿੰਦੇ ਬਹੁ-ਗਿਣਤੀ ਆਮ ਲੋਕਾਂ ਨੂੰ ਪ੍ਰਮੁੱਖ ਪਾਰਟੀਆਂ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਇਥੋਂ ਤੱਕ ਕਿ ਇਨ੍ਹਾਂ ਲੋਕਾਂ ਨੂੰ ਇਹ ਵੀ ਪਤਾ ਨਹੀਂ ਕਿ ਕਿਹੜੀ ਪਾਰਟੀ ਭਵਿੱਖ 'ਚ ਕਿਹੜਾ ਏਜੰਡਾ ਲੈ ਕੇ ਲੋਕਾਂ ਦੀ ਕਚਹਿਰੀ 'ਚ ਜਾ ਰਹੀ ਹੈ। ਕੁਝ ਚੋਣਵੇਂ ਆਗੂਆਂ ਨੇ ਸਿਰਫ ਇੰਨਾ ਦੱਸਿਆ ਕਿ ਵੱਖ-ਵੱਖ ਸਾਧਨਾਂ ਰਾਹੀਂ ਉਨ੍ਹਾਂ ਨੂੰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਵਾਅਦਿਆਂ ਬਾਰੇ ਹੀ ਪਤਾ ਲੱਗਾ ਹੈ। ਖਾਸ ਤੌਰ 'ਤੇ ਜਿਹੜੇ ਚੋਣ ਵਾਅਦੇ ਪੂਰੇ ਨਹੀਂ ਹੋ ਸਕੇ, ਉਨ੍ਹਾਂ ਸਬੰਧੀ ਵਿਰੋਧੀ ਧਿਰਾਂ ਵੱਲੋਂ ਕੀਤੇ ਗਏ ਪ੍ਰਚਾਰ ਕਾਰਨ ਥੋੜ੍ਹੀ ਬਹੁਤ ਜਾਣਕਾਰੀ ਹੈ ਪਰ ਨਵਾਂ ਚੋਣ ਮੈਨੀਫੈਸਟੋ ਕਦੋਂ ਜਾਰੀ ਹੋਇਆ ਅਤੇ ਉਸ 'ਚ ਕੀ-ਕੀ ਵਾਅਦੇ ਕੀਤੇ ਗਏ ਹਨ, ਉਨ੍ਹਾਂ ਬਾਰੇ ਉਨ੍ਹਾਂ ਨੂੰ ਕੋਈ ਇਲਮ ਨਹੀਂ।

ਨਾਰਾਜ਼ ਤੇ ਨਿਰਾਸ਼ ਲੋਕ ਕੱਢ ਰਹੇ ਨੇ ਭੜਾਸ
ਪਿੰਡਾਂ ਅੰਦਰ ਆਮ ਵੋਟਰ ਤਾਂ ਪੂਰੀ ਤਰ੍ਹਾਂ ਚੁੱਪ ਹਨ, ਜਿਨ੍ਹਾਂ 'ਚੋਂ ਕਈ ਲੋਕ ਕੇਂਦਰ ਸਰਕਾਰ ਤੋਂ ਖਫਾ ਹਨ ਅਤੇ ਕਈ ਪੰਜਾਬ ਸਰਕਾਰ ਤੋਂ ਸੰਤੁਸ਼ਟ ਦਿਖਾਈ ਨਹੀਂ ਦੇ ਰਹੇ ਹਨ ਪਰ ਬਹੁ-ਗਿਣਤੀ ਲੋਕ ਇਸ ਮਾਮਲੇ 'ਚ ਬਿਲਕੁਲ ਬੋਲਣ ਲਈ ਤਿਆਰ ਨਹੀਂ ਹਨ, ਜਿਨ੍ਹਾਂ 'ਚ ਕਈ ਲੋਕਾਂ ਦਾ ਇਹ ਦਾਅਵਾ ਹੈ ਕਿ ਪੰਜਾਬ ਅੰਦਰ ਕਾਂਗਰਸ ਸਰਕਾਰ ਦੇ ਤਿੰਨ ਸਾਲ ਬਾਕੀ ਹੋਣ ਕਾਰਨ ਉਹ ਜਨਤਕ ਤੌਰ 'ਤੇ ਕੋਈ ਪ੍ਰਤੀਕਰਮ ਕਰ ਕੇ ਆਪਣਾ ਨੁਕਸਾਨ ਨਹੀਂ ਕਰਨਾ ਚਾਹੁੰਦੇ, ਜਦੋਂ ਕਿ ਕਈ ਲੋਕਾਂ ਨੇ ਇਹ ਕਿਹਾ ਕਿ ਦੋਵੇਂ ਪਾਰਟੀਆਂ ਵਾਰੋ-ਵਾਰੀ ਸੱਤਾ 'ਚ ਆਉਂਦੀਆਂ ਰਹਿੰਦੀਆਂ ਹਨ। ਜਿਸ ਕਾਰਨ ਉਹ ਬਿਨਾਂ ਮਤਲਬ ਦੇ ਝਮੇਲੇ 'ਚ ਨਹੀਂ ਪੈਣਾ ਚਾਹੁੰਦੇ ਪਰ ਦੂਜੇ ਪਾਸੇ ਜਿਹੜੇ ਲੋਕ ਸੂਬਾ ਸਰਕਾਰ ਤੋਂ ਡਾਢੇ ਖਫਾ ਹਨ, ਉਹ ਸਰਕਾਰ ਖਿਲਾਫ ਨਾਰਾਜ਼ਗੀ ਅਤੇ ਨਿਰਾਸ਼ਾ ਜ਼ਾਹਿਰ ਕਰਨ ਤੋਂ ਕੋਈ ਸੰਕੋਚ ਨਹੀਂ ਕਰ ਰਹੇ। ਜਿਨ੍ਹਾਂ 'ਚ ਮੁਲਾਜ਼ਮ ਜਥੇਬੰਦੀਆਂ ਜਨਤਕ ਤੌਰ 'ਤੇ ਸਰਕਾਰ ਖਿਲਾਫ ਸੜਕਾਂ 'ਤੇ ਉਤਰ ਰਹੀਆਂ ਹਨ, ਜਦੋਂ ਕਿ ਕਈ ਕਿਸਾਨ, ਮਜ਼ਦੂਰ ਤੇ ਹੋਰ ਜਥੇਬੰਦੀਆਂ ਸੂਬਾ ਸਰਕਾਰ ਦੇ ਨਾਲ-ਨਾਲ ਕੇਂਦਰ ਸਰਕਾਰ ਵਿਰੁੱਧ ਵੀ ਲਗਾਤਾਰ ਭੜਾਸ ਕੱਢ ਰਹੀਆਂ ਹਨ।

ਭਾਰੀ ਪੈ ਸਕਦੀ ਏ ਪੰਚਾਇਤੀ ਚੋਣਾਂ ਦੌਰਾਨ ਪੈਦਾ ਹੋਈ ਨਾਰਾਜ਼ਗੀ
ਕਈ ਪਿੰਡਾਂ ਅੰਦਰ ਗੱਲਬਾਤ ਕਰਨ 'ਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੇ ਪਿੰਡਾਂ 'ਚ ਸਬੰਧਤ ਵਿਧਾਇਕਾਂ ਨੇ ਆਪਣੇ ਪ੍ਰਭਾਵ ਵਰਤ ਕੇ ਸਿੱਧੇ ਜਾਂ ਅਸਿੱਧੇ ਰੂਪ 'ਚ ਸਰਬਸੰਮਤੀਆਂ ਨਾਲ ਪੰਚਾਇਤਾਂ ਦੀ ਚੋਣ ਕਰਵਾ ਦਿੱਤੀ ਸੀ। ਉਨ੍ਹਾਂ 'ਚੋਂ ਕਈ ਪਿੰਡਾਂ ਅੰਦਰ ਚੋਣ ਲੜਨ ਤੋਂ ਵਾਂਝੇ ਰਹਿ ਗਏ ਆਗੂ ਕਾਂਗਰਸ ਤੋਂ ਕਾਫੀ ਖਫਾ ਦਿਖਾਈ ਦੇ ਰਹੇ ਹਨ। ਇਨ੍ਹਾਂ ਆਗੂਆਂ ਅਤੇ ਇਨ੍ਹਾਂ ਦੇ ਸਮਰਥਕਾਂ ਦੀ ਨਾਰਾਜ਼ਗੀ ਕਿਸੇ ਨਾ ਕਿਸੇ ਹੱਦ ਤੱਕ ਕਾਂਗਰਸ ਲਈ ਭਾਰੀ ਪੈ ਸਕਦੀ ਹੈ। ਜਿਸ ਕਾਰਨ ਕਈ ਵਿਧਾਇਕਾਂ ਵੱਲੋਂ ਆਪਣੇ ਹਲਕੇ ਦੇ ਅਜਿਹੇ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦਲ-ਬਦਲੂਆਂ ਲਈ ਫਿੱਕੀ ਰਹੀ ਇਹ ਚੋਣ
ਇਸ ਵਾਰ ਇਕ ਅਹਿਮ ਗੱਲ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਆਗੂਆਂ ਵੱਲੋਂ ਆਪਣੀਆਂ ਪਾਰਟੀਆਂ ਛੱਡ ਕੇ ਹੋਰ ਪਾਰਟੀਆਂ 'ਚ ਜਾਣ ਦਾ ਰੁਝਾਨ ਨਹੀਂ ਦਿਖਾਇਆ ਗਿਆ। ਕੁਝ ਵਿਰਲੇ ਥਾਵਾਂ 'ਤੇ ਹੀ ਦਲ ਬਦਲਣ ਦਾ ਰੁਝਾਨ ਦੇਖਣ ਨੂੰ ਮਿਲਿਆ ਹੈ, ਜਦੋਂ ਕਿ ਬਹੁਤੇ ਥਾਈਂ ਆਪੋ-ਆਪਣੀਆਂ ਪਾਰਟੀਆਂ 'ਚ ਹੀ ਟਿਕੇ ਹੋਏ ਹਨ। ਜਿਹੜੇ ਆਗੂ ਹਰੇਕ ਵਾਰ ਪਾਰਟੀ ਬਦਲ ਕੇ ਨਵੀਂ ਪਾਰਟੀ 'ਚ ਜਾ ਕੇ ਨਵੇਂ ਫਾਇਦੇ ਲੈਣ ਦੀ ਤਾਕ 'ਚ ਰਹਿੰਦੇ ਸਨ, ਉਨ੍ਹਾਂ ਲਈ ਇਹ ਚੋਣ ਵਰ੍ਹਾ ਫਿੱਕਾ ਦਿਖਾਈ ਦੇ ਰਿਹਾ ਹੈ।


 


Baljeet Kaur

Content Editor

Related News