''ਕਲੀਨੀਕਲ ਐਸਟੈਬਲਿਸ਼ਮੈਂਟ ਬਿੱਲ-2020'' ਦੇ ਵਿਰੋਧ ''ਚ ਮੁਕੰਮਲ ਤੌਰ ''ਤੇ ਬੰਦ ਰਹੇ ਪ੍ਰਾਈਵੇਟ ਹਸਪਤਾਲ
Tuesday, Jun 23, 2020 - 04:37 PM (IST)
ਗੁਰਦਾਸਪੁਰ (ਹਰਮਨ, ਵਿਨੋਦ) : ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਲਾਗੂ ਕੀਤੇ ਜਾ ਰਹੇ 'ਕਲੀਨੀਕਲ ਐਸਟੈਬਲਿਸ਼ਮੈਂਟ ਬਿੱਲ-2020' ਦੇ ਵਿਰੋਧ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਦਿੱਤੇ ਸੱਦੇ 'ਤੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਪ੍ਰਾਈਵੇਟ ਡਾਕਟਰਾਂ ਨੇ ਮੁਕੰਮਲ ਹੜਤਾਲ ਕਰਕੇ ਸਾਰੀਆਂ ਸਿਹਤ ਸੇਵਾਵਾਂ ਠੱਪ ਰੱਖੀਆਂ। ਇਸ ਦੇ ਚਲਦਿਆਂ ਅੱਜ ਜ਼ਿਲ੍ਹੇ ਅੰਦਰ ਪ੍ਰਾਈਵੇਟ ਕਲੀਨਿਕ ਵੀ ਬੰਦ ਰਹੇ ਅਤੇ ਕਰੀਬ 100 ਹਸਪਤਾਲਾਂ 'ਚ ਐਮਰਜੈਂਸੀ ਸੇਵਾਵਾਂ ਵੀ ਮੁਕੰਮਲ ਤੌਰ 'ਤੇ ਠੱਪ ਰਹੀਆਂ। ਇਸ ਮੌਕੇ ਆਈ. ਐੱਮ. ਏ. ਗੁਰਦਾਸਪੁਰ ਦੇ ਪ੍ਰਧਾਨ ਡਾ. ਅਸ਼ੋਕ ਓਬਰਾਏ ਨੇ ਦੱਸਿਆ ਕਿ ਸਰਕਾਰ ਵਲੋਂ ਲਾਗੂ ਕੀਤਾ ਜਾ ਰਿਹਾ ਐਕਟ ਕਿਸੇ ਵੀ ਤਰ੍ਹਾਂ ਨਾਲ ਪੰਜਾਬ ਦੇ ਲੋਕਾਂ ਦੇ ਪੱਖ 'ਚ ਨਹੀਂ ਹੈ। ਇਸ ਐਕਟ ਦੇ ਲਾਗੂ ਹੋਣ ਨਾਲ ਸਿਰਫ ਹਸਪਤਾਲ ਚਲਾ ਰਹੇ ਡਾਕਟਰਾਂ 'ਤੇ ਹੀ ਬੋਝ ਨਹੀਂ ਪੈਣਾ, ਸਗੋਂ ਇਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪੈਣਾ ਹੈ। ਉਨ੍ਹਾਂ ਕਿਹਾ ਕਿ ਹੋਰ ਕਈ ਸੂਬਿਆਂ ਵਿਚ ਇਹ ਐਕਟ ਲਾਗੂ ਕੀਤਾ ਜਾ ਚੁੱਕਾ ਹੈ ਪਰ ਉਨ੍ਹਾਂ ਸੂਬਿਆਂ ਵਿਚ ਇਸ ਦਾ ਲਾਭ ਹੋਣ ਦੀ ਬਜਾਏ ਨੁਕਸਾਨ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿਹਤ ਸੇਵਾਵਾਂ ਹੋਰ ਮਹਿੰਗੀਆਂ ਹੋ ਜਾਣਗੀਆਂ ਅਤੇ ਸਿਹਤ ਸੇਵਾਵਾਂ ਵਿਚ ਸਰਕਾਰ ਦੀ ਬੇਲੋੜੀ ਦਖਲ ਅੰਦਾਜ਼ੀ ਵੱਧ ਜਾਵੇਗੀ।
ਇਹ ਵੀ ਪੜ੍ਹੋਂ : ਪੰਜਾਬ 'ਚ ਬੇਕਾਬੂ ਹੋਇਆ ਕੋਰੋਨਾ, ਹੁਣ ਫਗਵਾੜਾ 'ਚ 7 ਨਵੇਂ ਮਾਮਲਿਆਂ ਦੀ ਪੁਸ਼ਟੀ
ਉਨ੍ਹਾਂ ਕਿਹਾ ਕਿ ਆਈ. ਐੱਮ. ਏ. ਵਲੋਂ ਸਿਹਤ ਮੰਤਰੀ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਇਸ ਐਕਟ ਦੇ ਨੁਕਸਾਨ ਸਬੰਧੀ ਜਾਣੂ ਕਰਵਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਸਰਕਾਰ ਨੇ ਇਸ ਐਕਟ ਨੂੰ ਰੱਦ ਕਰਨ ਦਾ ਫੈਸਲਾ ਨਹੀਂ ਕੀਤਾ। ਇਸ ਕਾਰਣ ਅੱਜ ਉਨ੍ਹਾਂ ਨੂੰ ਮਜ਼ਬੂਰਨ ਸਾਰਾ ਕੰਮ ਠੱਪ ਕਰਨਾ ਪਿਆ ਹੈ। ਜੇਕਰ ਅਜੇ ਵੀ ਸਰਕਾਰ ਨੇ ਇਸ ਐਕਟ ਨੂੰ ਰੱਦ ਕਰਨ ਦਾ ਕੋਈ ਫੈਸਲਾ ਨਾ ਲਿਆ ਤਾਂ ਕੱਲ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋਂ : ਅੰਮ੍ਰਿਤਸਰ 'ਚ ਕਹਿਰ ਵਰ੍ਹਾ ਰਿਹੈ ਕੋਰੋਨਾ, 32ਵੇਂ ਮਰੀਜ਼ ਨੇ ਤੋੜਿਆ ਦਮ
ਬੱਚਿਆਂ ਦੇ ਹਸਪਤਾਲ ਵੀ ਰਹੇ ਬੰਦ
ਅੱਜ ਦੇ ਬੰਦ ਦੇ ਸੱਦੇ ਕਾਰਣ ਬੱਚਿਆਂ ਦੇ ਹਸਪਤਾਲ ਵੀ ਬੰਦ ਰਹੇ, ਜਿਸ ਤਹਿਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਗੁਰਖੇਲ ਸਿੰਘ ਕਲਸੀ ਨੇ ਕਿਹਾ ਕਿ ਡਾਕਟਰ ਕਿਸੇ ਵੀ ਹਾਲਤ ਵਿਚ ਸਿਹਤ ਸੇਵਾਵਾਂ ਬੰਦ ਨਹੀਂ ਕਰਨੀਆਂ ਚਾਹੁੰਦੇ। ਪਰ ਸਰਕਾਰ ਨੇ ਅਜਿਹਾ ਫੈਸਲਾ ਕੀਤਾ ਹੈ, ਜਿਸ ਦੇ ਲਾਗੂ ਹੋਣ ਨਾਲ ਆਮ ਲੋਕਾਂ ਲਈ ਸਿਹਤ ਸੇਵਾਵਾਂ ਹੋਰ ਮਹਿੰਗੀਆਂ ਹੋ ਜਾਣਗੀਆਂ। ਇਸ ਲਈ ਇਸ ਐਕਟ ਨੂੰ ਰੱਦ ਕਰਵਾਉਣ ਲਈ ਅੱਜ ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋਂ : ਹੁਣ ਪੰਜਾਬ 'ਚ ਰੋਜ਼ਾਨਾ ਹੋਣਗੇ 13,000 ਟੈਸਟ, ਨਵੀਂਆਂ ਲੈਬਾਰਟਰੀਆਂ ਨੂੰ ਮਨਜ਼ੂਰੀ
ਮੈਡੀਕਲ ਸਟੋਰ ਰਹੇ ਖੁੱਲ੍ਹੇ ਪਰ ਬਹੁਤ ਘੱਟ ਹੋਈ ਦਵਾਈਆਂ ਦੀ ਵਿਕਰੀ
ਅੱਜ ਮੈਡੀਕਲ ਸਟੋਰ ਤਾਂ ਖੁੱਲ੍ਹੇ ਰਹੇ ਪਰ ਡਾਕਟਰਾਂ ਦੀ ਹੜਤਾਲ ਕਾਰਣ ਦਵਾਈਆਂ ਦੀ ਵਿਕਰੀ ਬਹੁਤ ਘੱਟ ਹੋਈ। ਦੂਜੇ ਪਾਸੇ ਕਈ ਮਰੀਜ਼ਾਂ ਲਈ ਮੈਡੀਕਲ ਸਟੋਰ ਕਾਫੀ ਵਰਦਾਨ ਸਿੱਧ ਹੋਏ ਕਿਉਂਕਿ ਐਮਰਜੈਂਸੀ ਦੀ ਸੂਰਤ ਵਿਚ ਕਈ ਲੋਕਾਂ ਨੇ ਇਨ੍ਹਾਂ ਸਟੋਰਾਂ ਤੋਂ ਹੀ ਦਵਾਈ ਲੈ ਕੇ ਆਪਣਾ ਸਮਾਂ ਲੰਘਾਇਆ।