ਮਾਮਲਾ ਸਹਾਇਕ ਸਬ-ਇੰਸਪੈਕਟਰ ਵਲੋਂ ਕੀਤੇ ਪਤਨੀ ਤੇ ਭਤੀਜੀ ਦੇ ਕਤਲ ਦਾ, 3 ਖਿਲਾਫ ਪਰਚਾ

Tuesday, Nov 26, 2019 - 05:36 PM (IST)

ਮਾਮਲਾ ਸਹਾਇਕ ਸਬ-ਇੰਸਪੈਕਟਰ ਵਲੋਂ ਕੀਤੇ ਪਤਨੀ ਤੇ ਭਤੀਜੀ ਦੇ ਕਤਲ ਦਾ, 3 ਖਿਲਾਫ ਪਰਚਾ

ਗੁਰਦਾਸਪੁਰ/ਬਟਾਲਾ/ਧਾਰੀਵਾਲ ( ਵਿਨੋਦ ) - ਜਾਇਦਾਦ ਹੜੱਪਣ ਲਈ ਤਾਈ-ਭਤੀਜੀ ਦੀ ਹੱਤਿਆ ਕਰਨ ਦੇ ਦੋਸ਼ ’ਚ ਘੁੰਮਣ ਕਲਾਂ ਪੁਲਸ ਨੇ 1 ਔਰਤ ਸਣੇ 3 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ, ਜਿਸ ਦੇ ਮੁਲਜ਼ਮ ਅਜੇ ਫਰਾਕ ਦੱਸ ਜਾ ਰਹੇ ਹਨ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮ੍ਰਿਤਕਾਂ ਦੇ ਰਿਸ਼ਤੇਦਾਰ ਹਨ, ਜਿਨ੍ਹਾਂ ਨੇ ਜਾਇਦਾਦ ਲਈ ਦੋਹਰਾ ਕਤਲ ਕਾਂਡ ਕੀਤਾ। ਇਸ ਕਤਲ ਕਾਂਡ ਦਾ ਮੁੱਖ ਮੁਲਜ਼ਮ ਪੁਲਸ ’ਚ ਸਹਾਇਕ ਸਬ-ਇੰਸਪੈਕਟਰ ਹੈ। ਘੁੰਮਣ ਕਲਾਂ ਪੁਲਸ ਸਟੇਸ਼ਨ ਇੰਚਾਰਜ ਰਾਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਗੱਗੋਵਾਲੀ ਵਿਚ ਇਕ ਔਰਤ ਅਤੇ ਕੁੜੀ ਦੀ ਲਾਸ਼ ਕਮਰੇ ’ਚ ਪੱਖੇ ਨਾਲ ਲਟਕਦੀ ਮਿਲੀ ਸੀ। ਸਭ ਤੋਂ ਪਹਿਲਾਂ ਤਾਂ ਪਰਿਵਾਰ ਦੇ ਮੈਂਬਰਾਂ ਨੇ ਇਹ ਸਿੱਧ ਕਰਨ ਦੀ ਕੌਸ਼ਿਸ਼ ਕੀਤੀ ਕਿ ਇਨ੍ਹਾਂ ਦੋਵਾਂ ਨੇ ਖੁਦਕੁਸ਼ੀ ਕੀਤੀ ਪਰ ਬਾਅਦ ’ਚ ਜਾਂਚ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਮਾਮਲਾ ਤਾਂ ਇਨ੍ਹਾਂ ਔਰਤਾਂ ਦੀ ਜਾਇਦਾਦ ਨੂੰ ਹੜੱਪਣ ਦਾ ਹੈ।

ਕੀ ਹੈ ਮਾਮਲਾ
ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਰਾਜਬੀਰ ਕੌਰ (55) ਦੇ ਭਰਾ ਨਿਰਮਲ ਸਿੰਘ ਪੁੱਤਰ ਦਾਨ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੋਸ਼ ਲਾਇਆ ਕਿ ਉਨ੍ਹਾਂ ਦੀ ਭੈਣ ਰਾਜਬੀਰ ਦਾ ਵਿਆਹ 28 ਸਾਲ ਪਹਿਲਾਂ ਮੰਗਲ ਸਿੰਘ ਪੁੱਤਰ ਵੱਸਣ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੇ 2 ਬੱਚੇ ਵੀ ਹਨ ਪਰ ਮੰਗਲ ਨੇ ਦੂਜਾ ਵਿਆਹ ਬਲਵਿੰਦਰ ਕੌਰ ਉਰਫ਼ ਸੋਨੀਆ ਨਾਲ ਕਰਵਾ ਲਿਆ। ਦੂਜੇ ਵਿਆਹ ਦਾ ਇਤਰਾਜ਼ ਕਰਨ ’ਤੇ ਮੰਗਲ ਸਿੰਘ ਨੇ ਇਕ ਇਕਰਾਰਨਾਮਾ ਲਿਖ ਕੇ ਦਿੱਤਾ ਸੀ ਕਿ ਉਹ ਇਕ ਏਕੜ ਜ਼ਮੀਨ ਅਤੇ ਨੌਕਰੀ ਤੋਂ ਮਿਲਣ ਵਾਲੇ ਸਾਰੇ ਲਾਭ ਸਾਡੀ ਭੈਣ ਰਾਜਬੀਰ ਕੌਰ ਨੂੰ ਦੇਵੇਗਾ। ਪੁਲਸ ਅਧਿਕਾਰੀ ਅਨੁਸਾਰ ਇਸੇ ਤਰ੍ਹਾਂ ਮੰਗਲ ਸਿੰਘ ਦੇ ਇਕ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਉਸਦੀ ਪਤਨੀ ਨੇ ਦੂਜਾ ਵਿਆਹ ਕਰਵਾ ਲਿਆ ਪਰ ਉਸ ਦੇ ਭਰਾ ਦੀ ਕੁੜੀ ਮੰਗਲ ਕੋਲ ਰਹਿੰਦੀ ਸੀ। ਇਸੇ ਕਾਰਨ ਉਹ ਦੋਵੇਂ ਮੰਗਲ ਸਿੰਘ ਕੋਲ ਜਿਹੜੀ ਜਾਇਦਾਦ ਸੀ, ਦੇ ਹਿੱਸੇਦਾਰ ਸੀ। ਦੋਵਾਂ ਦਾ ਹਿੱਸਾ ਹੜੱਪਣ ਲਈ ਮੰਗਲ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।

ਇਨ੍ਹਾਂ ਖਿਲਾਫ ਹੋਇਆ ਕੇਸ ਦਰਜ
ਪੁਲਸ ਸਟੇਸ਼ਨ ਇੰਚਾਰਜ ਰਾਮ ਸਿੰਘ ਨੇ ਦੱਸਿਆ ਕਿ ਇਸ ਦੋਹਰੇ ਹੱਤਿਆ ਕਾਂਡ ਸਬੰਧੀ ਪੁਲਸ ਨੇ ਮੰਗਲ ਸਿੰਘ, ਉਸ ਦੇ ਪਿਤਾ ਵੱਸਣ ਸਿੰਘ ਅਤੇ ਮੰਗਲ ਦੀ ਪਤਨੀ ਬਲਵਿੰਦਰ ਕੌਰ ਉਰਫ ਸੋਨੀਆ ਵਿਰੁੱਧ ਕੇਸ ਦਰਜ ਕਰ ਲਿਆ। ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਗੁਰਦਾਸਪੁਰ ਹਸਪਤਾਲ ਭੇਜਿਆ ਗਿਆ ਹੈ।


author

rajwinder kaur

Content Editor

Related News