ਪ੍ਰੇਮਿਕਾ ਦੇ ਵਿਆਹ ਤੋਂ ਪਹਿਲਾਂ ਪ੍ਰੇਮੀ ਨੇ ਨਿਗਲਿਆ ਜ਼ਹਿਰ, ਹਾਲਤ ਗੰਭੀਰ

Wednesday, Jun 27, 2018 - 12:31 PM (IST)

ਪ੍ਰੇਮਿਕਾ ਦੇ ਵਿਆਹ ਤੋਂ ਪਹਿਲਾਂ ਪ੍ਰੇਮੀ ਨੇ ਨਿਗਲਿਆ ਜ਼ਹਿਰ, ਹਾਲਤ ਗੰਭੀਰ

ਗੁਰਦਾਸਪੁਰ (ਵਿਨੋਦ) :  ਆਪਣੇ ਪਿਆਰ ਨੂੰ ਅਸਫਲ ਹੁੰਦੇ ਦੇਖ ਇਕ ਨੌਜਵਾਨ ਨੇ ਪ੍ਰੇਮਿਕਾ ਦੇ ਵਿਆਹ ਤੋਂ ਪਹਿਲਾਂ ਹੀ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ, ਪਰ ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਸਮੇਂ 'ਤੇ ਹਸਪਤਾਲ ਪਹੁੰਚਾ ਦਿੱਤੇ ਜਾਣ ਕਾਰਨ ਫਿਲਹਾਲ ਉਸ ਨੌਜਵਾਨ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਕਤ ਨੌਜਵਾਨ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। 
ਸਿਵਲ ਹਸਪਤਾਲ ਗੁਰਦਾਸਪੁਰ 'ਚ ਇਲਾਜ ਕਰਵਾ ਰਹੇ ਪਿੰਡ ਨੌਸ਼ਹਿਰਾ ਬਹਾਦਰ ਦੇ ਲੜਕੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਪਿਛਲੇ ਤਿੰਨ ਸਾਲ ਨਜ਼ਦੀਕੀ ਪਿੰਡ ਦੀ ਇਕ ਲੜਕੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਇਸ ਕਾਰਨ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸੀ। ਸਾਡੀ ਤਾਂ ਵਿਆਹ ਲਈ ਸਹਿਮਤੀ ਸੀ ਪਰ ਲੜਕੀ ਵਾਲਾ ਪਰਿਵਾਰ ਰਾਜੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਖੁਦ ਜਾ ਕੇ ਲੜਕੀ ਪਰਿਵਾਰ ਨਾਲ ਦੋਵਾਂ ਦੇ ਵਿਆਹ ਦਾ ਪ੍ਰਸਤਾਵ ਰੱਖਿਆ ਸੀ ਪਰ ਉਹ ਕਿਸੇ ਵੀ ਸੂਰਤ 'ਚ ਮੰਨਣ ਲਈ ਤਿਆਰ ਨਹੀਂ ਸੀ। ਪੀੜਤ ਲੜਕੇ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਅਜੇ ਕੋਈ ਕੰਮ ਨਹੀਂ ਕਰਦਾ। ਇਸ ਨੂੰ ਆਧਾਰ ਬਣਾ ਕੇ ਲੜਕੀ ਵਾਲਿਆ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਦਕਿ ਅਸੀਂ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਦੇ ਇੱਛੁਕ ਹਾਂ। ਉਹ ਖੁਦ ਵੀ ਇਕ ਸਾਲ ਪਹਿਲਾਂ ਹੀ ਵਿਦੇਸ਼ ਤੋਂ ਆਇਆ ਹੈ ਤੇ ਹੁਣ ਫਿਰ ਅਸੀਂ ਉਸ ਨੂੰ ਵਿਦੇਸ਼ ਭੇਜਣ ਦਾ ਯਤਨ ਕਰ ਰਹੇ ਸੀ। ਲੜਕੇ ਦੀ ਪ੍ਰੇਮਿਕਾ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸ ਦਾ ਵਿਆਹ ਤੈਅ ਕਰ ਦਿੱਤਾ ਹੈ। ਇਸ ਦੇ ਬਾਅਦ ਲੜਕੇ ਨੇ ਇਕ ਸੁਸਾਇਡ ਨੋਟ ਲਿਖਦੇ ਹੋਏ ਜ਼ਹਿਰੀਲੀ ਵਸਤੂ ਨਿਗਲ ਲਈ। 
ਹਸਪਤਾਲ 'ਚ ਜ਼ੇਰੇ ਇਲਾਜ਼ ਨੌਜਵਾਨ ਨੇ ਦੱਸਿਆ ਕਿ ਉਹ ਤਿੰਨ ਸਾਲ ਤੋਂ ਉਕਤ ਲੜਕੀ ਨੂੰ ਪਿਆਰ ਕਰਦਾ ਹੈ ਤੇ ਉਸ ਤੋਂ ਬਿਨ੍ਹਾਂ ਨਹੀਂ ਰਹਿ ਸਕਦਾ। ਇਹੀ ਕਾਰਨ ਹੈ ਕਿ ਉਸ ਨੇ ਆਪਣੀ ਜੀਵਨ ਲੀਲਾ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ। ਉਸ ਨੇ ਦੱਸਿਆ ਕਿ ਲੜਕੀ ਦਾ ਸੋਮਵਾਰ ਨੂੰ ਵਿਆਹ ਹੋਣ ਜਾ ਰਿਹਾ ਹੈ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।  


Related News