ਗੁਰਦਾਸਪੁਰ ''ਚ ਭਾਜਪਾ ਫਿਰ ਉਤਾਰ ਸਕਦੀ ਹੈ ਵੱਡਾ ਚਿਹਰਾ

03/01/2019 11:17:19 AM

ਜਲੰਧਰ, ਗੁਰਦਾਸਪੁਰ  (ਨਰੇਸ਼) : ਜੰਮੂ-ਕਸ਼ਮੀਰ ਦੀ ਹੱਦ ਨਾਲ ਲੱਗਦੀ ਪੰਜਾਬ ਦੀ ਇਸ ਲੋਕ ਸਭਾ ਦੀ ਸੀਟ 'ਤੇ ਸਿੱਧੀ ਟੱਕਰ ਅਕਾਲੀ-ਭਾਜਪਾ ਤੇ ਕਾਂਗਰਸ ਵਿਚਕਾਰ ਹੁੰਦੀ ਰਹੀ ਹੈ ਪਰ ਇਹ ਸੀਟ ਕਾਂਗਰਸ ਦੇ ਪ੍ਰਭਾਵ ਵਾਲੀ ਸੀਟ ਰਹੀ ਹੈ। ਪਰ ਪਿਛਲੇ ਦੋ ਦਹਾਕਿਆਂ ਵਿਚ ਭਾਜਪਾ ਨੇ ਵੀ ਇਸ ਸੀਟ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਵਿਨੋਦ ਖੰਨਾ ਇਸ ਸੀਟ ਤੋਂ 4 ਵਾਰ ਚੋਣ ਜਿੱਤ ਚੁੱਕੇ ਹਨ। ਖੈਰ ਭਾਜਪਾ ਇਕ ਵਾਰ ਫਿਰ ਉਥੇ ਵੱਡਾ ਚਿਹਰਾ ਮੈਦਾਨ ਵਿਚ ਉਤਾਰ ਸਕਦੀ ਹੈ। ਪੰਜਾਬ ਦੀ ਹੱਦ ਨਾਲ ਲੱਗਦੀ ਇਸ ਸੀਟ 'ਤੇ ਰੋਜ਼ਗਾਰ ਹਮੇਸ਼ਾ ਤੋਂ ਵੱਡਾ ਮੁੱਦਾ ਰਿਹਾ ਹੈ ਪਰ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਸਰਹੱਦੀ ਇਲਾਕੇ ਲਈ ਕੋਈ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ ਹਨ। ਭਾਵੇਂ ਫੰਡ ਖਰਚ ਕਰਨ ਦੇ ਮਾਮਲੇ ਵਿਚ ਉਹ ਸਰਗਰਮ ਰਹੇ ਅਤੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜਾਰੀ ਹੋਇਆ ਸਾਰਾ ਫੰਡ ਖਰਚ ਕੀਤਾ। ਇਸ ਚੋਣ ਦੌਰਾਨ ਵੀ ਰੋਜ਼ਗਾਰ ਦਾ ਮੁੱਦਾ ਛਾਇਆ ਰਹਿ ਸਕਦਾ ਹੈ। ਇਸ ਤੋਂ ਇਲਾਵਾ ਨਸ਼ੇ ਦਾ ਮੁੱਦਾ ਵੀ ਅਹਿਮ ਹੈ।

ਕਮਜ਼ੋਰ 'ਆਪ' ਨੂੰ ਮਜ਼ਬੂਤ ਉਮੀਦਵਾਰ ਦੀ ਭਾਲ
ਆਮ ਆਦਮੀ ਪਾਰਟੀ ਨੇ ਪਿਛਲੀਆਂ ਚੋਣਾਂ ਦੌਰਾਨ ਇਸ ਸੀਟ 'ਤੇ ਆਪਣੇ ਪਾਰਟੀ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਮੈਦਾਨ ਵਿਚ ਉਤਾਰਿਆ ਸੀ ਅਤੇ ਉਹ 1,73,376 ਵੋਟਾਂ ਹਾਸਲ ਕਰਨ ਵਿਚ ਸਫਲ ਰਹੇ ਪਰ 2017 ਦੀ ਜ਼ਿਮਨੀਚੋਣ ਵਿਚ ਪਾਰਟੀ ਨੇ ਰਿਟਾਇਰਡ ਮੇਜਰ ਜਨਰਲ ਸੁਰੇਸ਼ ਕੁਮਾਰ ਖਜੂਰੀਆ ਨੂੰ ਮੈਦਾਨ ਵਿਚ ਉਤਾਰਿਆ ਤਾਂ ਉਹ ਬੁਰੀ ਤਰ੍ਹਾਂ ਹਾਰ ਗਏ। ਉਨ੍ਹਾਂ ਨੂੰ 23579 ਵੋਟਾਂ ਹੀ ਮਿਲੀਆਂ। ਮੌਜੂਦਾ ਦੌਰ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਵੰਡੀ ਹੋਈ ਹੈ ਅਤੇ ਇਸ ਸੀਟ 'ਤੇ ਸਿੱਖ ਵੋਟਰਾਂ ਦਾ ਵੀ ਚੰਗਾ ਪ੍ਰਭਾਵ ਹੈ। ਖੈਰ ਟਕਸਾਲੀ ਅਕਾਲੀ ਦਲ ਅਤੇ ਸੁਖਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵੀ ਵੋਟਾਂ ਦੀ ਵੰਡ ਕਰੇਗੀ। ਇਸ ਲਈ 'ਆਪ' ਨੂੰ ਇਸ ਸੀਟ ਲਈ ਮਜ਼ਬੂਤ ਚਿਹਰਾ ਲੱਭਣ ਵਿਚ ਮੁਸ਼ਕਲ ਹੋ ਰਹੀ ਹੈ ਕਿਉਂਕਿ ਮਾਝੇ ਵਿਚ ਪਾਰਟੀ ਦਾ ਕੇਡਰ ਖਿੰਡ ਚੁੱਕਾ ਹੈ।

ਕਾਂਗਰਸ ਵਲੋਂ ਬਾਜਵਾ ਵੀ ਦਾਅਵੇਦਾਰ
ਕਾਂਗਰਸ 'ਚ ਰਾਹੁਲ ਕੈਂਪ ਦੇ ਨੇਤਾ ਸਮਝੇ ਜਾਂਦੇ ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਅਤੇ ਗੁਰਦਾਸਪੁਰ ਲੋਕ ਸਭਾ ਸੀਟ ਦੇ ਸਾਬਕਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਇਸ ਸੀਟ ਲਈ ਟਿਕਟ ਦੀ ਦੌੜ ਵਿਚ ਹਨ। 2017 ਦੀ ਜ਼ਿਮਨੀਚੋਣ ਦੌਰਾਨ ਉਨ੍ਹਾਂ ਦੇ ਪਰਿਵਾਰ ਦੀ ਦਾਅਵੇਦਾਰੀ ਇਸ ਸੀਟ 'ਤੇ ਸੀ ਪਰ ਪਾਰਟੀ ਨੇ ਸੁਨੀਲ ਜਾਖੜ ਨੂੰ ਮੈਦਾਨ ਵਿਚ ਅਤੇ ਉਹ 1,93,219 ਵੋਟਾਂ ਦੇ ਭਾਰੀ ਫਰਕ ਨਾਲ ਚੋਣ ਜਿੱਤੇ ਪਰ ਹੁਣ ਇਕ ਵਾਰ ਫਿਰ ਬਾਜਵਾ ਚਾਹੁੰਦੇ ਹਨ ਕਿ ਇਹ ਸੀਟ ਉਨ੍ਹਾਂ ਦੇ ਪਰਿਵਾਰ ਕੋਲ ਰਹੇ ਅਤੇ ਜਾਖੜ ਆਪਣੀ ਰਵਾਇਤੀ ਸੀਟ ਫਿਰੋਜ਼ਪੁਰ ਤੋਂ ਚੋਣ ਲੜਨ। ਭਾਵੇਂ ਇਸ 'ਤੇ ਆਖਰੀ ਫੈਸਲਾ ਪਾਰਟੀ ਨੇ ਲੈਣਾ ਹੈ ਪਰ ਬਾਜਵਾ ਦੀ ਦਾਅਵੇਦਾਰੀ ਨੇ ਇਸ ਸੀਟ ਨੂੰ ਲੈ ਕੇ ਕਾਂਗਰਸ ਦੇ ਅੰਦਰ ਦੀ ਸਿਆਸਤ ਨੂੰ ਦਿਲਚਸਪ ਬਣਾ ਦਿੱਤਾ ਹੈ।

ਕਵਿਤਾ ਖੰਨਾ ਤੇ ਸਲਾਰੀਆ ਵੀ ਦੌੜ 'ਚ
ਕਾਂਗਰਸ ਦੀ ਤਰ੍ਹਾਂ ਭਾਜਪਾ ਵਿਚ ਵੀ ਇਸ ਸੀਟ ਦੇ ਉਮੀਦਵਾਰ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਹੈ। ਇਸ ਸੀਟ 'ਤੇ ਜ਼ਿਮਨੀਚੋਣ ਵਿਚ ਹਾਰ ਦਾ ਮੂੰਹ ਦੇਖਣ ਵਾਲੇ ਸਵਰਨ ਸਲਾਰੀਆ ਇਸ ਖੇਤਰ ਵਿਚ ਕਾਫੀ ਸਰਗਰਮ ਹਨ ਪਰ ਇਸ ਵਾਰ ਪਾਰਟੀ ਦਾ ਝੁਕਾਅ ਸੀਟ ਦੇ ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੱਲ ਦੱਸਿਆ ਜਾ ਰਿਹਾ ਹੈ। ਇਕ ਚਰਚਾ ਇਹ ਵੀ ਹੈ ਕਿ ਸਥਾਨਕ ਗੁੱਟਬੰਦੀ ਨੂੰ ਖਤਮ ਕਰਨ ਲਈ ਭਾਜਪਾ ਇਸ ਸੀਟ 'ਤੇ ਕਿਸੇ ਵੱਡੇ ਚਿਹਰੇ ਨੂੰ ਉਮੀਦਵਾਰ ਬਣਾ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਨੋਦ ਖੰਨਾ ਵਲੋਂ ਹਲਕੇ ਵਿਚ ਕੀਤੇ ਜਾ ਰਹੇ ਕੰਮਾਂ ਅਤੇ ਉਨ੍ਹਾਂ ਦੀ ਇਮੇਜ ਦਾ ਫਾਇਦਾ ਲੈਣ ਲਈ ਕਵਿਤਾ ਖੰਨਾ ਦੇ ਨਾਂ 'ਤੇ ਸਹਿਮਤੀ ਬਣ ਸਕਦੀ ਹੈ।

ਸਾਲ ਸਾਲ ਪਾਰਟੀ
1952 ਤੇਜਾ ਸਿੰਘ ਕਾਂਗਰਸ
1957 ਦੀਵਾਨ ਚੰਦ ਕਾਂਗਰਸ
1962 ਦੀਵਾਨ ਚੰਦ ਕਾਂਗਰਸ
1967 ਦੀਵਾਨ ਚੰਦ ਕਾਂਗਰਸ
1971 ਪ੍ਰਬੋਦ ਚੰਦਰਾ ਕਾਂਗਰਸ
1977 ਯੋਗਯਾ ਦੱਤ ਬੀ. ਐੱਲ. ਡੀ.
1980 ਸੁਖਬੰਸ ਕੌਰ ਕਾਂਗਰਸ
1985 ਸੁਖਬੰਸ ਕੌਰ ਕਾਂਗਰਸ
1989 ਸੁਖਬੰਸ ਕੌਰ ਕਾਂਗਰਸ
1992 ਸੁਖਬੰਸ ਕੌਰ ਕਾਂਗਰਸ
1996 ਸੁਖਬੰਸ ਕੌਰ ਕਾਂਗਰਸ
1998 ਵਿਨੋਦ ਖੰਨਾ ਭਾਜਪਾ
1999 ਵਿਨੋਦ ਖੰਨਾ ਭਾਜਪਾ
2004 ਵਿਨੋਦ ਖੰਨਾ ਭਾਜਪਾ
2009 ਪ੍ਰਤਾਪ ਸਿੰਘ ਬਾਜਵਾ ਕਾਂਗਰਸ
2014 ਵਿਨੋਦ ਖੰਨਾ ਭਾਜਪਾ
2017 (ਜਿਮਨੀ ਜ਼ਿਮਨੀ ਚੋਣ) ਸੁਨੀਲ ਜਾਖੜ ਕਾਂਗਰਸ



 


Baljeet Kaur

Content Editor

Related News