ਆਈਸੋਲੇਸ਼ਨ ਵਾਰਡ ''ਚੋਂ ਦੌੜਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼
Friday, Feb 21, 2020 - 11:23 AM (IST)
ਗੁਰਦਾਸਪੁਰ (ਹਰਮਨ, ਜ. ਬ.) : ਚੀਨ 'ਚ ਫੈਲੇ ਕੋਰੋਨਾ ਵਾਇਰਸ ਕਾਰਣ ਸਿਹਤ ਵਿਭਾਗ ਵਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਕੀਤੀ ਜਾ ਰਹੀ। ਵਿਸ਼ੇਸ਼ ਸਕਰੀਨਿੰਗ ਕਾਰਣ ਸਿਵਲ ਹਸਪਤਾਲ ਗੁਰਦਾਸਪੁਰ 'ਚ ਪਹੁੰਚੇ ਇਕ ਸ਼ੱਕੀ ਮਰੀਜ਼ ਦੇ ਸੈਂਪਲ ਲਏ ਗਏ ਹਨ ਪਰ ਇਸ ਮਾਮਲੇ 'ਚ ਅਹਿਮ ਗੱਲ ਇਹ ਸਾਹਮਣੇ ਆਈ ਹੈ ਕਿ ਮਰੀਜ਼ ਦੇ ਸੈਂਪਲ ਲੈ ਕੇ ਜਦੋਂ ਉਸ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਤਾਂ ਉਕਤ ਮਰੀਜ਼ ਮੌਕਾ ਦੇਖ ਕੇ ਹਸਪਤਾਲ 'ਚੋਂ ਖਿਸਕਣ ਵਿਚ ਕਾਮਯਾਬ ਹੋ ਗਿਆ, ਜਿਸ ਤੋਂ ਬਾਅਦ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਤੁਰੰਤ ਪੁਲਸ ਨੂੰ ਸੂਚਿਤ ਕਰ ਕੇ ਉਸ ਵਿਅਕਤੀ ਦੀ ਭਾਲ ਕਰ ਲਈ ਕਿਹਾ ਹੈ।
ਐੱਸ. ਐੱਮ. ਓ. ਡਾ. ਚੇਤਨਾ ਨੇ ਦੱਸਿਆ ਕਿ ਕਲਾਨੌਰ ਨਾਲ ਸਬੰਧਤ ਗੁਰਪ੍ਰੀਤ ਸਿੰਘ ਨਾਂ ਦਾ ਮਰੀਜ਼ ਗੁਰਦਾਸਪੁਰ ਸਿਵਲ ਹਸਪਤਾਲ ਵਿਚ ਇਲਾਜ ਲਈ ਆਇਆ ਸੀ, ਜਿਸ ਨੂੰ ਖਾਂਸੀ ਜ਼ੁਕਾਮ ਅਤੇ ਬੁਖਾਰ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਿਹਤ ਵਿਭਾਗ ਨੂੰ ਵਿਦੇਸ਼ਾਂ ਤੋਂ ਆਏ ਲੋਕਾਂ ਦੀ ਲਿਸਟ ਦਿੱਤੀ ਹੋਈ ਹੈ, ਜਿਸ ਤਹਿਤ ਜਦੋਂ ਸਬੰਧਤ ਡਾਕਟਰ ਨੇ ਦੇਖਿਆ ਕਿ ਉਕਤ ਮਰੀਜ਼ ਦਾ ਨਾਂ ਵੀ ਉਸ ਲਿਸਟ ਵਿਚ ਹੈ ਤਾਂ ਉਸ ਦੇ ਇਲਾਜ ਵੱਲ ਹੋਰ ਵੀ ਬਾਰੀਕੀ ਨਾਲ ਧਿਆਨ ਦਿੱਤਾ ਗਿਆ। ਉਨਾਂ ਦੱਸਿਆ ਇਕ ਉਕਤ ਵਿਅਕਤੀ ਪਿਛਲੇ ਮਹੀਨੇ 21 ਜਨਵਰੀ ਨੂੰ ਨਿਊਜ਼ੀਲੈਂਡ ਤੋਂ ਭਾਰਤ ਨੂੰ ਰਵਾਨਾ ਹੋਇਆ ਸੀ, ਜਿਸ ਦੌਰਾਨ ਰਸਤੇ ਵਿਚ ਚੀਨ ਦੇ ਸ਼ਹਿਰ ਬੀਜਿੰਗ 'ਚ ਉਸ ਦਾ ਕਰੀਬ 15 ਘੰਟੇ ਦਾ ਠਹਿਰਾਅ ਸੀ, ਜਿਸ ਤੋਂ ਬਾਅਦ ਉਹ ਪਿਛਲੇ ਮਹੀਨੇ ਕਲਾਨੌਰ ਆ ਗਿਆ ਸੀ। ਉਥੋਂ ਆਉਣ ਤੋਂ ਬਾਅਦ ਕਰੀਬ ਇਕ ਹਫਤੇ ਬਾਅਦ ਉਸ ਨੂੰ ਬੁਖਾਰ ਹੋਇਆ ਸੀ, ਜੋ ਬਾਅਦ ਵਿਚ ਠੀਕ ਹੋ ਗਿਆ ਪਰ ਉਸ ਦੇ ਬਾਅਦ ਫਿਰ ਉਸ ਨੂੰ ਖਾਂਸੀ ਜ਼ੁਕਾਮ ਅਤੇ ਬੁਖਾਰ ਦੀ ਸਮੱਸਿਆ ਸੀ ਜੋ ਕਲਾਨੌਰ ਤੋਂ ਠੀਕ ਨਾ ਹੋਣ ਕਾਰਣ ਉਹ ਸਿਵਲ ਹਸਪਤਾਲ ਗੁਰਦਾਸਪੁਰ ਆਇਆ ਸੀ।
ਇਸ ਦੌਰਾਨ ਜਦੋਂ ਡਾਕਟਰ ਨੇ ਉਸ ਦੀ ਟ੍ਰੈਵਲ ਹਿਸਟਰੀ ਦੇਖ ਕੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖ ਕੇ ਸੈਂਪਲ ਲੈਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਉਸ ਦੇ ਸੈਂਪਲ ਲਏ ਜਾਣ ਤੋਂ ਬਾਅਦ ਉਹ ਮਰੀਜ਼ ਚੁੱਪ-ਚਪੀਤੇ ਉਥੋਂ ਖਿਸਕ ਗਿਆ। ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਮਰੀਜ਼ ਵਿਚ ਕੋਰੋਨਾ ਵਾਇਰਸ ਨਾਲ ਸਬੰਧਤ ਕੁਝ ਵੀ ਨਜ਼ਰ ਨਹੀਂ ਆਇਆ। ਸਿਹਤ ਵਿਭਾਗ ਵੱਲੋਂ ਸਿਰਫ ਸ਼ੱਕ ਕੱਢਣ ਲਈ ਉਸ ਦੇ ਸੈਂਪਲ ਲਏ ਗਏ ਹਨ। ਇਨ੍ਹਾਂ ਸੈਂਪਲਾਂ ਦੀ ਰਿਪੋਰਟ ਬਹੁਤ ਜਲਦੀ ਆ ਜਾਵੇਗੀ ਪਰ ਉਦੋਂ ਤੱਕ ਪੁਲਸ ਨੂੰ ਕਿਹਾ ਗਿਆ ਹੈ ਕਿ ਉਕਤ ਵਿਅਕਤੀ ਦੀ ਭਾਲ ਕੀਤੀ ਜਾਵੇ ਤਾਂ ਜੋ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਜਾ ਸਕੇ।