ਸ਼ਹਿਰ ਦੇ ਹੋਟਲ ਮਾਲਕਾਂ ਨੇ ਐਕਸਾਈਜ਼ ਪਾਲਿਸੀ ਵਿਰੁੱਧ ਚੁੱਕੀ ਆਵਾਜ਼

11/28/2019 11:20:34 AM

ਗੁਰਦਾਸਪੁਰ (ਵਿਨੋਦ) : ਹੋਟਲਾਂ 'ਚ ਚੱਲ ਰਹੇ ਸ਼ਰਾਬ ਬਾਰ ਦਾ ਤਿੰਨ ਲੱਖ ਰੁਪਏ ਦਾ ਟੈਕਸ ਅਦਾ ਕਰਨ ਵਾਲੇ ਹੋਟਲ ਮਾਲਕਾਂ ਨੇ ਮੀਟਿੰਗ ਕਰ ਕੇ ਐਕਸਾਈਜ਼ ਵਿਭਾਗ ਦੀਆਂ ਗਲਤ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਹੋਟਲ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਐਕਸਾਈਜ਼ ਪਾਲਿਸੀ ਮੁਤਾਬਕ ਉਨ੍ਹਾਂ ਨੂੰ 5 ਫੀਸਦੀ ਵੈਟ ਅਤੇ ਤਿੰਨ ਲੱਖ ਸਾਲਾਨਾ ਟੈਕਸ ਸਰਕਾਰ ਨੂੰ ਦੇਣਾ ਪੈਂਦਾ ਹੈ ਜਦਕਿ ਗੁਰਦਾਸਪੁਰ ਸ਼ਹਿਰ 'ਚ ਜ਼ਿਆਦਾਤਰ ਸਥਾਨਾਂ 'ਤੇ ਨਾਜਾਇਜ਼ ਢੰਗ ਨਾਲ ਸ਼ਰਾਬ ਪਿਲਾਉਣ ਦਾ ਕਾਰੋਬਾਰ ਚੱਲ ਰਿਹਾ ਹੈ, ਜਿਸ ਨੂੰ ਵਿਭਾਗ ਅਤੇ ਪੁਲਸ ਬੰਦ ਕਰਵਾਉਣ 'ਚ ਸਫਲ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਐਕਸਾਈਜ਼ ਵਿਭਾਗ ਨੇ ਇਸ ਮਾਮਲੇ ਸਬੰਧੀ ਤੁਰੰਤ ਕਾਰਵਾਈ ਨਾ ਕੀਤੀ ਤਾਂ ਮਜਬੂਰਨ ਹੋਟਲ ਮਾਲਕਾਂ ਨੂੰ ਸੰਘਰਸ਼ ਦਾ ਰਸਤਾ ਅਪਣਾਉਣਾ ਪਵੇਗਾ। ਇਸ ਮੌਕੇ ਕਮਲ, ਰਕੇਸ਼ ਕੁਮਾਰ, ਤੇਜਿੰਦਰ ਸਿੰਘ, ਤਰੁਣ ਮਹਾਜਨ ਅਤੇ ਹੋਰ ਹਾਜ਼ਰ ਸਨ।

ਜਨਹਿਤ ਪਟੀਸ਼ਨ ਦਾ ਲਿਆ ਜਾਵੇਗਾ ਸਹਾਰਾ
ਹੋਟਲ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਹੋਟਲ ਮਾਲਕਾਂ 'ਤੇ ਇਕ ਹੀ ਸ਼ਰਾਬ ਦੇ ਠੇਕੇਦਾਰ ਤੋਂ ਸ਼ਰਾਬ ਖਰੀਦਣ ਲਈ ਦਬਾਅ ਬਣਾਇਆ ਜਾਂਦਾ ਹੈ ਜਦਕਿ ਐੱਲ. ਵੈਨ ਸ਼ਰਾਬ ਲਾਇਸੈਂਸ ਧਾਰਕਾਂ ਤੋਂ ਸਾਨੂੰ ਜੇਕਰ ਸ਼ਰਾਬ ਖਰੀਦਣ ਦੀ ਇਜਾਜ਼ਤ ਮਿਲੇ ਤਾਂ ਹੋਟਲ ਮਾਲਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਇਸ ਨਾਲ ਹੋਟਲ ਮਾਲਕਾਂ ਨੂੰ ਸ਼ਰਾਬ ਠੇਕੇਦਾਰਾਂ ਵੱਲੋਂ ਕੀਤੀ ਜਾਣ ਵਾਲੀ ਮਨਮਰਜ਼ੀ ਤੋਂ ਵੀ ਛੁਟਕਾਰਾ ਮਿਲੇਗਾ। ਗੁਰਦਾਸਪੁਰ ਜ਼ਿਲੇ 'ਚ 2 ਦਰਜਨ ਤੋਂ ਜ਼ਿਆਦਾ ਹੋਟਲ ਚੱਲ ਰਹੇ ਹਨ, ਜਿਨ੍ਹਾਂ 'ਚ ਜ਼ਿਆਦਾਤਰ ਲੋਕਾਂ ਕੋਲ ਬਾਰ ਦਾ ਲਾਇਸੈਂਸ ਹੈ। ਹੋਟਲ ਬਾਰ ਦਾ ਲਾਇਸੈਂਸ ਲੈਣ ਵਾਲੇ ਹਰ ਹੋਟਲ ਮਾਲਕ ਨੂੰ ਸਾਲਾਨਾ ਤਿੰਨ ਲੱਖ ਰੁਪਏ ਸਰਕਾਰ ਨੂੰ ਨਿਸਚਿਤ ਟੈਕਸ ਅਦਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਜਿਸ ਤਰ੍ਹਾਂ ਥਾਂ-ਥਾਂ ਢਾਬਿਆਂ ਅਤੇ ਰੇਹੜੀਆਂ 'ਤੇ ਨਾਜਾਇਜ਼ ਸ਼ਰਾਬ ਪਿਲਾਉਣ ਦਾ ਕਾਰੋਬਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ, ਉਸ ਨਾਲ ਹੋਟਲ ਕਾਰੋਬਾਰ 'ਤੇ ਡੂੰਘਾ ਅਸਰ ਪੈ ਰਿਹਾ ਹੈ। ਇਸ ਮਾਮਲੇ ਸਬੰਧੀ ਹੋਟਲ ਮਾਲਕਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਜਨਹਿਤ ਅਰਜ਼ੀ ਵੀ ਦਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।


Baljeet Kaur

Content Editor

Related News