ਵਿਦੇਸ਼ੀ ਲਾੜੇ ਅਤੇ ਸੱਸ-ਸਹੁਰੇ ਨੂੰ 10 ਲੱਖ ਤੇ ਕਾਰ ਦੀ ਮੰਗ ਪਈ ਮਹਿੰਗੀ
Saturday, Mar 16, 2019 - 11:03 AM (IST)
ਗੁਰਦਾਸਪੁਰ (ਵਿਨੋਦ) : ਇਕ ਵਿਦੇਸ਼ੀ ਲਾੜੇ ਤੇ ਉਸ ਦੇ ਮਾਂ-ਪਿਓ ਵੱਲੋਂ ਵਿਆਹ ਦੇ ਬਾਅਦ ਪਤਨੀ ਨੂੰ ਪੇਕੇ ਘਰ ਤੋਂ 10 ਲੱਖ ਰੁਪਏ ਤੇ ਕਾਰ ਲੈ ਕੇ ਆਉਣ ਦੀ ਮੰਗ ਕਰਨੀ ਮਹਿੰਗੀ ਪਈ। ਇਸ ਸਬੰਧੀ ਐੱਨ. ਆਰ. ਆਈ. ਪੁਲਸ ਸਟੇਸ਼ਨ ਗੁਰਦਾਸਪੁਰ 'ਚ ਮੁਲਜ਼ਮ ਲਾੜੇ, ਸਹੁਰੇ ਤੇ ਸੱਸ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਪਰ ਅਜੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਹੈ। ਜਾਣਕਾਰੀ ਅਨੁਸਾਰ ਪੀੜਤਾ ਸਪਨਾ ਪੁੱਤਰੀ ਸਤਪਾਲ ਨਿਵਾਸੀ ਪਿੰਡ ਭੂੰਗਲ ਜ਼ਿਲਾ ਪਠਾਨਕੋਟ ਨੇ ਐੱਨ. ਆਰ. ਆਈ. ਪੁਲਸ ਨੂੰ 6-12-2018 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ 21-12-2015 ਨੂੰ ਮੰਗਤ ਰਾਮ ਪੁੱਤਰ ਨਿਰਮਲ ਕੁਮਾਰ ਨਿਵਾਸੀ ਤਲਵੰਡੀ ਡੱਲਾ ਜ਼ਿਲਾ
ਹੁਸਿਆਰਪੁਰ ਨਾਲ ਹੋਇਆ ਸੀ ਜਦ ਵਿਆਹ ਹੋਇਆ ਸੀ ਤਾਂ ਮੰਗਤ ਰਾਮ ਫ੍ਰਾਂਸ 'ਚ ਰਹਿੰਦਾ ਸੀ। ਵਿਆਹ ਸਮੇਂ ਉਸ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ ਮੰਗਤ ਰਾਮ, ਸਹੁਰਾ ਨਿਰਮਲ ਕੁਮਾਰ ਅਤੇ ਸੱਸ ਨਜੀਰਾ ਵੱਲੋਂ ਦਾਜ ਘੱਟ ਲਿਆਉਣ ਦੇ ਕਾਰਨ ਪ੍ਰੇਸ਼ਾਨ ਕੀਤਾ ਜਾਣ ਲੱਗਾ ਅਤੇ ਪੇਕੇ ਪਰਿਵਾਰ ਤੋਂ 10 ਲੱਖ ਰੁਪਏ ਨਕਦ ਅਤੇ ਕਾਰ ਲਿਆਉਣ ਦੀ ਮੰਗ ਕੀਤੀ ਜਾਣ ਲੱਗੀ। ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾਣ ਲੱਗਾ ਅਤੇ ਉਹ ਆਪਣੇ ਪੇਕੇ ਘਰ ਆ ਗਈ। ਉਸ ਦੇ ਪਤੀ ਨੇ ਉਸ ਨੂੰ ਨਾ ਤਾ ਵਿਦੇਸ਼ ਬੁਲਾਇਆ ਤੇ ਵਿਆਹ ਦੇ ਸਮੇਂ ਦਿੱਤਾ ਦਾਜ ਵੀ ਖੁਰਦ-ਬੁਰਦ ਕਰ ਦਿੱਤਾ।
ਇਸ ਸ਼ਿਕਾਇਤ ਦੀ ਜਾਂਚ ਏ. ਆਈ. ਜੀ. ਅੰਮ੍ਰਿਤਸਰ ਪੁਲਸ ਸਟੇਸ਼ਨ ਐੱਨ. ਆਰ. ਆਈ. ਵੱਲੋਂ ਕੀਤੀ ਗਈ ਅਤੇ ਕੀਤੀ ਗਈ ਜਾਂਚ ਦੇ ਆਧਾਰ 'ਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਦਾ ਪਤੀ ਤਾਂ ਵਿਦੇਸ਼ 'ਚ ਹੈ, ਜਦਕਿ ਸੱਸ-ਸਹੁਰਾ ਫਰਾਰ ਦੱਸੇ ਜਾਂਦੇ ਹਨ।