ਸਿਵਲ ਹਸਪਤਾਲ ''ਚ ਐੱਸ. ਐੱਮ. ਓ ਨਾਲ 2 ਡਾਕਟਰਾਂ ਕੀਤਾ ਗਾਲੀ-ਗਲੋਚ ਅਤੇ ਹੱਥੋਪਾਈ

07/19/2019 2:37:02 PM

ਗੁਰਦਾਸਪੁਰ (ਵਿਨੋਦ) : ਅੱਜ ਸਥਾਨਕ ਸਿਵਲ ਹਸਪਤਾਲ 'ਚ ਡਾਕਟਰਾਂ ਵੱਲੋਂ ਪ੍ਰਾਈਵੇਟ ਵਿਅਕਤੀਆਂ ਤੋਂ ਕੰਮ ਲੈਣ ਦਾ ਮਾਮਲਾ ਗਰਮਾਇਆ। ਐੱਸ. ਐੱਮ. ਓ. ਵਲੋਂ ਆਪ੍ਰੇਸ਼ਨ ਥੀਏਟਰ 'ਤੇ ਛਾਪੇਮਾਰੀ ਕਰ ਕੇ ਡਾ. ਮਨਜੀਤ ਬੱਬਰ ਨਾਲ ਆਪ੍ਰੇਸ਼ਨ ਥੀਏਟਰ 'ਚ ਇਕ ਪ੍ਰਾਈਵੇਟ ਲੜਕੀ ਕੰਮ ਕਰਦੀ ਫੜੀ ਗਈ। ਜਿਸ ਤੋਂ ਬਾਅਦ ਆਪ੍ਰੇਸ਼ਨ ਥੀਏਟਰ 'ਚ ਐੱਸ. ਐੱਮ. ਓ. ਨਾਲ ਕਥਿਤ ਤੌਰ 'ਤੇ 2 ਡਾਕਟਰਾਂ ਵੱਲੋਂ ਗਾਲੀ-ਗਲੋਚ ਅਤੇ ਹੱਥੋਪਾਈ ਕੀਤੀ ਗਈ।

ਐੱਸ. ਐੱਮ. ਓ. ਡਾ. ਵਿਜੇ ਕੁਮਾਰ ਅਨੁਸਾਰ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਗਈ ਸੀ ਕਿ ਹਸਪਤਾਲ ਵਿਚ ਕੁਝ ਡਾਕਟਰ ਆਪ੍ਰੇਸ਼ਨ ਥੀਏਟਰ ਵਿਚ ਆਪਣੇ ਪ੍ਰਾਈਵੇਟ ਵਿਅਕਤੀਆਂ ਨੂੰ ਲਿਆ ਕੇ ਉਨ੍ਹਾਂ ਤੋਂ ਕੰਮ ਕਰਵਾਉਂਦੇ ਹਨ ਅਤੇ ਰੋਗੀਆਂ ਦੇ ਮਾਪਿਆਂ ਤੋਂ ਆਪ੍ਰੇਸ਼ਨ ਸਬੰਧੀ ਸੌਦੇਬਾਜ਼ੀ ਵੀ ਕਰਦੇ ਹਨ। ਇਸ ਸਬੰਧੀ ਬੀਤੇ ਦਿਨੀਂ ਰੌਲਾ ਵੀ ਪਿਆ ਸੀ। ਜਿਸ ਤੋਂ ਬਾਅਦ ਮੈਂ ਹਸਪਤਾਲ ਦੇ ਸਮੂਹ ਡਾਕਟਰਾਂ ਨੂੰ ਇਕ ਪੱਤਰ ਜਾਰੀ ਕੀਤਾ ਸੀ ਕਿ ਕੋਈ ਵੀ ਡਾਕਟਰ ਆਪਣੇ ਨਾਲ ਪ੍ਰਾਈਵੇਟ ਵਿਅਕਤੀ ਰੱਖ ਕੇ ਕੰਮ ਨਹੀਂ ਕਰਵਾਏਗਾ ਅਤੇ ਜਦ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਐੱਸ. ਐੱਮ. ਓ. ਅਨੁਸਾਰ ਕਿਸੇ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਆਪ੍ਰੇਸ਼ਨ ਥੀਏਟਰ ਵਿਚ ਡਾਕਟਰ ਮਨਜੀਤ ਬੱਬਰ ਨਾਲ ਪ੍ਰਾਈਵੇਟ ਲੜਕੀ ਕੰਮ ਕਰ ਰਹੀ ਹੈ ਅਤੇ ਰੋਗੀਆਂ ਤੋਂ ਸੌਦੇਬਾਜ਼ੀ ਕਰਨ ਅਤੇ ਦਵਾਈਆਂ ਬਾਜ਼ਾਰ ਤੋਂ ਲਿਆਉਣ ਅਤੇ ਟੈਸਟ ਆਦਿ ਕਰਵਾਉਣ ਲਈ ਇਹ ਲੜਕੀ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਇਸ ਸੂਚਨਾ ਤੋਂ ਬਾਅਦ ਜਦ ਉਨ੍ਹਾਂ ਨੇ ਆਪ੍ਰੇਸ਼ਨ ਥੀਏਟਰ ਵਿਚ ਜਾ ਕੇ ਵੇਖਿਆ ਤਾਂ ਡਾਕਟਰ ਮਨਜੀਤ ਨਾਲ ਅਨੀਤਾ ਨਾਮਕ ਲੜਕੀ ਆਪ੍ਰੇਸ਼ਨ ਕਰਵਾਉਣ ਵਿਚ ਸਹਿਯੋਗ ਕਰ ਰਹੀ ਸੀ। ਉਨ੍ਹਾਂ ਉਕਤ ਲੜਕੀ ਨੂੰ ਥੀਏਟਰ ਤੋਂ ਬਾਹਰ ਕੱਢ ਦਿੱਤਾ ਅਤੇ ਡਾਕਟਰ ਤੋਂ ਇਸ ਸਬੰਧੀ ਪੁੱਛਗਿਛ ਕੀਤੀ ਜਾਣ ਲੱਗੀ ਤਾਂ ਡਾ. ਬੱਬਰ ਅਤੇ ਡਾ. ਦੀਪਕ ਨੇ ਉਨ੍ਹਾਂ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਸਿਵਲ ਸਰਜਨ ਗੁਰਦਾਸਪੁਰ ਨੂੰ ਲਿਖਤੀ ਸੂਚਿਤ ਕੀਤਾ ਹੈ ਅਤੇ ਜਲਦ ਹੀ ਪੁਲਸ ਨੂੰ ਵੀ ਸੂਚਿਤ ਕਰਨਗੇ।


ਕੀ ਕਹਿਣੈ ਆਪ੍ਰੇਸ਼ਨ ਥੀਏਟਰ ਦੇ ਕਰਮਚਾਰੀਆਂ ਦਾ?
ਇਸ ਸਬੰਧੀ ਆਪ੍ਰੇਸ਼ਨ ਥੀਏਟਰ ਵਿਚ ਤਾਇਨਾਤ ਕਰਮਚਾਰੀ ਸ਼ਾਮ ਲਾਲ ਨੇ ਦੱਸਿਆ ਕਿ ਹਸਪਤਾਲ ਵਿਚ ਕੁਝ ਸਮੇਂ ਤੋਂ ਡਾਕਟਰ ਆਪਣੇ ਨਾਲ ਪ੍ਰਾਈਵੇਟ ਲੋਕਾਂ ਨੂੰ ਰੱਖਦੇ ਸੀ ਅਤੇ ਇਸ ਦੀ ਜਾਣਕਾਰੀ ਮੈਂ ਸਮੇਂ-ਸਮੇਂ 'ਤੇ ਅਧਿਕਾਰੀਆਂ ਨੂੰ ਦਿੰਦਾ ਰਹਿੰਦਾ ਸੀ। ਅੱਜ ਵੀ ਐੱਸ. ਐੱਮ. ਓ. ਨੂੰ ਮੈਂ ਇਸ ਸਬੰਧੀ ਜਾਣਕਾਰੀ ਦਿੱਤੀ ਸੀ ਕਿ ਕੁਝ ਲੋਕ ਡਾ. ਬੱਬਰ ਅਤੇ ਡਾ. ਦੀਪਕ ਨਾਲ ਥੀਏਟਰ ਵਿਚ ਕੰਮ ਕਰ ਰਹੇ ਹਨ, ਜਿਸ ਕਾਰਣ ਐੱਸ. ਐੱਮ. ਓ. ਨੇ ਥੀਏਟਰ ਵਿਚ ਆ ਕੇ ਜਾਂਚ ਕੀਤੀ ਸੀ ਪਰ ਜਿਵੇਂ ਹੀ ਐੱਸ. ਐੱਮ. ਓ. ਥੀਏਟਰ ਪਹੁੰਚੇ ਤਾਂ ਡਾਕਟਰਾਂ ਅਤੇ ਐੱਸ. ਐੱਮ. ਓ. 'ਚ ਜੰਮ ਕੇ ਹੱਥੋਪਾਈ ਹੋਈ ਅਤੇ ਥੀਏਟਰ ਦਾ ਸਾਰਾ ਸਾਮਾਨ ਵੀ ਖਿੱਲਰ ਗਿਆ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਹੋਣ ਦੇ ਬਾਵਜੂਦ ਵੀ ਇਥੇ ਰੋਗੀਆਂ ਨੂੰ ਲੁੱਟਿਆ ਜਾ ਰਿਹਾ ਹੈ।

ਸਮਾਂ ਆਉਣ 'ਤੇ ਅਸੀਂ ਸਾਰੀ ਗੱਲ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਵਾਂਗੇ : ਡਾ. ਬੱਬਰ
ਇਸ ਸਬੰਧੀ ਡਾ. ਮਨਜੀਤ ਬੱਬਰ ਨੇ ਕਿਹਾ ਕਿ ਜਿਵੇਂ ਕਿ ਡਾ. ਵਿਜੇ ਕੁਮਾਰ ਐੱਸ. ਐੱਮ. ਓ. ਦੋਸ਼ ਲਾ ਰਹੇ ਹਨ ਅਜਿਹੀ ਕੋਈ ਵੀ ਗੱਲ ਨਹੀਂ ਹੈ। ਐੱਸ. ਐੱਮ. ਓ. ਦੇ ਆਪਣੇ ਕੁਝ ਵਿਅਕਤੀਗਤ ਸਵਾਰਥ ਹਨ ਜੋ ਅਸੀਂ ਪੂਰੇ ਨਹੀਂ ਕਰ ਪਾ ਰਹੇ, ਜਿਸ ਕਾਰਣ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਮਾਂ ਆਉਣ 'ਤੇ ਅਸੀਂ ਸਾਰੀ ਗੱਲ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਵਾਂਗੇ।

ਅਸੀਂ ਹਰ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ : ਡਾ. ਦੀਪਕ
ਹੱਡੀਆਂ ਦੇ ਡਾਕਟਰ ਦੀਪਕ ਕੁਮਾਰ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ 'ਤੇ ਲਾਏ ਗਏ ਦੋਸ਼ ਗਲਤ 'ਤੇ ਬੇਬੁਨਿਆਦ ਹਨ। ਕੁਝ ਸਮੇਂ ਤੋਂ ਐੱਸ. ਐੱਮ. ਓ. ਸਾਡੇ ਨਾਲ ਰੰਜਿਸ ਰੱਖੇ ਹੋਏ ਸੀ। ਅਸੀਂ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ।


Baljeet Kaur

Content Editor

Related News