ਬਾਬਾ ਮੁਰਾਦ ਸ਼ਾਹ ਜੀ ਦੇ ਮੇਲੇ ’ਚ ਗੁਰਦਾਸ ਮਾਨ ਨੇ ਬੰਨ੍ਹਿਆ ਰੰਗ

Saturday, Aug 25, 2018 - 05:05 AM (IST)

ਬਾਬਾ ਮੁਰਾਦ ਸ਼ਾਹ ਜੀ ਦੇ ਮੇਲੇ ’ਚ ਗੁਰਦਾਸ ਮਾਨ ਨੇ ਬੰਨ੍ਹਿਆ ਰੰਗ

ਨਕੋਦਰ, (ਪਾਲੀ)- ਮੁਰਾਦਾਂ ਤੇ ਰਹਿਮਤਾਂ ਦੇ ਮਾਲਕ ਬਾਬਾ ਮੁਰਾਦ ਸ਼ਾਹ ਜੀ ਦਾ 58ਵਾਂ ਮੇਲਾ ਅੱਜ ਸਿਖਰਾਂ ਨੂੰ ਛੂੰਹਦਾ ਹੋਇਆ ਸੰਪੰਨ ਹੋ ਗਿਆ। ਵਿਸ਼ਵ  ਪ੍ਰਸਿੱਧ ਦਰਬਾਰ ਬਾਬਾ ਮੁਰਾਦ ਸ਼ਾਹ ਨਕੋਦਰ ਵਿਖੇ 2 ਦਿਨਾ ਮੇਲਾ ਡੇਰਾ ਬਾਬਾ  ਮੁਰਾਦ ਸ਼ਾਹ ਟਰੱਸਟ ਦੇ ਚੇਅਰਮੈਨ ਤੇ ਪੰਜਾਬੀ ਗਾਇਕ ਗੁਰਦਾਸ ਮਾਨ, ਟਰੱਸਟ ਮੈਂਬਰ ਅਤੇ  ਇਲਾਕੇ ਦੀਆਂ ਸੰਗਤਾਂ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੇਲੇ  ’ਚ ਦੇਸ਼-ਵਿਦੇਸ਼ ਤੋਂ  ਵੱਡੀ ਗਿਣਤੀ ’ਚ ਪਹੁੰਚੀਆਂ ਸੰਗਤਾਂ ਨੇ ਦਰਬਾਰ ’ਤੇ ਨਤਮਸਤਕ ਹੋ ਕੇ ਮੁਰਾਦਾਂ ਮੰਗੀਆਂ।
ਦਰਬਾਰ ’ਤੇ  ਪਹਿਲੇ ਦਿਨ  ਵੀਰਵਾਰ  ਨੂੰ ਦੁਪਹਿਰੇ ਝੰਡਾ ਚੜ੍ਹਾਉਣ ਦੀ ਰਸਮ ਟਰੱਸਟ ਦੇ ਸਮੂਹ  ਮੈਂਬਰਾਂ, ਸੇਵਾਦਾਰਾਂ ਅਤੇ ਲੱਖਾਂ ਸੰਗਤਾਂ ਨੇ ਬਡ਼ੀ ਸ਼ਰਧਾ ਨਾਲ ਨਿਭਾਈ। ਉਪਰੰਤ ਰਾਤ  ਨੂੰ ਫਿਰ ਮਹਿਫਲੇ ਕੱਵਾਲੀ ’ਚ ਹਿੰਦੋਸਤਾਨ ਦੇ ਪ੍ਰਸਿੱਧ ਕੱਵਾਲ ਕਰਾਮਤ ਅਲੀ, ਸਰਦਾਰ  ਅਲੀ, ਉਮਰ ਦਰਾਜ਼ ਚਿਸ਼ਤੀ, ਹਮਸਰ ਹਿਆਤ, ਦਿਲਸ਼ਾਦ ਇਸ਼ਹਾਦ ਸਾਬਰੀ ਅਤੇ ਹੋਰ ਕੱਵਾਲਾਂ  ਨੇ ਸੰਗਤਾਂ ਨੂੰ ਕੱਵਾਲੀਆਂ ਰਾਹੀਂ ਦਾਤਾ ਜੀ ਦੇ ਚਰਨਾਂ ਨਾਲ ਜੋਡ਼ਿਆ। 
  ਅੱਜ ਦੂਜੇ ਦਿਨ ਸਵੇਰੇ ਖੁੱਲ੍ਹੇ ਪੰਡਾਲ ’ਚ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਹੋਈ,  ਜਿਸ ਵਿਚ ਨੀਲਮ ਸ਼ਰਮਾ, ਯੁਵਰਾਜ ਯੁਵੀ, ਖਾਨ ਸਾਬ੍ਹ, ਦਵਿੰਦਰ ਖੰਨੇਵਾਲਾ, ਮਾਸਟਰ ਸਲੀਮ,  ਸਰਦੂਲ ਸਿਕੰੰਦਰ ਆਦਿ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਫਿਰ ਜਦੋਂ ਪੰਜਾਬੀ ਗਾਇਕ  ਗੁਰਦਾਸ ਮਾਨ ਸਟੇਜ ’ਤੇ ਆਏ ਤਾਂ ਪੰਡਾਲ ’ਚ ਬੈਠੀਆਂ ਲੱਖਾਂ ਸੰਗਤਾਂ ਨੇ ਜ਼ੋਰਦਾਰ  ਤਾਡ਼ੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਗੁਰਦਾਸ ਮਾਨ ਨੇ ਆਪਣੇ ਗੁਰੂ ਤੇ ਮੁਰਸ਼ਦ ਨੂੰ  ਯਾਦ ਕਰਦਿਆਂ ‘ਮੋਰੀ ਰੱਖਿਓ ਲਾਜ ਗੁਰਦੇਵ ’ ਪੇਸ਼ ਕਰ ਕੇ ਬਾਬਾ  ਜੀ ਦੇ ਚਰਨਾਂ ’ਚ  ਸ਼ਰਧਾਂਜਲੀ ਭੇਟ ਕੀਤੀ। ਫਿਰ ‘ਤੈਨੂੰ ਮੰਗਣਾ ਨਾ ਆਏ ਤਾਂ ਫਕੀਰ ਕੀ ਕਰੇ’, ਫਿਰ ਆਪਣਾ ਸਦਾਬਹਾਰ ਗੀਤ ‘ਛੱਲਾ’, ‘ਲਾਲੀ ਮੇਰੀਆਂ ਅੱਖਾਂ ’ਚ ਰਡ਼ਕੇ’, ਕਿਹਡ਼ਾ-ਕਿਹਡ਼ਾ ਦੁੱਖ  ਦੱਸਾਂ ਮੈਂ ਪੰਜਾਬ ਦਾ’ ਆਦਿ ਤੋਂ ਇਲਾਵਾ ਨਵੇਂ-ਪੁਰਾਣੇ ਗੀਤ ਸੁਣਾ ਕੇ ਸੰਗਤਾਂ ਦਾ ਦਿਲ ਜਿੱਤ  ਲਿਆ। ਇਸ ਮੌਕੇ ਟਰੱਸਟ ਮੈਂਬਰਾਂ ਨੇ ਗੁਰਦਾਸ ਮਾਨ ਤੋਂ ਨੋਟਾਂ ਦੀ ਵਰਖਾ ਕੀਤੀ। ਦਰਬਾਰ ’ਤੇ ਚਾਦਰ ਚੜ੍ਹਾਉਣ ਦੀ ਰਸਮ ਉਪਰੰਤ ਇਹ ਮੇਲਾ  ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਸੰਗਤਾਂ ਲਈ ਦਰਬਾਰ ਦੇ ਹਰ ਰਸਤੇ  ’ਤੇ ਠੰਡੇ-ਮਿੱਠੇ ਜਲ, ਚਾਹ ਪਕੌਡ਼ੇ, ਫਰੂਟ ਆਦਿ ਵੱਖ-ਵੱਖ ਤਰ੍ਹਾਂ ਦੇ ਲੰਗਰਾਂ  ਦਾ ਪ੍ਰਬੰਧ ਕੀਤਾ ਗਿਆ ਸੀ। ਮੇਲੇ ਦੌਰਾਨ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ, ਪੁਲਸ ਤੇ  ਪ੍ਰਸ਼ਾਸਨਿਕ ਅਧਿਕਾਰੀਅਾਂ  ਤੋ ਇਲਾਵਾ ਅਤੇ ਸੰਤ ਮਹਾਪੁਰਸ਼ ਦਰਬਾਰ ’ਤੇ ਮੱਥਾ ਟੇਕਣ ਲਈ  ਵਿਸ਼ੇਸ਼ ਤੌਰ ’ਤੇ ਪਹੁੰਚੇ।
 


Related News