ਘਰ ਦੇ ਬਾਹਰ ਖੇਡ ਰਹੇ 6 ਸਾਲਾ ਬੱਚੇ ਨੂੰ ਸ਼ੱਕੀ ਔਰਤ ਵਲੋਂ ਚੁੱਕਣ ਦੀ ਕੋਸ਼ਿਸ਼, CCTV ’ਚ ਕੈਦ

11/24/2019 3:07:07 PM

ਗੁਰਾਇਆ (ਜ. ਬ.) - ਗੁਰਾਇਆ ਇਲਾਕੇ 'ਚ ਰੋਜ਼ਾਨਾ ਹੋ ਰਹੇ ਕ੍ਰਾਈਮ ਕਾਰਣ ਲੋਕਾਂ ’ਚ ਖਾਸੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਦੋ ਦਿਨ ਦੇ ਸਮੇਂ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਉਥੇ ਦਿਨ-ਦਿਹਾੜੇ ਗਲੀ 'ਚ ਖੇਡ ਰਹੇ ਬੱਚਿਆਂ ਨੂੰ ਚੁੱਕਣ ਵਾਲੀਆਂ ਦੋ ਔਰਤਾਂ ਬੱਚੇ ਦੀ ਹੁਸ਼ਿਆਰੀ ਕਾਰਨ ਵਾਰਦਾਤ ਨੂੰ ਅੰਜਾਮ ਦੇਣ ਵਿਚ ਅਸਫਲ ਰਹੀਆਂ, ਜਿਸ ਦੀ ਘਟਨਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ ਹੈ। ਜਾਣਕਾਰੀ ਮੁਤਾਬਕ ਦਾਣਾ ਮੰਡੀ ਕੋਲ ਸ਼ਾਮ 4.30 ਵਜੇ ਕੁਝ ਬੱਚੇ ਮੁਹੱਲੇ ’ਚ ਖੇਡ ਰਹੇ ਸਨ। ਸਾਰੇ ਬੱਚੇ ਜਦ ਘਰਾਂ ਨੂੰ ਚਲੇ ਗਏ ਤਾਂ ਇਕ 6 ਸਾਲ ਦਾ ਆਜਸ ਨਾਂ ਦਾ ਬੱਚਾ ਗਲੀ ਵਿਚ ਖੇਡ ਰਿਹਾ ਸੀ।

PunjabKesari

ਖਾਲੀ ਪਲਾਟ 'ਚੋਂ ਇਕ ਔਰਤ ਬੱਚੇ ਨੂੰ ਆਵਾਜ਼ ਦੇ ਕੇ ਆਪਣੇ ਕੋਲ ਬੁਲਾਉਣ ਲੱਗੀ ਪਰ ਬੱਚਾ ਸਮਝਦਾਰੀ ਦਿਖਾਉਂਦੇ ਹੋਏ ਉਸ ਪਲਾਟ 'ਚੋਂ ਭੱਜ ਨਿਕਲਿਆ ਅਤੇ ਆਪਣੇ ਘਰ ਦੇ ਗੇਟ ਵਿਚ ਦਾਖਲ ਹੋ ਗਿਆ। ਉਕਤ ਔਰਤ ਵੀ ਉਸ ਦੇ ਘਰ ਦੇ ਗੇਟ 'ਤੇ ਆ ਗਈ ਤੇ ਉਸ ਨੂੰ ਫਿਰ ਤੋਂ ਚੀਜ਼ ਦੇਣ ਦਾ ਲਾਲਚ ਦੇ ਕੇ ਆਵਾਜ਼ਾਂ ਮਾਰਦੀ ਰਹੀ ਪਰ ਉਸ ਨੇ ਆਪਣੀ ਮਾਂ ਰੇਨੂ ਦੇਵੀ ਨੂੰ ਸਾਰੀ ਜਾਣਕਾਰੀ ਦਿੱਤੀ ਕਿ ਕੋਈ ਔਰਤ ਉਸ ਨੂੰ ਆਵਾਜ਼ਾਂ ਮਾਰ ਕੇ ਕੋਲ ਬੁਲਾ ਰਹੀ ਹੈ, ਜਿਸ ਦੇ ਬਾਅਦ ਜਦ ਬੱਚੇ ਦੀ ਮਾਂ ਬਾਹਰ ਆਉਣ ਲੱਗੀ ਤਾਂ ਉਕਤ ਔਰਤ ਖੇਤਾਂ ਦੇ ਰਸਤੇ ਭੱਜ ਗਈ, ਜਿਸ ਕਾਰਣ ਮੁਹੱਲੇ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਮੁਹੱਲੇ ਵਿਚ ਰਹਿਣ ਵਾਲੇ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਆਪਣੇ ਘਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ, ਜਿਸ ਵਿਚ ਉਕਤ ਸਾਰੀ ਘਟਨਾ ਕੈਦ ਹੋ ਗਈ, ਜਿਸ ਦੀ ਸੂਚਨਾ ਉਨ੍ਹਾਂ ਨੇ ਗੁਰਾਇਆ ਪੁਲਸ ਨੂੰ ਦੇ ਦਿੱਤੀ ਪਰ ਗੁਰਾਇਆ ਪੁਲਸ ਦੀ ਕਾਰਗੁਜ਼ਾਰੀ ਇੰਨੀ ਲਾਪ੍ਰਵਾਹੀ ਵਾਲੀ ਹੈ ਕਿ ਜਾਣਕਾਰੀ ਦੇਣ ਦੇ ਬਾਵਜੂਦ ਕਰੀਬ 1.30 ਘੰਟੇ ਬਾਅਦ ਏ. ਐੱਸ. ਆਈ. ਹਰਭਜਨ ਸਿੰਘ ਅਤੇ ਇਕ ਹੋਰ ਪੁਲਸ ਮੁਲਾਜ਼ਮ ਮੌਕੇ 'ਤੇ ਆਏ। ਮੁਹੱਲਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਪੁਲਸ ਉਕਤ ਔਰਤਾਂ ਨੂੰ ਕਾਬੂ ਕਰ ਕੇ ਬਣਦੀ ਕਾਰਵਾਈ ਕਰੇ।
 


rajwinder kaur

Content Editor

Related News