ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ''ਤੇ ਗੁੰਡਾਗਰਦੀ ਕਰਨ ਦਾ ਦੋਸ਼
Monday, Aug 21, 2017 - 07:36 AM (IST)

ਸਮਾਣਾ (ਦਰਦ) - ਸ਼ਰਾਬ ਠੇਕੇਦਾਰਾਂ ਦੇ ਕਥਿਤ ਕਰਿੰਦਿਆਂ ਵੱਲੋਂ ਸਮਾਣਾ-ਭਵਾਨੀਗੜ੍ਹ ਰੋਡ 'ਤੇ ਪਟਿਆਲਾ ਕੋਟਸਪਿੰਨ ਅੱਗੇ ਇਕ ਬਾਈਕ ਸਵਾਰ ਨੌਜਵਾਨ ਨੂੰ ਗੱਡੀਆਂ ਦੀ ਫੇਟ ਮਾਰ ਕੇ ਗੁੰਡਾਗਰਦੀ ਕਰਦਿਆਂ ਡੇਗਣ ਤੇ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਬਾਈਕ ਸਣੇ ਗੱਡੀ ਵਿਚ ਲੱਦ ਕੇ ਸੀ. ਆਈ. ਏ. ਸਟਾਫ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰੋਹ ਵਿਚ ਆਏ ਸ਼ਿਵ ਸੈਨਾ ਬਾਲ ਠਾਕਰੇ ਦੇ ਵਰਕਰਾਂ ਨੇ ਸੂਬਾ ਜਨਰਲ ਸਕੱਤਰ ਪ੍ਰਵੀਨ ਸ਼ਰਮਾ ਦੀ ਅਗਵਾਈ ਹੇਠ ਹੋਰ ਲੋਕਾਂ ਨਾਲ ਮਿਲ ਕੇ ਸਮਾਣਾ-ਭਵਾਨੀਗੜ੍ਹ ਸੜਕ 'ਤੇ ਧਰਨਾ ਲਾਇਆ। ਪੁਲਸ ਪ੍ਰਸ਼ਾਸਨ ਅਤੇ ਠੇਕੇਦਾਰਾਂ ਖਿਲਾਫ ਡਟ ਕੇ ਨਾਅਰੇਬਾਜ਼ੀ ਕੀਤੀ। ਸੜਕ 'ਤੇ ਜਾਮ ਲੱਗਣ ਨਾਲ ਕਈ ਘੰਟਿਆਂ ਤੱਕ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਇਸ ਦੌਰਾਨ ਠੇਕੇਦਾਰਾਂ ਦੇ ਕਥਿਤ ਕਰਿੰਦਿਆਂ ਵੱਲੋਂ ਕਾਬੂ ਕਰ ਕੇ ਲਿਜਾਏ ਗਏ ਬਾਈਕ ਸਵਾਰ ਗੁਰਧਿਆਨ ਸਿੰਘ ਵਾਸੀ ਪਿੰਡ ਥੰਮਣ ਸਿੰਘ ਵਾਲਾ ਖਿਲਾਫ ਪੁਲਸ ਨੇ 20 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਦੀ ਸਮੱਗਲਿੰਗ ਕਰ ਕੇ ਲਿਜਾਣ ਦਾ ਮਾਮਲਾ ਦਰਜ ਕੀਤਾ ਹੈ। ਸੜਕ 'ਤੇ ਧਰਨਾ ਲਾ ਕੇ ਰਸਤਾ ਜਾਮ ਕਰਨ ਵਾਲੇ ਸ਼ਿਵ ਸੈਨਾ ਬਾਲ ਠਾਕਰੇ ਦੇ ਵਰਕਰਾਂ ਅਤੇ ਨੇੜਲੇ ਦੁਕਾਨਦਾਰਾਂ ਨੇ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਇਸ ਭਵਾਨੀਗੜ੍ਹ ਰੋਡ 'ਤੇ ਲਗਾਤਾਰ ਕੀਤੀ ਜਾ ਰਹੀ ਗੁੰਡਾਗਰਦੀ ਦੇ ਵਿਰੋਧ ਵਿਚ ਇਹ ਜਾਮ ਅਤੇ ਧਰਨਾ ਲਾਉਣਾ ਦੱਸਿਆ। ਉਨ੍ਹਾਂ ਦੱਸਿਆ ਕਿ ਬਗੈਰ ਪੁਲਸ ਸਿਰਫ ਕਰਿੰਦਿਆਂ ਵੱਲੋਂ ਇਸ ਸੜਕ ਤੋਂ ਲੰਘਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਤਲਾਸ਼ੀ ਲਈ ਜਾਂਦੀ ਹੈ। ਸ਼ੱਕ ਪੈਣ 'ਤੇ ਗੱਡੀਆਂ ਨੂੰ ਫੇਟ ਮਾਰ ਕੇ ਰੋਕਣ ਅਤੇ ਚਾਲਕਾਂ ਨਾਲ ਕੁੱਟਮਾਰ ਦੀਆਂ ਆਮ ਘਟਨਾਵਾਂ ਹਰ ਰੋਜ਼ ਹੋ ਰਹੀਆਂ ਹਨ। ਅਨੇਕਾਂ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਸ ਲਾਚਾਰ ਦਿਸਣ ਲੱਗੀ ਹੈ।
ਪਿਛਲੇ ਦਿਨੀਂ ਏ. ਡੀ. ਜੀ. ਪੀ. ਰੋਹਿਤ ਚੌਧਰੀ ਵੱਲੋਂ ਸਮਾਣਾ ਵਿਚ ਆਯੋਜਿਤ ਪੁਲਸ-ਪਬਲਿਕ ਮੀਟਿੰਗ ਦੌਰਾਨ ਕਾਂਗਰਸੀਆਂ ਸਣੇ ਹੋਰਨਾਂ ਲੋਕਾਂ ਵੱਲੋਂ ਵੀ ਠੇਕੇਦਾਰਾਂ ਅਤੇ ਉਨ੍ਹਾਂ ਦੇ ਕਰਿੰਦਿਆਂ ਵੱਲੋਂ ਸਮਾਣਾ ਵਿਚ ਕੀਤੀ ਜਾ ਰਹੀ ਗੁੰਡਾਗਰਦੀ ਅਤੇ ਅਜਿਹੇ ਮਾਮਲਿਆਂ 'ਚ ਗੱਡੀਆਂ ਨੂੰ ਮਾਰੀਆਂ ਫੇਟਾਂ ਉਪਰੰਤ ਵੱਖ-ਵੱਖ ਘਟਨਾਵਾਂ ਦੌਰਾਨ 2 ਵਿਅਕਤੀਆਂ ਦੀ ਮੌਤ ਦਾ ਮਾਮਲਾ ਵੀ ਉਠਾਇਆ ਸੀ। ਅਧਿਕਾਰੀਆਂ ਨੇ ਇਸ ਦਾ ਨਾ ਹੀ ਕੋਈ ਜਵਾਬ ਦਿੱਤਾ ਤੇ ਨਾ ਹੀ ਕੋਈ ਅਸਰ ਦਿਖਾਈ ਦੇ ਰਿਹਾ ਹੈ। ਲੋਕਾਂ ਨੇ ਕਥਿਤ ਕਰਿੰਦਿਆਂ ਵੱਲੋਂ ਗੱਡੀਆਂ ਨੂੰ ਰੋਕ ਕੇ ਕਾਗਜ਼ਾਤ ਦੀ ਜਾਂਚ ਕਰਨ ਅਤੇ ਵਾਹਨ ਚਾਲਕਾਂ ਤੋਂ ਪੈਸੇ ਬਟੋਰਨ ਦਾ ਵੀ ਦੋਸ਼ ਲਾਇਆ।
ਯੂ. ਪੀ. ਰੈਪਿਡ ਐਕਸ਼ਨ ਫੋਰਸ ਦੇ ਅਧਿਕਾਰੀ ਜਾਮ 'ਚ ਫਸੇ : ਧਰਨੇ ਦੌਰਾਨ ਉੱਤਰ ਪ੍ਰਦੇਸ਼ (ਯੂ. ਪੀ.) ਤੋਂ ਬਰਨਾਲਾ ਵੱਲ ਜਾ ਰਹੇ ਰੈਪਿਡ ਐਕਸ਼ਨ ਫੋਰਸ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਿਚ ਕਰੀਬ ਦਰਜਨਾਂ ਗੱਡੀਆਂ ਦਾ ਇਕ ਕਾਫਲਾ ਵੀ ਜਾਮ ਵਿਚ ਫਸ ਗਿਆ।
ਇਸ ਨੂੰ ਕੱਢਣ ਲਈ ਸ਼ਿਵ ਸੈਨਾ ਵਰਕਰਾਂ ਨੇ ਪੁਲਸ ਵੱਲੋਂ ਸਮਝਾਉਣ 'ਤੇ ਰਸਤਾ ਮੁਹੱਈਆ ਕਰਵਾਇਆ। ਧਰਨਾਕਾਰੀਆਂ ਦੇ ਸਵਾਲਾਂ ਦੇ ਜਵਾਬ ਦੇਣ ਵਿਚ ਪੁਲਸ ਅਧਿਕਾਰੀ ਵੀ ਲਾਚਾਰ ਦਿਸੇ। ਉਨ੍ਹਾਂ ਇਸ ਮਾਮਲੇ ਸਣੇ ਹੋਰ ਮਾਮਲਿਆਂ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਤੇ ਠੇਕੇਦਾਰਾਂ ਨਾਲ ਗੱਲਬਾਤ ਕਰਨ ਦਾ ਭਰੋਸਾ ਦੇ ਕੇ ਜਾਮ ਖੁਲ੍ਹਵਾਇਆ।