ਮਾਲਕ ਨੂੰ ਨਸ਼ੇ ਵਾਲੀ ਚੀਜ਼ ਖੁਅਾ ਕੇ ਨੌਕਰ ਗਹਿਣੇ ਤੇ 5 ਲੱਖ ਦੀ ਨਕਦੀ ਲੈ ਕੇ ਫਰਾਰ

Wednesday, Jul 18, 2018 - 05:46 AM (IST)

ਮਾਲਕ ਨੂੰ ਨਸ਼ੇ ਵਾਲੀ ਚੀਜ਼ ਖੁਅਾ ਕੇ ਨੌਕਰ ਗਹਿਣੇ ਤੇ 5 ਲੱਖ ਦੀ ਨਕਦੀ ਲੈ ਕੇ ਫਰਾਰ

ਜਲੰਧਰ, (ਸੁਧੀਰ)- ਗੁਲਾਬ ਦੇਵੀ ਰੋਡ ਕੋਲ ਪੈਂਦੀ ਜੈਨ ਕਾਲੋਨੀ ਵਿਚ ਇਕ ਨੇਪਾਲੀ ਨੌਕਰ ਕੋਠੀ ਦੇ ਮਾਲਕ ਨੂੰ ਨਸ਼ੇ ਵਾਲੀ ਚੀਜ਼ ਖੁਆ ਕੇ ਕੋਠੀ ਵਿਚੋਂ ਲੱਖਾਂ ਦੇ ਸੋਨੇ ਦੇ ਗਹਿਣੇ, 5 ਲੱਖ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਿਆ। ਘਟਨਾ  ਦਾ ਖੁਲਾਸਾ   ਉਸ ਸਮੇਂ ਹੋਇਆ ਜਦੋਂ ਬੇਟਾ ਘਰ ਪਰਤਿਆ ਤਾਂ ਉਸ ਨੇ ਆਪਣੇ ਪਿਤਾ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ ਤੇ ਅਲਮਾਰੀਅਾਂ ਦੇ ਤਾਲੇ ਟੁੱਟੇ ਵੇਖ  ਕੇ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ। ਏ. ਸੀ. ਪੀ. ਸੈਂਟਰਲ ਦਲਬੀਰ ਸਿੰਘ  ਬੁੱਟਰ ਤੇ ਥਾਣਾ ਨੰ. 2  ਦੇ ਇੰਚਾਰਜ ਮਨਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਰਾਜੂ ਨਾਂ ਦਾ ਨੌਕਰ ਕੰਮ ਕਰਦਾ ਸੀ।
ਰਾਜੂ ਨੇ ਦੱਸਿਆ ਕਿ ਉਸ ਦੀ ਮਾਂ  ਬੀਮਾਰ ਹੈ, ਇਸ ਲਈ ਉਸ ਨੇ ਵਾਪਸ ਨੇਪਾਲ ਜਾਣਾ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੀ ਥਾਂ ’ਤੇ ਦੂਜਾ ਨੌਕਰ ਰੱਖਵਾ ਦੇਵੇਗਾ, ਜਿਸ ਤੋਂ ਬਾਅਦ ਉਸ ਨੇ ਆਪਣੀ ਰਿਸ਼ਤੇਦਾਰੀ ਵਿਚ ਸਾਲਾ ਲੱਗਦੇ ਕ੍ਰਿਸ਼ਨਾ ਨਾਂ ਦੇ ਨੇਪਾਲੀ ਨੌਕਰ ਨੂੰ ਕੰਮ ’ਤੇ ਰਖਵਾ ਦਿੱਤਾ। ਅਰਪਨ ਜੈਨ ਨੇ ਦੱਸਿਆ ਕਿ ਉਹ ਕਿਤੇ ਬਾਹਰ ਗਿਆ ਹੋਇਆ ਸੀ, ਜਦੋਂ ਸ਼ਾਮ ਸਾਢੇ 6 ਵਜੇ ਦੇ ਕਰੀਬ ਵਾਪਸ  ਆਇਆ ਤਾਂ  ਉਸ੍ਨ ਨੇ ਦੇਖਿਆ ਕਿ  ਪਿਤਾ  ਬੇਹੋਸ਼  ਸਨ  ਤੇ  ਘਰ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਅਲਮਾਰੀਅਾਂ ਦੇ ਤਾਲੇ ਟੁੱਟੇ ਹੋਏ ਸਨ ਤੇ ਘਰ ਵਿਚੋਂ ਲੱਖਾਂ ਦੇ ਗਹਿਣੇ, 5 ਲੱਖ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਗਾਇਬ ਸੀ।
ਘਟਨਾ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ  ਕੇ ਫਰਾਰ ਨੇਪਾਲੀ ਨੌਕਰ ਕ੍ਰਿਸ਼ਨਾ ਦੀ ਟਾਵਰ ਲੁਕੇਸ਼ਨ ਕਢਵਾਈ ਤਾਂ ਪੁਲਸ ਨੂੰ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਚ ਸਥਿਤ ਇਕ ਘਰ ਵਿਚ ਉਸ ਦੀ ਲੁਕੇਸ਼ਨ ਮਿਲੀ। ਜਦੋਂ ਪੁਲਸ ਨੇ ਉਥੇ ਛਾਪਾ ਮਾਰਿਆ ਤਾਂ ਪੁਲਸ  ਨੂੰ ਕ੍ਰਿਸ਼ਨਾ  ਤਾਂ ਨਹੀਂ ਮਿਲਿਆ ਪਰ ਪੁਲਸ ਜਾਂਚ ਵਿਚ ਪਤਾ ਲੱਗਾ ਕਿ ਕਰੀਬ ਡੇਢ ਮਹੀਨਾ ਪਹਿਲਾਂ ਹੀ ਉਹ ਨੇਪਾਲ ਤੋਂ ਜਲੰਧਰ ਆਇਆ ਸੀ। ਉਹ ਇਥੇ ਵੇਟਰ ਦਾ ਕੰਮ ਕਰਦਾ ਸੀ। ਰਾਜੂ ਦੇ ਪਿੰਡ ਜਾਣ ਤੋਂ ਬਾਅਦ ਉਸ ਨੇ  ਕ੍ਰਿਸ਼ਨਾ ਨੂੰ ਕੋਠੀ ਵਿਚ ਕੰਮ ’ਤੇ ਰਖਵਾ ਦਿੱਤਾ। ਪੁਲਸ ਨੇ ਕ੍ਰਿਸ਼ਨਾ ਦੇ ਦੋ ਸਾਥੀਅਾਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕ੍ਰਿਸ਼ਨਾ ਨੂੰ ਕਮਰਾ ਕਿਰਾਏ ’ਤੇ ਲੈ ਕੇ ਦਿੱਤਾ ਸੀ ਤੇ ਚੋਰੀ ਦੀ ਘਟਨਾ ਨੂੰ  ਅੰਜਾਮ ਦੇਣ ਤੋਂ ਬਾਅਦ ਕ੍ਰਿਸ਼ਨਾ ਨੇ ਉਨ੍ਹਾਂ ਨੂੰ 5-5 ਹਜ਼ਾਰ ਰੁਪਏ ਦਿੱਤੇ ਸਨ, ਜੋ ਉਨ੍ਹਾਂ   ਨੇ ਖਰਚ ਕਰ ਲਏ। ਪੁਲਸ ਨੇ ਫੜੇ ਗਏ ਲੋਕਾਂ ਕੋਲੋਂ ਇਕ ਲਾਲ ਰੰਗ ਦਾ ਬੈਗ ਜਿਸ ਵਿਚੋਂ ਪਲਾਸਟਿਕ ਦੀਅਾਂ ਡੱਬੀਅਾਂ, ਜਿਊਲਰੀ ਬਾਕਸ, ਆਰਟੀਫੀਸ਼ੀਅਲ ਜਿਊਲਰੀ ਤੇ ਡੀ. ਵੀ. ਆਰ. ਬਰਾਮਦ ਕਰ ਲਿਆ। 
ਥਾਣਾ ਇੰਚਾਰਜ ਨੇ ਦੱਸਿਆ ਕਿ ਫੜੇ ਗਏ ਸਾਗਰ ਉਰਫ ਬੋਹਰਾ ਵਾਸੀ ਨੇਪਾਲ ਹਾਲ ਆਰ. ਕੇ.  ਢਾਬਾ ਵਾਲੀ ਗਲੀ ਤੇ ਨਰਿੰਦਰ ਭੰਡਾਰੀ ਵਾਸੀ ਨੇਪਾਲ ਹਾਲ ਵਾਸੀ ਤੇਜ ਮੋਹਨ ਨਗਰ ਨੇ ਦੱਸਿਆ ਕਿ ਚੋਰੀ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਕ੍ਰਿਸ਼ਨਾ ਨੇਪਾਲੀ ਕੋਲ ਹੈ, ਜਿਸ ਦੀ ਭਾਲ ਵਿਚ ਪੁਲਸ ਛਾਪੇ ਮਾਰ  ਰਹੀ ਹੈ, ਜਦੋਂਕਿ ਦੂਜੇ ਪਾਸੇ ਪੁਲਸ ਕਮਿਸ਼ਨਰ ਪ੍ਰਵੀਨ ਸਿਨ੍ਹਾ ਵੀ ਨੇਪਾਲ  ਪੁਲਸ ਨਾਲ ਸੰਪਰਕ ਕਰ ਰਹੇ ਹਨ। 


Related News