14 ਮਹੀਨਿਆਂ ਤੋਂ ਭਾਲ ’ਚ ਜੁਟੀ ਹੋਈ ਸੀ GRP, ਸਮੱਗਲਿੰਗ ਮਾਮਲੇ ’ਚ ਮੁੱਖ ਸਰਗਣਾ ਕਾਬੂ
Wednesday, Apr 16, 2025 - 12:39 AM (IST)

ਲੁਧਿਆਣਾ (ਗੌਤਮ) - ਜੀ. ਆਰ. ਪੀ. ਦੇ ਸੀ. ਆਈ. ਏ. ਵਿੰਗ ਵਲੋਂ ਅਫੀਮ ਸਮੱਗਲਿੰਗ ਮਾਮਲੇ ’ਚ ਲੋੜੀਂਦੇ ਇਕ ਮੁਲਜ਼ਮ ਨੂੰ ਜਲੰਧਰ ਸਪੈਸ਼ਲ ਸੈੱਲ ਦੀ ਟੀਮ ਨੇ ਅੱਧਾ ਕਿਲੋ ਅਫੀਮ ਸਮੇਤ ਕਾਬੂ ਕਰ ਲਿਆ। ਮੁਲਜ਼ਮ ਝਾਰਖੰਡ ਤੋਂ 15 ਕਿਲੋ ਅਫੀਮ ਸਪਲਾਈ ਕਰਨ ਸਬੰਧੀ ਇਕ ਮਾਮਲੇ ’ਚ ਪਿਛਲੇ 14 ਮਹੀਨਿਆਂ ਤੋਂ ਲੋੜੀਂਦਾ ਸੀ।
ਪੁਲਸ ਨੇ ਮੁਲਜ਼ਮ ਦੀ ਪਛਾਣ ਝਾਰਖੰਡ ਦੇ ਜ਼ਿਲਾ ਖੁੰਟੀ ਦੇ ਰਹਿਣ ਵਾਲੇ ਗੁਰਦਿਆਲ ਸਿੰਘ ਮੁੰਡਾ ਵਜੋਂ ਕੀਤੀ ਹੈ। ਪੁਲਸ ਨੇ ਮੁਲਜ਼ਮ ਨੂੰ ਕਪੂਰਥਲਾ ਮਾਡਰਨ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਹੈ, ਜਿਸ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ।
ਇੰਸ. ਜੀਵਨ ਸਿੰਘ ਨੇ ਦੱਸਿਆ ਕਿ ਜੀ. ਆਰ. ਪੀ. ਦੇ ਸੀ. ਆਈ. ਏ. ਵਿੰਗ ਵਲੋਂ 20 ਫਰਵਰੀ 2024 ਨੂੰ ਇਕ ਨਸ਼ਾ ਸਮੱਗਲਰ ਚੀਰੂ ਨੂੰ ਕਾਬੂ ਕੀਤਾ ਸੀ, ਜਿਸ ਤੋਂ ਪੁਲਸ ਨੇ 15 ਕਿਲੋ ਅਫੀਮ ਬਰਾਮਦ ਕੀਤੀ ਸੀ। ਪੁਲਸ ਨੂੰ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਸੀ ਕਿ ਉਸ ਨੂੰ ਝਾਰਖੰਡ ਤੋਂ ਕਿਸੇ ਵਿਅਕਤੀ ਨੇ ਅਫੀਮ ਦੀ ਸਪਲਾਈ ਕਰਨ ਲਈ ਭੇਜਿਆ ਸੀ।
ਪੁਲਸ ਨੇ ਜਾਂਚ ਤੋਂ ਬਾਅਦ ਮੁਲਜ਼ਮ ਗੁਰਦਿਆਲ ਨੂੰ ਵੀ ਮਾਮਲੇ ’ਚ ਨਾਮਜ਼ਦ ਕੀਤਾ ਸੀ। ਇਸ ਦੌਰਾਨ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਨੇ 3 ਹੋਰ ਮੁਲਜ਼ਮਾਂ ਬਲਵਿੰਦਰ, ਕੁਲਦੀਪ ਅਤੇ ਹਰਮਿੰਦਰ ਨੂੰ ਕਾਬੂ ਕਰ ਲਿਆ ਸੀ, ਜਦੋਂਕਿ ਗਿਰੋਹ ਦਾ ਮੁੱਖ ਸਰਗਣਾ ਗੁਰਦਿਆਲ ਸਿੰਘ ਪੁਲਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਸੀ। ਹਾਲਾਂਕਿ ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰਨ ਲਈ ਕਈ ਵਾਰ ਛਾਪਾ ਵੀ ਮਾਰਿਆ ਪਰ ਮੁਲਜ਼ਮ ਪੁਲਸ ਤੋਂ ਬਚਦਾ ਰਿਹਾ। ਕੁਝ ਦਿਨ ਪਹਿਲਾਂ ਮੁਲਜ਼ਮ ਨੂੰ ਜਲੰਧਰ ਸਪੈਸ਼ਲ ਸੈੱਲ ਦੀ ਟੀਮ ਨੇ ਅੱਧਾ ਕਿਲੋ ਅਫੀਮ ਸਮੇਤ ਕਾਬੂ ਕਰ ਲਿਆ।
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਅਫੀਮ ਦੀ ਸਪਲਾਈ ਕਰਦਾ ਸੀ, ਜਿਸ ਦੇ ਲਈ ਉਹ ਆਸ-ਪਾਸ ਦੇ ਇਲਾਕਿਆਂ ਤੋਂ ਲੋੜਵੰਦ ਲੋਕ ਜੋ ਕਿ ਆਰਥਿਕ ਤੌਰ ’ਤੇ ਪੱਛੜੇ ਹੁੰਦੇ ਹਨ, ਉਨ੍ਹਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਸਪਲਾਈ ਲਈ ਭੇਜਦਾ ਸੀ।
ਪੁਲਸ ਦਾ ਦਾਅਵਾ ਹੈ ਕਿ ਮੁੱਖ ਮੁਲਜ਼ਮ ਨੂੰ ਕਾਬੂ ਕਰਨ ਤੋਂ ਬਾਅਦ ਨਸ਼ਾ ਸਪਲਾਈ ਕਰਨ ਵਾਲੀ ਇਕ ਚੇਨ ਖਤਮ ਕੀਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕਰ ਕੇ ਉਸ ਦੇ ਹੋਰਨਾਂ ਸੰਪਰਕਾਂ ਬਾਰੇ ਪਤਾ ਲਗਾਇਆ ਜਾਵੇਗਾ ਅਤੇ ਉਸ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਸਬੰਧੀ ਪਤਾ ਲਗਾਇਆ ਜਾਵੇਗਾ। ਮੁਲਜ਼ਮ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।